
ਅੰਮ੍ਰਿਤਸਰ ਗ੍ਰੇਨੇਡ ਹਮਲੇ ਦੀ ਘਟਨਾ ਦੇ ਸਬੰਧ ਵਿਚ ਅਪਣੇ ਵਿਰੁੱਧ ਲਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਗ਼ੈਰ-ਜ਼ਰੂਰੀ ਅਤੇ ਸਿਆਸੀ ਹਿੱਤਾਂ...
ਚੰਡੀਗੜ੍ਹ (ਸਸਸ) : ਅੰਮ੍ਰਿਤਸਰ ਗ੍ਰੇਨੇਡ ਹਮਲੇ ਦੀ ਘਟਨਾ ਦੇ ਸਬੰਧ ਵਿਚ ਅਪਣੇ ਵਿਰੁੱਧ ਲਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਗ਼ੈਰ-ਜ਼ਰੂਰੀ ਅਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 'ਤੇ ਅਪਣੇ ਸਿਆਸੀ ਹਿੱਤਾਂ ਨੂੰ ਬੜ੍ਹਾਵਾ ਦੇਣ ਲਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਣ ਦਾ ਦੋਸ਼ ਲਾਇਆ ਹੈ।
ਸੁਖਬੀਰ ਸਿੰਘ ਬਾਦਲ ਨੇ ਗ੍ਰੇਨੇਡ ਹਮਲੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਸੀ ਅਤੇ ਇਨ੍ਹਾਂ ਝੂਠੇ ਅਤੇ ਮਨਘੜਤ ਦੋਸ਼ਾਂ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਮੁਖੀ ਬਰਗਾੜੀ ਬੇਅਦਬੀ ਮਾਮਲੇ ਵਿਚ ਅਪਣੇ ਵਿਰੁੱਧ ਐਸ.ਆਈ.ਟੀ. ਦੀ ਜਾਂਚ ਤੋਂ ਘਟੀਆ ਸੌੜੀ ਸਿਆਸਤ ਨਾਲ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਅਪਣੀ ਨਿਮੋਸ਼ੀ ਭਰੀ ਕੋਸ਼ਿਸ਼ ਕਰ ਰਿਹਾ ਹੈ।
ਬਾਦਲਾਂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਬਰਗਾੜੀ ਮਾਮਲਾ ਪੈਦਾ ਕੀਤੇ ਹੋਣ ਦਾ ਜ਼ਿਕਰ ਕਰ ਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰੌਲ-ਘਚੌਲੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਵਲੋਂ ਗਠਿਤ ਕੀਤੀ ਐਸ.ਆਈ.ਟੀ. ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੜਤਾਲ ਦੇ ਕਾਰਨ ਪੂਰੀ ਤਰ੍ਹਾਂ ਨੁੱਕਰੇ ਲਗਾ ਸੁਖਬੀਰ ਝੂਠੀ ਸਿਆਸੀ ਖੇਡ ਵਿਚ ਰੁੱਝਾ ਪਿਆ ਹੈ।
ਉਨ੍ਹਾਂ ਨੇ ਗੰਭੀਰ ਮੁੱਦਿਆਂ 'ਤੇ ਬੇਸਮਝੀ ਭਰੇ ਬਿਆਨ ਜਾਰੀ ਕਰਨ ਲਈ ਅਕਾਲੀ ਪ੍ਰਧਾਨ ਦੀ ਤਿੱਖੀ ਆਲੋਚਨਾ ਕੀਤੀ ਕਿਉਂਕਿ ਇਹ ਇਕ ਵਾਰ ਫਿਰ ਪੰਜਾਬ ਨੂੰ ਅਤਿਵਾਦ ਦੇ ਕਾਲੇ ਦਿਨਾਂ ਵਿਚ ਧਕਣ ਲਈ ਸਮਰੱਥ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਵਲੋਂ ਸੂਬੇ ਦੇ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀਆਂ ਵਾਰ-ਵਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਤੇ ਦੁੱਖ ਪ੍ਰਗਟ ਕੀਤਾ ਹੈ ਜਿਸ ਦਾ ਲੰਮੀ ਮਿਆਦ ਲਈ ਬੁਰਾ ਪ੍ਰਭਾਵ ਪੈ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਨ੍ਹਾਂ ਗਰਮ ਖ਼ਿਆਲੀ ਅਤੇ ਅਤਿਵਾਦੀ ਤੱਤਾਂ ਵਿਰੁੱਧ ਲੜਾਈ ਵਿਚ ਹਰ ਕੋਸ਼ਿਸ਼ ਕਰ ਰਹੀ ਹੈ ਜੋ ਆਈ.ਐਸ.ਆਈ. ਦੀ ਸਹਾਇਤਾ ਪ੍ਰਾਪਤ ਖਾਲਿਸਤਾਨੀਆਂ ਅਤੇ ਕਸ਼ਮੀਰੀ ਅਤਿਵਾਦੀ ਗਰੁੱਪਾਂ ਦੀ ਤਰਫੋਂ ਸੂਬੇ ਨੂੰ ਅਸਥਿਰ ਕਰਨ ਦਾ ਯਤਨ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਅਪਣੀਆਂ ਨਿੱਜੀ ਅਤੇ ਸੌੜੀਆਂ ਖਾਹਿਸ਼ਾਂ ਦੇ ਵਾਸਤੇ ਧਰਮ ਦੀ ਵਰਤੋਂ ਕਰ ਰਹੇ ਹਨ।
ਉਨ੍ਹਾਂ ਦੀਆਂ ਛੱਲ ਭਰੀਆਂ ਕੋਝੀਆਂ ਚਾਲਾਂ ਦੇ ਕਾਰਨ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਲਾਂਭੇ ਕੀਤਾ ਹੈ। ਇਸ ਕਾਰਨ ਹੁਣ ਉਨ੍ਹਾਂ ਧਰਮ ਦੇ ਨਾਮ 'ਤੇ ਵੰਡੀਆਂ ਪਾਉਣ ਦਾ ਵਰਤਾਰਾ ਹੋਰ ਵੀ ਵਧ ਗਿਆ ਹੈ। ਗਾਂਧੀ ਪਰਿਵਾਰ ਨੂੰ ਨਿਸ਼ਾਨਾ ਬਨਾਉਣ ਲਈ ਵੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਦੀ ਤਿੱਖੀ ਆਲੋਚਨਾ ਕੀਤੀ ਕਿਉਂਕਿ ਉਸ ਨੇ ਪੰਜਾਬ ਵਿੱਚ ਅੱਤਵਾਦੀ ਤੱਤਾਂ ਦੀ ਸ਼ਮੂਲੀਅਤ ਦੀਆਂ ਹਾਲ ਹੀ ਦੀਆਂ ਘਟਨਾਵਾਂ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਦੱਸਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦੇਸ਼ ਵਿਚ ਗਾਂਧੀ ਅਤਿਵਾਦ 'ਤੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਵੱਲੋਂ ਕਿਸੇ ਵੀ ਤਰੀਕੇ ਨਾਲ ਗਰਮ ਖ਼ਿਆਲੀ ਤੱਤਾਂ ਨੂੰ ਬੜ੍ਹਾਵਾ ਜਾਂ ਉਤਸ਼ਾਹਿਤ ਕਰਨਾ ਸੋਚਣਾ ਵੀ ਹਾਸੋਹੀਣਾ ਹੈ। ਉਨ੍ਹਾਂ ਕਿਹਾ ਕਿ ਗਾਂਧੀਆਂ ਵਿਰੁੱਧ ਸੁਖਬੀਰ ਦੇ ਦੋਸ਼ ਉਸ ਦੀ ਨਿਰਾਸ਼ਤਾ ਅਤੇ ਬੁਖਲਾਹਟ ਦਾ ਨਤੀਜਾ ਹੈ ਜੋ ਬਾਦਲਾਂ ਦੇ ਪੂਰੀ ਤਰ੍ਹਾਂ ਨਿਖੜ ਜਾਣ ਕਾਰਨ ਪੈਦਾ ਹੋਈ ਹੈ। ਉਹ ਕੇਵਲ ਲੋਕਾਂ ਤੋਂ ਹੀ ਨਹੀਂ ਸਗੋਂ ਸੀਨੀਅਰ ਅਕਾਲੀ ਆਗੂਆਂ ਤੋਂ ਵੀ ਅਲੱਗ-ਥਲੱਗ ਹੋ ਗਏ ਹਨ।
ਮੁੱਖ ਮੰਤਰੀ ਨੇ ਸਰਹੱਦੋਂ ਪਾਰਲੀਆਂ ਸ਼ਕਤੀਆਂ ਵਲੋਂ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਦੀ ਵੱਧ ਰਹੀ ਚੁਣੌਤੀ ਨੂੰ ਘਟਾ ਕੇ ਦੇਖਣ ਲਈ ਸੁਖਬੀਰ ਬਾਦਲ ਨੂੰ ਅੱਗ ਨਾਲ ਖੇਡਣ ਵਿਰੁੱਧ ਚੇਤਾਵਨੀ ਦਿਤੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਕਿਸੇ ਵੀ ਸਿਆਸੀ ਪਾਰਟੀ ਜਾਂ ਆਗੂ ਵਲੋਂ ਇਸ ਮੁੱਦੇ 'ਤੇ ਸਿਆਸਤ ਕਰਨ ਦਾ ਨਹੀਂ ਹੈ ਸਗੋਂ ਇਸ ਸਮੱਸਿਆ ਨਾਲ ਲੜਨ ਅਤੇ ਅੱਤਵਾਦ ਨੂੰ ਸੁਰਜੀਤ ਕਰਨ ਦੀ ਪੈਦਾ ਹੋਈ ਨਵੇਂ ਸਿਰੇ ਤੋਂ ਚੁਣੌਤੀ ਤੋਂ ਪੰਜਾਬ ਦੀ ਰੱਖਿਆ ਕਰਨ ਲਈ ਸਰਕਾਰ ਨਾਲ ਇਕਜੁੱਟ ਹੋਣ ਦਾ ਹੈ।