
ਪ੍ਰੋ. ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਹਿੰਦੂ ਵੀ.ਸੀ. ਹੋਣਗੇ।
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਵੇਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਹੋਣਗੇ। ਉਨ੍ਹਾਂ ਦੀ ਨਿਯੁਕਤੀ ਨੂੰ ਯੂਨੀਵਰਸਿਟੀ ਦੇ ਚਾਂਸਲਰ ਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੇ ਮਨਜ਼ੂਰੀ ਦੇ ਦਿਤੀ ਹੈ। ਉਨ੍ਹਾਂ ਦੀ ਨਿਯੁਕਤੀ ਤਿੰਨ ਸਾਲ ਲਈ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਦੇ ਵੱਡੇ ਵਿੱਤੀ ਸੰਕਟ ਦੇ ਚਲਦਿਆਂ ਪ੍ਰੋ. ਬੀ.ਐਸ. ਘੁੰਮਣ ਵਲੋਂ ਵੀ.ਸੀ. ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਆਈ.ਏ.ਐਸ. ਅਧਿਕਾਰੀ ਰਵਨੀਤ ਕੌਰ ਕਾਰਜਕਾਰੀ ਵੀ.ਸੀ. ਵਜੋਂ ਪਿਛਲੇ ਕਈ ਮਹੀਨਿਆਂ ਤੋਂ ਕੰਮ ਕਰ ਰਹੇ ਸਨ।
Punjabi University
ਪੰਜਾਬ ਸਰਕਾਰ ਦੀ ਤਿੰਨ ਮੈਂਬਰੀ ਕਮੇਟੀ ਵਲੋਂ ਵੀ.ਸੀ ਲਈ 14 ਉਮੀਦਵਾਰਾਂ ਵਿਚੋਂ ਤਿੰਨ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ ਜਿਸ ਵਿਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋ. ਅਰਵਿੰਦ ਦੀ ਚੋਣ ਕਰਦਿਆਂ ਨਿਯੁਕਤੀ ਦੀ ਫ਼ਾਈਲ ਮਨਜ਼ੂਰੀ ਲਈ ਚਾਂਸਲਰ ਤੇ ਰਾਜਪਾਲ ਬਦਨੌਰ ਨੂੰ ਭੇਜੀ ਸੀ। ਪ੍ਰੋ. ਅਰਵਿੰਦ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਹਿੰਦੂ ਵੀ.ਸੀ. ਹੋਣਗੇ।
Prof Arvind
ਉਹ ਇਸ ਸਮੇਂ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਰਿਸਰਸ ਮੋਹਾਲੀ ਵਿਚ ਡੀਨ ਰਿਸਰਚ ਐਂਡ ਡਿਵੈਲਪਮੈਂਟ ਸਨ। ਫ਼ਿਜ਼ੀਕਸ ਦੇ ਪ੍ਰੋ. ਅਰਵਿੰਦ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੁਰੂ ਤੋਂ ਪੀ.ਐਚ.ਡੀ. ਹਨ। ਉਹ 2005 ਵਿਚ ਚੇਨਈ ਸਾਇੰਸ ਇੰਸਟੀਚਿਊਟ ਵਿਚ ਕੰਮ ਕਰਨ ਤੋਂ ਇਲਾਵਾ ਇਸ ਤੋਂ ਪਹਿਲਾਂ 2 ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਫ਼ਿਜ਼ੀਕਸ ਫ਼ੈਕਲਟੀ ਵਿਚ ਵੀ ਕੰਮ ਕਰ ਚੁੱਕੇ ਹਨ। ਉਹ 2007 ਵਿਚ ਮੋਹਾਲੀ ਇੰਸਟੀਚਿਊਟ ਵਿਚ ਆਏ ਸਨ।