
ਕਿਹਾ, ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਦੱਸੇ ਦੋਸ਼ੀ ਡੇਰਾ ਪ੍ਰੇਮੀਆਂ ਵਿਰੁਧ ਕਾਰਵਾਈ ਹੋਵੇ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਪਿਛਲੇ ਸਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਬੇਅਦਬੀ ਮਾਮਲੇ ਵਿਚ ਦੋਸ਼ ਲਾ ਕੇ ਬਾਅਦ ਵਿਚ ਮਾਨਹਾਣੀ ਦੇ ਕੇਸ ਤੋਂ ਡਰ ਕੇ ਮਾਫ਼ੀ ਮੰਗਣ ਵਾਲੀ ਸੌਦਾ ਸਾਧ ਸਿਰਸਾ ਦੀ ਪੈਰੋਕਾਰ ਵੀਰਪਾਲ ਕੌਰ ਨੇ ਮੁੜ ਇਕ ਵਾਰ ਵਿਵਾਦਤ ਬਿਆਨ ਦਿੰਦਿਆਂ ਸੌਦਾ ਸਾਧ ਦੀ ਤੁਲਨਾ ਸਿੱਖ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਕਰ ਦਿਤੀ ਭਾਵੇਂ ਕਿ ਉਸ ਨੇ ਮੀਡੀਆ ਵਲੋਂ ਸਪੱਸ਼ਟੀਕਰਨ ਮੰਗੇ ਜਾਣ ਉਤੇ ਤੁਰਤ ਹੀ ਅਪਣੀ ਗ਼ਲਤੀ ਮੰਨਦਿਆਂ ਮਾਫ਼ੀ ਮੰਗ ਕੇ ਮਾਮਲੇ ਨੂੰ ਟਾਲਣ ਦਾ ਯਤਨ ਕੀਤਾ।
Sauda Sadh
ਇਹ ਵਿਵਾਦਤ ਬਿਆਨ ਉਸ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਡੇਰੇ ਦੇ ਕੁੱਝ ਹੋਰ ਪੈਰੋਕਾਰਾਂ ਨਾਲ ਕੀਤੀ ਇਕ ਪ੍ਰੈੱਸ ਕਾਨਫ਼ਰੰਸ ਵਿਚ ਦਿਤਾ। ਇਸੇ ਦੌਰਾਨ ਸਿੱਖ ਜਥੇਬੰਦੀ ਅਕਾਲ ਯੂਥ ਦੇ ਬੁਲਾਰੇ ਜਸਵਿੰਦਰ ਸਿੰਘ ਨੇ ਐਸ.ਐਸ.ਪੀ. ਮੋਹਾਲੀ ਨੂੰ ਵੀਰਪਾਲ ਵਿਰੁਧ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਉਣ ਸਬੰਧੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ।
Dera follower Veerpal now compared Sauda Sadh to Guru Arjan Dev Ji
ਵੀਰਪਾਲ ਨੇ ਪ੍ਰੈੱਸ ਕਾਨਫ਼ਰੰਸ ਵਿਚ ਦਾਅਵਾ ਕੀਤਾ ਕਿ ਬੇਅਦਬੀ ਅਤੇ ਹੋਰ ਮਾਮਲਿਆਂ ਵਿਚ ਮੇਰਾ ਗੁਰੂ ਮੁਖੀ ਡੇਰਾ ਸੱਚਾ ਸੌਦਾ ਨਿਰਦੋਸ਼ ਹੈ ਅਤੇ ਉਸ ਨੂੰ ਡੇਰੇ ਦੀ ਮੈਨੇਜਮੈਂਟ ਨੇ ਹੀ ਸਾਜ਼ਿਸ਼ ਕਰ ਕੇ ਫਸਾਇਆ ਹੈ। ਉਸ ਨੇ ਇਹ ਵੀ ਕਿਹਾ ਕਿ ਸਾਜ਼ਿਸ਼ਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਹੋਰ ਵੱਡੇ-ਵੱਡੇ ਮਹਾਂਪੁਰਸ਼ਾਂ ਨਾਲ ਵੀ ਹੁੰਦੀਆਂ ਰਹੀਆਂ ਹਨ।
Sauda Sadh
ਵੀਰਪਾਲ ਕੌਰ ਤੇ ਉਸ ਨਾਲ ਮੌਜੂਦ ਡੇਰੇ ਦੇ ਹੋਰ ਪੈਰੋਕਾਰਾਂ ਅਵਤਾਰ ਸਿੰਘ ਇੰਸਾਂ ਤੇ ਸੰਜੀਵ ਝਾਅ ਇੰਸਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੇ ਪਹਿਲੀ ਤੇ ਹੁਣ ਦੀ ਸਰਕਾਰ ਉਤੇ ਰਾਜਨੀਤੀ ਕਰਨ ਦੇ ਦੋਸ਼ ਲਾਉਂਦਿਆਂ ਅਸਲੀ ਦੋਸ਼ੀਆਂ ਨੂੰ ਫੜਨ ਦੀ ਮੰਗ ਕੀਤੀ। ਉਨ੍ਹਾਂ ਡੇਰੇ ਦੀ ਮੌਜੂਦਾ ਮੈਨੇਜਮੈਂਟ ਉਤੇ ਵੀ ਅਜਿਹੇ ਡੇਰੇ ਨਾਲ ਜੁੜੇ ਕੁੱਝ ਲੋਕਾਂ ਨੂੰ ਬਚਾਉਣ ਤੇ ਪਨਾਹ ਦੇਣ ਦੇ ਦੋਸ਼ ਵੀ ਲਾਏ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਜਸਟਿਸ ਰਣਜੀਤ ਸਿੰਘ ਦੀ ਰੀਪੋਰਟ ਵਿਚ ਜਿਨ੍ਹਾਂ ਡੇਰੇ ਨਾਲ ਸਬੰਧਤ ਲੋਕਾਂ ਦੇ ਬੇਅਦਬੀ ਵਿਚ ਨਾਮ ਸ਼ਾਮਲ ਹਨ, ਉਨ੍ਹਾਂ ਵਿਰੁਧ ਕਾਰਵਾਈ ਹੋਵੇ।