ਲਾਲ ਚੰਦ ਕਟਾਰੂਚੱਕ ਨੇ ਦਸਿਆ ਕਿ ਮਿੱਲਰਾਂ ਦੇ ਬਹੁਤੇ ਮਾਮਲੇ ਕੇਂਦਰ ਸਰਕਾਰ ਨਾਲ ਸਬੰਧਤ ਹਨ।
ਚੰਡੀਗੜ੍ਹ: ਪੰਜਾਬ ਸਰਕਾਰ ਦੇ ਯਤਨਾਂ ਸਦਕਾ ਸ਼ੈਲਰ ਮਾਲਕਾਂ ਨੇ ਅਪਣੀ ਹੜਤਾਲ ਖਤਮ ਕਰ ਦਿਤੀ ਹੈ। ਰਾਈਸ ਮਿੱਲਰਜ਼ ਐਸੋਸੀਏਸ਼ਨ ਨੇ ਇਹ ਫੈਸਲਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨਾਲ ਮੀਟਿੰਗ ਤੋਂ ਬਾਅਦ ਲਿਆ। ਮੀਟਿੰਗ ਮਗਰੋਂ ਜਾਰੀ ਬਿਆਨ ਵਿਚ ਲਾਲ ਚੰਦ ਕਟਾਰੂਚੱਕ ਨੇ ਦਸਿਆ ਕਿ ਮਿੱਲਰਾਂ ਦੇ ਬਹੁਤੇ ਮਾਮਲੇ ਕੇਂਦਰ ਸਰਕਾਰ ਨਾਲ ਸਬੰਧਤ ਹਨ।
ਇਸ ਲਈ ਮਾਨ ਸਰਕਾਰ ਐਫ.ਸੀ.ਆਈ. ਅਤੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਮਸਲਿਆਂ ਦੇ ਹੱਲ ਲਈ ਹਰ ਸੰਭਵ ਯਤਨ ਕਰੇਗੀ। ਇਸ ਦੇ ਨਾਲ ਹੀ ਲਾਲ ਚੰਦ ਕਟਾਰੂਚੱਕ ਨੇ ਦਸਿਆ ਕਿ ਪੰਜਾਬ ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਮਿੱਲ ਮਾਲਕਾਂ ਨੂੰ ਦਿਤਾ ਜਾ ਰਿਹਾ ਪ੍ਰੋਤਸਾਹਨ ਅੱਜ 24 ਘੰਟੇ ਲਈ ਵਧਾ ਦਿਤਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਖ਼ੁਰਾਕ ਨਿਗਮ ਨੇ ਵਿਸ਼ੇਸ਼ ਤੱਤਾਂ ਵਾਲੇ ਚੌਲ ਦੇ ਮਸਲੇ ’ਚ ਸ਼ੈੱਲਰ ਮਾਲਕਾਂ ਨੂੰ ਤਾੜ ਦਿਤਾ ਹੈ ਅਤੇ ਨਿਗਮ ਦੀਆਂ ਸ਼ਰਤਾਂ ਦੀ ਪੂਰਤੀ ਚੌਲ ਮਿੱਲ ਮਾਲਕਾਂ ਦੇ ਵੱਸ ਵਿਚ ਨਹੀਂ ਹੈ। ਇਸ ਲਈ ਪੰਜਾਬ ਵਿਚ ਰਾਈਸ ਸ਼ੈਲਰਾਂ ਦੇ ਮਾਲਕ 10 ਅਕਤੂਬਰ ਤੋਂ ਅਣਮਿਥੇ ਸਮੇਂ ਦੀ ਹੜਤਾਲ ’ਤੇ ਸਨ।
                    
                