
ਮਾਲੇਰਕੋਟਲਾ ਹਾਊਸ ਵਲੋਂ ਸਥਾਨਕ ਵਿਧਾਇਕਾ ਤੇ ਕੈਬਨਿਟ ਮੰਤਰੀ ਪੰਜਾਬ ਰਜ਼ੀਆ ਸੁਲਤਾਨਾਂ ਦੀ ਸਰਪ੍ਰਸਤੀ ਹੇਠ ਮਾਲੇਰਕੋਟਲਾ ਸਬ ਡਵੀਜ਼ਨ ਦੇ ਨਾਲ ਸਬੰਧਤ.............
ਮਾਲੇਰਕੋਟਲਾ : ਮਾਲੇਰਕੋਟਲਾ ਹਾਊਸ ਵਲੋਂ ਸਥਾਨਕ ਵਿਧਾਇਕਾ ਤੇ ਕੈਬਨਿਟ ਮੰਤਰੀ ਪੰਜਾਬ ਰਜ਼ੀਆ ਸੁਲਤਾਨਾਂ ਦੀ ਸਰਪ੍ਰਸਤੀ ਹੇਠ ਮਾਲੇਰਕੋਟਲਾ ਸਬ ਡਵੀਜ਼ਨ ਦੇ ਨਾਲ ਸਬੰਧਤ ਪੈਨਸ਼ਨਰਾਂ ਨੂੰ ਈਦ ਉਲ ਅਜ਼ਹਾ ਦੇ ਤਿਉਹਾਰ ਨੂੰ ਸਾਹਮਣੇ ਰਖਦਿਆਂ ਲੋਕਾਂ ਨੂੰ ਪੰਜਾਬ ਵਕਫ਼ ਬੋਰਡ ਵਲੋਂ ਲਾਭ ਦੇਣ ਲਈ ਲੱਗੀਆਂ ਪੈਨਸ਼ਨਾਂ ਦੀ ਵੰਡ ਇਥੇ ਇਕ ਕੈਂਪ ਰਾਹੀਂ ਸਥਾਨਕ ਇਸਲਾਮੀਆ ਗਰਲਜ਼ ਸੀ.ਸੈ. ਸਕੂਲ ਵਿਖੇ ਕੀਤੀ ਗਈ। ਇਸ ਮੌਕੇ ਸਥਾਨਕ ਵਿਧਾਇਕਾਂ ਤੇ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਲੇਰਕੋਟਲਾ ਦੇ ਵਿਕਾਸ ਲਈ ਕਰੋੜਾਂ ਰੁਪਏ ਪਵਾ ਕੇ ਇਲਾਕੇ ਦੇ ਲੋਕਾਂ 'ਤੇ ਕੋਈ ਅਹਿਸਾਨ ਨਹੀਂ ਕੀਤਾ
ਗਿਆ ਸਗੋਂ ਉਨ੍ਹਾਂ ਵਲੋਂ ਲਗਾਈ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਹਾਊਸ ਵਲੋਂ ਜਲਦ ਹੀ ਹਲਕੇ 'ਚ ਮਲਟੀਪਰਪਜ਼ ਕੈਪਾਂ ਰਾਹੀਂ ਇਲਾਕੇ ਦੇ ਲੋਕਾਂ ਨੂੰ ਸਰਕਾਰ ਵਲੋਂ ਦਿਤੀਆਂ ਜਾ ਰਹੀਆਂ ਸੇਵਾਵਾਂ ਲਈ ਜ਼ਰੂਰੀ ਕਾਰਵਾਈ ਵਾਸਤੇ ਕੈਂਪ ਲਗਾਏ ਜਾਣਗੇ, ਜਿਸ ਵਿਚ ਨੀਲੇ ਕਾਰਡ, ਨਵੀਆਂ ਪੈਨਸ਼ਨ ਲਈ ਫ਼ਾਰਮ ਆਦਿ ਭਰੇ ਜਾਣਗੇ। ਇਸ ਤੋਂ ਪਹਿਲਾਂ ਰਜ਼ੀਆ ਸੁਲਤਾਨਾ ਦਾ ਸਵਾਗਤ ਕਰਦਿਆਂ ਪੰਜਾਬ ਵਕਫ਼ ਬੋਰਡ ਦੇ ਸੀਈਓ ਜਨਾਬ ਲਤੀਫ਼ ਅਹਿਮਦ ਥਿੰਦ (ਪੀ.ਸੀ.ਐਸ.) ਨੇ ਕਿਹਾ ਕਿ ਮੈਡਮ ਦੀ ਸਰਪ੍ਰਸਤੀ ਅਤੇ ਚੇਅਰਮੈਨ ਜਨਾਬ ਜੂਨੇਦ ਰਜ਼ਾ ਖਾਨ ਦੀ ਅਗਵਾਈ ਹੇਠ ਪੰਜਾਬ ਵਕਫ਼
ਬੋਰਡ ਵਲੋਂ ਜ਼ਰੂਰਤਮੰਦ ਲੋਕਾਂ ਲਈ ਪੈਨਸ਼ਨਾਂ ਰਾਹੀਂ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਲਈ ਹਜ਼ਰਤ ਹਲੀਮਾ ਹਸਪਤਾਲ 'ਚ ਬਹੁਤ ਘੱਟ ਖ਼ਰਚੇ 'ਤੇ ਲੋਕਾਂ ਲਈ ਬਿਹਤਰ ਇਲਾਜ ਦਾ ਇੰਤਜ਼ਾਮ ਹੈ ਜਿਥੇ ਕੋਈ ਵੀ ਵਿਅਕਤੀ ਅਪਣਾ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੀਆਂ ਪੈਨਸ਼ਨਾਂ ਪਹਿਲਾਂ ਕੱਟ ਗਈਆਂ ਸਨ, ਉਨ੍ਹਾਂ ਨੂੰ ਪੜਤਾਲ ਤੋਂ ਬਾਅਦ ਫਿਰ ਸ਼ੁਰੂ ਕਰਵਾ ਦਿਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਨਿੱਜੀ ਸਕੱਤਰ ਮੁਹੰਮਦ ਤਾਰਿਕ ਨੇ ਦਸਿਆ ਕਿ ਅੱਜ ਵਿਧਵਾ ਅਤੇ ਅੰਗਹੀਣ ਲਾਭਪਾਤਰੀਆਂ ਲਈ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿਚ
ਮਾਲੇਰਕੋਟਲਾ ਨਾਲ ਸਬੰਧਤ ਲਗਭਗ 3029 ਪੈਨਸ਼ਨਰਾਂ ਨੂੰ ਲੱਗੀ ਪੈਨਸ਼ਨ ਦੇ ਕਰੀਬ 36.35 ਲੱਖ ਰੁਪਏ ਦੇ ਚੈੱਕ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵਲੋਂ ਲਾਭਪਾਤਰੀਆਂ ਨੂੰ ਭੇਂਟ ਕੀਤੇ ਗਏ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਜਨਾਬ ਇਕਬਾਲ ਫੌਜੀ, ਮਹਿੰਦਰ ਸਿੰਘ ਪਰੂਥੀ, ਆੜ੍ਹਤੀ ਇਕਬਾਲ ਲਾਲਾ, ਇਸਲਾਮੀਆ ਗਰਲਜ਼ ਕਾਲਜ ਦੇ ਮੈਨੇਜਰ ਅੱਬਾਸ ਧਾਲੀਵਾਲ, ਐਡਵੋਕੇਟ ਮੁਹੰਮਦ ਇਯਾਜ਼ ਮੈਨੇਜਰ ਇਸਲਾਮੀਆ ਗਰਲਜ਼ ਸਕੂਲ,
ਹੱਜ ਕਮੇਟੀ ਦੇ ਚੈਅਰਮੇਨ ਅਬਦੁਲ ਰਸ਼ੀਦ ਖਿਲਜ਼ੀ, ਵਕਫ਼ ਬੋਰਡ ਦੇ ਮੈਂਬਰ ਐਡਵੋਕੇਟ ਇਜਾਜ ਆਲਮ, ਸਥਾਨਕ ਵਕਫ ਬੋਰਡ ਦੇ ਈਓ ਮੁਹੰਮਦ ਯਾਕੂਬ, ਕੌਂਸਲਰ ਫਾਰੂਕ ਅਨਸਾਰੀ ਸਕੱਤਰ ਪੰਜਾਬ ਯੂਥ ਕਾਂਗਰਸ, ਜਗਦੀਸ਼ ਕੁਮਾਰ ਜੱਗੀ ਸਾਬਕਾ ਕੌਂਸਲਰ, ਕੌਂਸਲਰ ਹਬੀਬ, ਮੁਹੰਮਦ ਆਸਿਫ਼ ਰਾਣਾ, ਅਬਦੁਰ ਸ਼ਕੂਰ ਕਿਲਾ, ਹਨੀਫ਼ ਅਬਦਾਲੀ, ਅਨਵਰ ਅੱਬੂ, ਅਨਵਾਰ ਮਹਿਬੂਬ ਆਦਿ ਮੌਜੂਦ ਸਨ।