
ਦੋ ਵਾਰ ਦਿਤੇ ਚੈੱਕ ਵੀ ਹੋਏ ਬਾਊਂਸ
ਚੰਡੀਗੜ੍ਹ: ਖੰਨਾ 'ਚ ਮੁਹਾਲੀ ਦੇ ਟਰੈਵਲ ਏਜੰਟ, ਪਤਨੀ, ਪੁੱਤਰ ਅਤੇ ਨੂੰਹ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ’ਤੇ ਅਪਣੀ ਕੰਪਨੀ ਰਾਹੀਂ 3 ਪ੍ਰਵਾਰਾਂ ਨੂੰ ਕੈਨੇਡਾ ਭੇਜਣ ਦੇ ਨਾਂਅ 'ਤੇ 36 ਲੱਖ ਰੁਪਏ ਠੱਗਣ ਦਾ ਇਲਜ਼ਾਮ ਹੈ। ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪਿੰਡ ਕਿਸ਼ਨਗੜ੍ਹ ਦੇ ਵਸਨੀਕ ਅਵਤਾਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਸੰਜੇ ਸਿੰਘ, ਉਸ ਦੀ ਪਤਨੀ ਅਰਪਨਾ ਸੰਗੋਤਰਾ, ਪੁੱਤਰ ਕੁਨਾਲ ਨਾਗਪਾਲ ਅਤੇ ਕੁਨਾਲ ਦੀ ਪਤਨੀ ਸ਼੍ਰੇਆ ਨਾਗਪਾਲ ਵਿਰੁਧ ਥਾਣਾ ਸਿਟੀ 2 ਵਿਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਵਿਲਾ ਨੰਬਰ 45 ਸੈਕਟਰ-106 ਐਮਆਰ ਐਮਜੀਐਫ ਮੁਹਾਲੀ ਦੇ ਵਸਨੀਕ ਹਨ। ਫਿਲਹਾਲ ਇਨ੍ਹਾਂ ਵਿਚੋਂ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਵਲੋਂ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਕਲੀ ENO ਵੇਚਣ ਵਾਲੇ ਦੁਕਾਨਦਾਰ ਵਿਰੁਧ ਮਾਮਲਾ ਦਰਜ
ਮਿਲੀ ਜਾਣਕਾਰੀ ਅਨੁਸਾਰ ਅਵਤਾਰ ਸਿੰਘ ਦੇ ਦੋਸਤ ਜਗਤ ਸਿੰਘ ਵਾਸੀ ਮੋਹਨਪੁਰ ਨੇ ਮੁਲਜ਼ਮਾਂ ਨਾਲ ਉਸ ਦੀ ਜਾਣ-ਪਛਾਣ ਕਰਵਾਈ ਸੀ ਅਤੇ ਦਸਿਆ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਅਵਤਾਰ ਸਿੰਘ ਨੇ ਅਪਣੇ ਪ੍ਰਵਾਰ ਸਮੇਤ ਕੈਨੇਡਾ ਜਾਣ ਦੀ ਇੱਛਾ ਪ੍ਰਗਟਾਈ। ਇਸ ਦੇ ਬਦਲੇ ਕੰਪਨੀ ਵਲੋਂ 18 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਦੂਜੇ ਵਿਅਕਤੀ ਬੂਟਾ ਸਿੰਘ ਦੇ ਪ੍ਰਵਾਰ ਕੋਲੋਂ 12 ਲੱਖ ਰੁਪਏ ਦੀ ਮੰਗ ਕੀਤੀ ਗਈ। ਤੀਜੇ ਪੀੜਤ ਸੁਖਜੀਤ ਸਿੰਘ ਕੋਲੋਂ 6 ਲੱਖ ਰੁਪਏ ਦੀ ਮੰਗ ਕੀਤੀ ਗਈ। ਅਵਤਾਰ ਸਿੰਘ ਨੇ ਨਵੰਬਰ 2020 ਵਿਚ 18 ਲੱਖ ਰੁਪਏ ਦੇ 4 ਚੈੱਕ ਦਿਤੇ। ਸੁਖਜੀਤ ਸਿੰਘ ਨੇ 1 ਲੱਖ ਰੁਪਏ ਨਕਦ ਅਤੇ 5 ਲੱਖ ਰੁਪਏ ਚੈੱਕ ਰਾਹੀਂ ਦਿਤੇ। ਸੁਖਜੀਤ ਸਿੰਘ ਨੇ 6 ਲੱਖ ਰੁਪਏ ਅਤੇ ਬੂਟਾ ਸਿੰਘ ਨੇ 12 ਲੱਖ ਰੁਪਏ 2 ਚੈੱਕਾਂ ਰਾਹੀਂ ਦਿਤੇ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਰੇਲਵੇ ਇੰਜੀਨੀਅਰ ਨੂੰ 15,000 ਦੀ ਰਿਸ਼ਵਤ ਲੈਂਦਿਆਂ ਕੀਤਾ ਕਾਬੂ
ਕਾਫੀ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਮੁਲਜ਼ਮ ਕਿਸੇ ਨੂੰ ਵਿਦੇਸ਼ ਨਹੀਂ ਭੇਜ ਸਕੇ। ਅਖੀਰ ਮੁਲਜ਼ਮਾਂ ਨੇ ਅਵਤਾਰ ਸਿੰਘ ਨੂੰ 18 ਲੱਖ ਅਤੇ 2 ਲੱਖ 40 ਹਜ਼ਾਰ ਰੁਪਏ ਦੇ ਦੋ ਚੈੱਕ ਵਿਆਜ ਵਜੋਂ ਦੇ ਦਿਤੇ। ਬੂਟਾ ਸਿੰਘ ਨੂੰ 12 ਲੱਖ ਰੁਪਏ ਅਤੇ ਸੁਖਜੀਤ ਸਿੰਘ ਨੂੰ 6 ਲੱਖ ਰੁਪਏ ਦੇ ਚੈੱਕ ਜਾਰੀ ਕੀਤੇ ਗਏ। ਖਾਤੇ ਵਿਚ ਪੈਸੇ ਨਾ ਹੋਣ ਕਾਰਨ ਇਹ ਚੈੱਕ ਬੈਂਕ ਵਿੱਚ ਜਮ੍ਹਾ ਹੋਣ ’ਤੇ ਬਾਊਂਸ ਹੋ ਗਏ। ਇਸ ਸਬੰਧੀ 20 ਮਈ 2023 ਨੂੰ ਐਸਐਸਪੀ ਖੰਨਾ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਈਓ ਵਿੰਗ ਨੇ ਜਾਂਚ ਸ਼ੁਰੂ ਕਰ ਦਿਤੀ ਸੀ। 17 ਜੂਨ 2023 ਨੂੰ ਇਕ ਸਮਝੌਤਾ ਹੋਇਆ ਕਿ ਮੁਲਜ਼ਮ ਹਰ ਕਿਸੇ ਨੂੰ ਬਕਾਇਆ ਰਕਮ ਦੇਣ ਲਈ ਪਾਬੰਦ ਹੋਵੇਗਾ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਨੇ ਦਿੱਲੀ-ਮੇਰਠ ਆਰ.ਆਰ.ਟੀ.ਐੱਸ. ਸੇਵਾ ਦੀ ਪਹਿਲੀ ਰੇਲ ਗੱਡੀ ਨੂੰ ਹਰੀ ਝੰਡੀ ਵਿਖਾਈ
ਇਸ ਲਈ ਸਮਾਂ ਵੀ ਤੈਅ ਕੀਤਾ ਗਿਆ ਸੀ। ਇਸ ਵਾਰ ਵੀ ਦਿਤੇ ਗਏ ਚੈੱਕ ਬਾਊਂਸ ਹੋ ਗਏ। ਅਵਤਾਰ ਸਿੰਘ ਦੇ ਖਾਤੇ ਵਿਚ ਸਿਰਫ਼ ਇਕ ਲੱਖ ਰੁਪਏ ਟਰਾਂਸਫਰ ਹੋਏ ਸਨ। ਬਾਕੀ ਰਕਮ ਨਹੀਂ ਆਈ। ਮਾਮਲੇ ਸਬੰਧੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਮੁਹਾਲੀ ਸਥਿਤ ਰਿਹਾਇਸ਼ 'ਤੇ ਛਾਪੇਮਾਰੀ ਕੀਤੀ ਗਈ ਹੈ। ਹੋਰ ਟਿਕਾਣਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।