
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੌਂਗੇਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਅਤੇ ਮਹਾਂਵੀਰ...
ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੌਂਗੇਵਾਲਾ ਦੀ ਇਤਿਹਾਸਕ ਜੰਗ ਦੇ ਨਾਇਕ ਅਤੇ ਮਹਾਂਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਅਕਾਲ ਚਲਾਣੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਚਾਂਦਪੁਰੀ (78) ਨੇ ਸੰਖੇਪ ਬੀਮਾਰੀ ਪਿੱਛੋਂ ਮੋਹਾਲੀ ਵਿਖੇ ਆਖ਼ਰੀ ਸਾਹ ਲਏ। ਉਹ ਅਪਣੇ ਪਿੱਛੇ ਪਤਨੀ ਤੇ ਤਿੰਨ ਪੁੱਤਰ ਛੱਡ ਗਏ ਹਨ।
ਆਪਣੇ ਸੋਗ ਸੰਦੇਸ਼ ਵਿਚ ਬ੍ਰਿਗੇਡੀਅਰ ਚਾਂਦਪੁਰੀ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਬੁੱਧੀਮਾਨ ਤੇ ਲਾਮਿਸਾਲ ਸੇਵਾਵਾਂ ਨਿਭਾਉਣ ਵਾਲਾ ਫੌਜੀ ਅਫ਼ਸਰ ਦੱਸਿਆ, ਜਿਨ੍ਹਾਂ ਨੇ ਫੌਜ ਦੇ ਕਈ ਆਪਰੇਸ਼ਨ ਬੜੀ ਬਹਾਦਰੀ ਤੇ ਦਲੇਰੀ ਨਾਲ ਨੇਪਰੇ ਚੜ੍ਹਾਏ। ਉਹਨਾਂ ਕਿਹਾ ਕਿ ਇਕ ਬਹਾਦਰ ਫੌਜੀ ਹੋਣ ਦੇ ਨਾਲ-ਨਾਲ ਸ੍ਰੀ ਚਾਂਦਪੁਰੀ ਫੌਜ ਦੀਆਂ ਜੰਗੀ ਨੀਤੀਆਂ ਤੇ ਸੁਰੱਖਿਆ ਤਿਆਰੀਆਂ ਜਿਹੇ ਵਿਸ਼ਿਆਂ 'ਤੇ ਕਿਤਾਬਾਂ ਲਿਖਣ ਵਾਲੇ ਸਫ਼ਲ ਲਿਖਾਰੀ ਵੀ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਲੌਂਗੇਵਾਲਾ ਜੰਗ ਵਿਚ ਉਨ੍ਹਾਂ ਦੀ ਮਿਸਾਲਕੁੰਨ ਤੇ ਬਹਾਦਰ ਅਗਵਾਈ ਹਮੇਸ਼ਾ ਯਾਦ ਕੀਤੀ ਜਾਂਦੀ ਰਹੇਗੀ ਅਤੇ ਜੰਗ ਵਿਚ ਦਿਖਾਈ ਇਹ ਦਲੇਰੀ ਤੇ ਬਹਾਦਰੀ ਨਵੇਂ ਸਿਪਾਹੀਆਂ ਤੇ ਫੌਜੀ ਅਫ਼ਸਰਾਂ ਨੂੰ ਪੂਰੇ ਸਮਰਪਣ, ਸ਼ਰਧਾ ਤੇ ਇਮਾਨਦਾਰੀ ਨਾਲ ਡਿਊਟੀ ਨਿਭਾਉਣ ਲਈ ਪ੍ਰੇਰਦੀ ਰਹੇਗੀ।
ਮੁੱਖ ਮੰਤਰੀ ਨੇ ਬ੍ਰਿਗੇਡੀਅਰ ਚਾਂਦਪੁਰੀ ਦੇ ਦਿਹਾਂਤ ਨੂੰ ਫੌਜ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਕਿਹਾ ਕਿ ਅਜਿਹੇ ਬਹਾਦਰ ਸਿਪਾਹੀ ਦੀ ਮੌਤ ਦੇ ਰੂਪ ਵਿਚ ਦੇਸ਼ ਨੇ ਮਿੱਟੀ ਦੀ ਸੇਵਾ ਕਰਨ ਵਾਲਾ ਇਕ ਮਹਾਨ ਸਪੂਤ ਗੁਆ ਲਿਆ ਹੈ।
ਦੁਖੀ ਪਰਿਵਾਰ ਨਾਲ ਅਪਣੀਆਂ ਸੁਹਿਰਦ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪਰਾਮਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਅਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਤੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।