
ਕਿਹਾ, ਪ੍ਰਤਾਪ ਬਾਜਵਾ ਨੇ ਪਤਾ ਨਹੀਂ ਕਿਹੜੇ ਪੰਡਿਤ ਤੋਂ 32 ਨੰਬਰ ਕਢਵਾਇਆ
2022 ਵਿਚ ਆਮ ਆਦਮੀ ਸਤਾ ਵਿਚ ਆਉਂਦੀ ਹੈ ਤੇ ਤਿੰਨ ਸਾਲਾਂ ਦਾ ਕਾਰਜਕਾਲ ਲੰਘ ਚੁੱਕਿਆ ਹੈ, ਅੱਗੇ ਵੀ ਮੌਜੂਦਾ ਸਰਕਾਰ ਦਾ ਦਾਅਵੇ ਹਨ ਕਿ ਉਹ 2027 ਵਿਚ ਵੀ ਡਟ ਕੇ ਕੰਮ ਕਰਨਗੇ। ਸੂਬਾ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ, ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਬਹੁਤ ਨਸ਼ਾ ਤਸਕਰਾਂ ਦੇ ਘਰ ਵੀ ਢਾਹੇ ਗਏ। ਸਰਕਾਰ ਵਿਰੁਧ ਕੁੱਝ ਲੋਕ ਸਵਾਲ ਚੁੱਕ ਰਹੇ ਹਨ ਤੇ ਬਹੁਤ ਜ਼ਿਆਦਾ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਨੂੰ ਚੰਗਾ ਵੀ ਕਹਿ ਰਹੇ ਹਨ। ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਜਦੋਂ 2022 ਵਿਚ ਚੋਣਾਂ ਹੋਈਆਂ ਸਨ,
ਉਦੋਂ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਪੰਜ ਗਰੰਟੀਆਂ ਦਿਤੀਆਂ ਸਨ, ਜੋ ਅਸੀਂ ਪੂਰੀਆਂ ਕਰ ਦਿਤੀਆਂ ਹੈ। ਅਸੀਂ ਸਿੱਖਿਆ, ਸਿਹਤ ਸਹੂਲਤਾਂ, ਬਿਜਲੀ ਮੁਫ਼ਤ ਕਰਨਾ, ਮਹਿਲਾਵਾਂ ਨੂੰ 1000 ਰੁਪਏ ਦੇਣਾ ਆਦਿ, ਇਸ ਤੋਂ ਇਲਾਵਾ ਵੀ ਸਰਕਾਰ ਨੇ ਕੰਮ ਕੀਤੇ ਹਨ ਜਿਵੇਂ ਟੋਲ ਪਲਾਜ਼ਾ ਬੰਦ ਕਰਨਾ, ਸੜਕ ਸੁਰੱਖਿਆ ਫ਼ੋਰਸ ਬਣਾਈ ਤੇ ਸੂਬਾ ਸਰਕਾਰ ਨੇ ਇਕ ਹੋਰ ਇਤਿਹਾਸਕ ਫ਼ੈਸਲਾ ਕੀਤਾ ਹੈ ਕਿ ਸਰਕਾਰੀ ਵਕੀਲਾਂ ਨੂੰ ਰਾਖਵਾਂਕਰਨ ਦਿਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਹੋਰ ਵੀ ਸਰਕਾਰ ਵਲੋਂ ਕੀਤੇ ਕੰਮ ਨਜ਼ਰ ਆਉਣਗੇ। ਸਰਕਾਰ ਨੇ ਜੋ ਕੰਮ ਸ਼ੁਰੂ ਕੀਤੇ ਹਨ ਉਹ 70 ਸਾਲ ਪਹਿਲਾਂ ਗੰਧਲੀ ਹੋਈ ਸਿਆਸਤ ਨੂੰ ਸਾਫ਼ ਕੀਤਾ ਹੈ।
ਪੰਜਾਬ ਸਰਕਾਰ ਨੇ ਸੱਤਾ ਵਿਚ ਆਉਂਦੇ ਹੀ ਪਹਿਲਾਂ 300 ਯੂਨਿਟ ਬਿਜਲੀ ਮੁਫ਼ਤ ਕੀਤੀ, ਜਿਸ ਕਰ 85 ਫ਼ੀ ਸਦੀ ਲੋਕਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ। ਸਰਕਾਰ ਵਲੋਂ ਮੁਹੱਲਾ ਕਲੇਨਿਕ ਬਣਾਏ ਗਏ ਤੇ ਸਿੱਖਿਆ ਕ੍ਰਾਂਤੀ ਲਈ ਵੀ ਕੰਮ ਕੀਤਾ ਹੈ। ਹੁਣ ਤਕ ਸਰਕਾਰ ਨੇ ਸਰਕਾਰੀ ਸਕੂਲਾਂ ’ਤੇ 17 ਹਜ਼ਾਰ ਕਰੋੜ ਰੁਪਏ ਖ਼ਰਚ ਕੀਤੇ ਹਨ। ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ‘ਯੁਧ ਨਸ਼ਿਆਂ ਵਿਰੁਧ’ ਮੁਹਿੰਮ ਚਲਾਈ ਗਈ ਤੇ ਹੁਣ ਤਕ ਸਰਕਾਰ ਨੇੇ ਜਿੰਨੇ ਵੀ ਕੰਮ ਕੀਤੇ ਹਨ ਉਹ ਲੋਕ ਪੱਖੀ ਤੇ ਲੋਕਾਂ ਦੇ ਹਿਤ ਧਿਆਨ ਵਿਚ ਰੱਖਦੇ ਹੋਏ ਕੀਤੇ ਹਨ।
ਉਨ੍ਹਾਂ ਕਿਹਾ ਵਿਰੋਧੀ ਧਿਰਾਂ ਦਾ ਕੰਮ ਵਿਰੋਧ ਕਰਨਾ ਹੈ ਤੇ ਉਨ੍ਹਾਂ ਨੇ ਕਰਦਾ ਰਹਿਣਾ ਹੈ, ਕੰਮ ਕਰਨ ਵਾਲਿਆਂ ਨੇ ਕੰਮ ਕਰੀ ਜਾਣਾ ਹੈ। ‘ਯੁੱਧ ਨਸ਼ਿਆਂ ਵਿਰੁਧ’ ਮੁਹਿੰਮ ਦੀ 3 ਸਾਲਾਂ ਤੋਂ ਰੂਪ ਰੇਖਾ ਉਲੀਕੀ ਜਾ ਰਹੀ ਸੀ। ਜਿਹੜੇ ਨਸ਼ਾ ਤਸਕਰਾਂ ਦੇ ਘਰ ਢਾਹੇ ਗਏ ਹਨ ਉਹ ਵੱਡੇ ਮਗਰਮਛ ਹੀ ਸਨ ਤਾਂ ਹੀ ਉਹ ਇੰਨੇ ਵੱਡੇ ਘਰ ਬਣਾਈ ਬੈਠੇ ਸੀ। ਇਹ ਕੰਮ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਪਰ ਲੋਕਾਂ ਨੂੰ ਦਿਖਣ ਹੁਣ ਲੱਗਿਆ ਹੈ। ਜਿਹੜੇ ਰਾਨੀਤਕ ਲੋਕਾਂ ਦੇ ਨਾਮ ਵੀ ਸਾਹਮਣੇ ਆਉਣਗੇ ਉਨ੍ਹਾਂ ਦੇ ਵੀ ਘਰ ਢਾਹੇ ਜਾਣਗੇ। ਕਾਨੂੰਨੀ ਕਾਰਵਾਈ ਨਾਲ ਚੱਲਾਂਗੇ ਕੋਈ ਨੀ ਉਨ੍ਹਾਂ ਦੀ ਵਾਰੀ ਆ ਜਾਣੀ ਹੈ।
ਕਿਸਾਨੀ ਧਰਨੇ ’ਤੇ ਬੋਲਦੇ ਹੋਏ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਅਸੀਂ ਵੀ ਕਿਸਾਨਾਂ ਦੇ ਨਾਲ ਖੜੇ ਹਨ, ਉਨ੍ਹਾਂ ਨਾਲ ਦਿੱਲੀ ਧਰਨੇ ’ਤੇ ਬੈਠੇ ਸਨ, ਪਰ ਇਹ ਧਰਨਾ 100 ਦਿਨ ਤੋਂ ਉਪਰ ਹੋ ਗਿਆ ਸੀ, ਜੋ ਕਿ ਪੰਜਾਬ ਦੀ ਸਰਹੱਦ ’ਤੇ ਲਗਾਇਆ ਹੋਇਆ ਸੀ, ਜਿਸ ਨਾਲ ਸਾਨੂੰ ਨੁਕਸਾਨ ਹੋ ਰਿਹਾ ਸੀ। ਪੰਜਾਬ ਸਰਕਾਰ ਤਾਂ ਕਿਸਾਨਾਂ ਨੂੰ ਐਮਐਸਪੀ ਦੇਣ ਲਈ ਤਿਆਰ ਹੈ ਪਰ ਜਿਹੜਾ ਹਿੱਸਾ ਕੇਂਦਰ ਦਾ ਹੈ ਉਹ ਤਾਂ ਕੇਂਦਰ ਹੀ ਦੇਵੇਗੀ। ਕਿਸਾਨ ਦਿੱਲੀ ਜਾ ਕੇ ਬੈਠਣ ਅਸੀਂ ਨਾਲ ਬੈਠਾਂਗੇ।
ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਬੰਬ ਵਾਲੇ ਬਿਆਨ ’ਤੇ ਬੋਲਦੇ ਹੋਏ ਵਿਧਾਇਕ ਨੇ ਕਿਹਾ ਕਿ ਪ੍ਰਤਾਪ ਬਾਜਵਾ ਕੁੱਝ ਵੀ ਬੋਲ ਦਿੰਦੇ ਹਨ,
ਉਨ੍ਹਾਂ ਨੂੰ ਕੁੱਝ ਪਤਾ ਨਹੀਂ ਹੁੰਦਾ ਕਿ ਇਸ ਨਾਲ ਲੋਕ ਕੀ ਸੋਚਣਗੇ, ਲੋਕਾਂ ’ਚ ਕੀ ਡਰ ਦਾ ਮਾਹੌਲ ਬਣੇਗਾ। ਪਤਾ ਨਹੀਂ ਉਨ੍ਹਾਂ ਨੇ 32 ਨੰਬਰ ਕਿਹੜੇ ਪੰਡਤ ਤੋਂ ਕਢਵਾਇਆ ਹੈ, ਕਦੇ ਕਹਿੰਦੇ ਹਨ 32 ਐਮਐਲਏ ਸਾਡੇ ਸੰਪਰਕ ਵਿਚ ਨੇ, ਕਦੇ ਕਹਿੰਦੇ ਹਨ 32 ਬੰਬ ਰਹਿ ਗਏ ਨੇ ਚੱਲਣ ਵਾਲੇ। ਹੁਣ ਬਾਜਵਾ ਆਪ ਹੀ ਦਸ ਦੇਣ ਕਿ ਉਹ ਕਿਹੜੇ ਵਿਧਾਇਕ ਹਨ ਤੇ ਉਹ 32 ਬੰਬ ਕਿਥੇ ਪਏ ਹਨ ਤਾਂ ਜੋ ਸਾਨੂੰ ਪਤਾ ਲੱਗ ਜਾਵੇ। ਹੁਣ ਪਤਾ ਨਹੀਂ ਜਿਹੜਾ ਉਨ੍ਹਾਂ ਨੇ ਆਪਣੀ ਪਿੱਠ ’ਤੇ ਬੰਬ ਬੰਨਿ੍ਹਆ ਹੈ ਉਹ ਕਦੋਂ ਚੱਲੇਗਾ।
ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਚੁਣਨ ’ਤੇ ਉਨ੍ਹਾਂ ਕਿਹਾ ਕਿ ਇਸ ਬਾਰੇ ਸਾਰਾ ਪੰਜਾਬ ਜਾਣਦਾ ਹੈ ਕਿ ਕਿਹੜਾ ਧੜਾ ਅਲੱਗ ਹੋਇਆ ਹੈ ਤੇ ਕਿਹੜਾ ਰਲਿਆ ਹੋਇਆ ਹੈ, ਮੈਨੂੰ ਬੋਲਣ ਦੀ ਲੋੜ ਨਹੀਂ। ਰਾਮੂਵਾਲਿਆ ਕਹਿੰਦੇ ਹਨ ਕਿ ਖੁਸਰਿਆਂ ਦੇ ਘਰ ਮੁੰਡਾ ਹੋ ਸਕਦਾ ਹੈ ਪਰ ਸੁਖਬੀਰ ਬਾਦਲ ਦੇ ਪ੍ਰਧਾਨ ਬਣਨ ਨਾਲ ਤੁਹਾਡੀ ਸਰਕਾਰ ਨਹੀਂ ਆ ਸਕਦੀ। ਅਕਾਲੀਆਂ ਨੇ ਆਪ ਹੀ ਕਿਹਾ ਸੀ ਕਿ ਜਿਹੜੇ ਨੇ ਪੰਜਾਬ ਵਿਚ ਬੇਅਦਬੀਆਂ ਕਰਵਾਈਆਂ ਹਨ ਉਨ੍ਹਾਂ ਦਾ ਕੱਖ ਨਾ ਰਹੇ, ਸੋ ਇਹ ਸਭ ਕੁਝ ਉਨ੍ਹਾਂ ਦੇ ਸਾਹਮਣੇ ਆ ਰਿਹਾ ਹੈ।
ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀਆਂ ਦਿਤੀਆਂ ਹਨ ਤੇ ਪਿਛਲੀਆਂ ਸਰਕਾਰਾਂ ਵਲੋਂ ਕੱਢੀਆਂ ਨੌਕਰੀਆਂ ਦੇ ਰੁਕੇ ਹੋਏ ਕੰਮ ਵੀ ਪੂਰੇ ਕੀਤੇ ਹਨ। ਭਗਵੰਤ ਸਿੰਘ ਦੀ ਸਰਕਾਰ ’ਚ ਜੋ ਨੌਕਰੀ ਮਿਲਣੀ ਹੈ ਉਹ ਯੋਗਤਾ ਦੇ ਹਿਸਾਬ ਨਾਲ ਮਿਲਣੀ ਹੈ। ਗੈਂਗਵਾਦ ’ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕੋਈ ਫੇਕ ਐਨਕਾਊਂਟਰ ਨਹੀਂ ਕੀਤਾ ਜਾ ਰਿਹਾ। ਵਿਰੋਧੀ ਧਿਰ ਚਾਹੁੰਦੀ ਹੀ ਨਹੀਂ ਕਿ ਗੈਂਗਵਾਦ ਖ਼ਤਮ ਹੋਵੇ। ਹੁਣ ਜੇ ਲੋਕਾਂ ’ਚ ਡਰ ਦਾ ਮਾਹੌਲ ਘੱਟ ਰਿਹਾ ਹੈ ਤਾਂ ਵਿਰੋਧੀ ਧਿਰ ਨੂੰ ਕਿਉਂ ਦਿਕਤ ਹੋ ਰਹੀ ਹੈ। ਅਸੀਂ ਲੋਕਾਂ ਨੂੰ ਦਿਤੀਆਂ ਗਰੰਟੀਆਂ ਪੂਰੀਆਂ ਕਰ ਕੇ ਹੀ 2027 ਵਿਚ ਵੋਟਾਂ ਮੰਗਣ ਜਾਵਾਂਗੇ ਤੇ ਵਿਰੋਧੀਆਂ ਦੇ ਮੂੰਹ ਬੰਦ ਕਰਵਾ ਕੇ ਰਹਾਂਗੇ।