
ਸੂਬੇ ਵਿਚ ਬਿਜਲੀ ਚੋਰੀ ਸਾਲਾਨਾ 1500 ਕਰੋੜ ਰੁਪਏ ਤਕ ਪਹੁੰਚੀ
ਚੰਡੀਗੜ੍ਹ: ਪੰਜਾਬ ਵਿਚ ਜ਼ੀਰੋ ਬਿਜਲੀ ਬਿੱਲਾਂ ਦੇ ਬਾਵਜੂਦ ਬਿਜਲੀ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਸੂਬੇ ਵਿਚ ਬਿਜਲੀ ਚੋਰੀ ਪਹਿਲਾਂ ਦੇ ਮੁਕਾਬਲੇ ਹੁਣ ਕਾਫੀ ਵਧ ਗਈ ਹੈ। ਪਾਵਰਕੌਮ ਦੇ ਮਾਹਰਾਂ ਅਨੁਸਾਰ ਸੂਬੇ ਵਿਚ ਬਿਜਲੀ ਚੋਰੀ ਸਾਲਾਨਾ 1500 ਕਰੋੜ ਰੁਪਏ ਤਕ ਪਹੁੰਚ ਗਈ ਹੈ ਜੋ ਕਿ ਛੇ ਸਾਲ ਪਹਿਲਾਂ ਸਾਲਾਨਾ 1200 ਕਰੋੜ ਰੁਪਏ ਸੀ। ਪਾਵਰਕੌਮ ਵਲੋਂ ਅਪਣੇ ਵਪਾਰਕ ਘਾਟਿਆਂ ਦੇ ਲਿਹਾਜ਼ ਨਾਲ ਬਿਜਲੀ ਚੋਰੀ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।
ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਹੋਵੇਗੀ ਕਟੌਤੀ, 1 ਹਜ਼ਾਰ ਦੇ ਕਰੀਬ ਬੱਸਾਂ ਨੂੰ ਜਾਵੇਗਾ ਹਟਾਇਆ!
ਤਾਜ਼ਾ ਅੰਕੜਿਆਂ ਮੁਤਾਬਕ ਸਰਹੱਦੀ ਜ਼ਿਲ੍ਹਿਆਂ ਵਿਚ ਬਿਜਲੀ ਚੋਰੀ ਅਜੇ ਵੀ ਜਾਰੀ ਹੈ। ਪੰਜ ਸਾਲ ਪਹਿਲਾਂ (2018-19) ਦੇ ਮੁਕਾਬਲੇ ਹੁਣ ਦੇ ਵਪਾਰਕ ਘਾਟੇ (2022-23) ਦੇਖੇ ਜਾਣ ਤਾਂ ਉਨ੍ਹਾਂ ਤੋਂ ਬਿਜਲੀ ਚੋਰੀ ’ਚ ਵਾਧੇ ਦੀ ਪੁਸ਼ਟੀ ਹੁੰਦੀ ਹੈ। ਪੰਜ ਸਾਲ ਪਹਿਲਾਂ ਭਿੱਖੀਵਿੰਡ ਸਰਕਲ ਵਿਚ ਬਿਜਲੀ ਚੋਰੀ 72.76 ਫ਼ੀ ਸਦੀ ਸੀ ਜੋ ਹੁਣ ਵਧ ਕੇ 73.16 ਫ਼ੀ ਸਦੀ ਹੋ ਗਈ ਹੈ। ਪੱਟੀ ਹਲਕੇ ਵਿਚ ਪੰਜ ਸਾਲ ਪਹਿਲਾਂ ਵਪਾਰਕ ਘਾਟੇ 63.63 ਫ਼ੀ ਸਦੀ ਸਨ, ਉਹ ਵਧ ਕੇ 63.90 ਫ਼ੀ ਸਦੀ ਹੋ ਗਏ ਹਨ। ਅੰਮ੍ਰਿਤਸਰ ਪੱਛਮੀ ਵਿਚ ਪੰਜ ਸਾਲ ਪਹਿਲਾਂ 50.63 ਫ਼ੀ ਸਦੀ ਘਾਟੇ ਸਨ, ਜੋ ਹੁਣ ਵਧ ਕੇ 57.93 ਫ਼ੀ ਸਦੀ ਹੋ ਗਏ ਹਨ। ਜ਼ੀਰਾ ਹਲਕੇ ਵਿਚ 47.68 ਫ਼ੀ ਸਦੀ ਤੋਂ ਵੰਡ ਘਾਟੇ ਵਧ ਕੇ 54.84 ਫ਼ੀ ਸਦੀ ਹੋ ਗਏ ਹਨ।
ਇਹ ਵੀ ਪੜ੍ਹੋ: 3 ਬੀ 2 ਦੀ ਮਾਰਕੀਟ ਵਿਚ ਕਿਰਪਾਨਾਂ ਅਤੇ ਡੰਡੇ ਲਹਿਰਾਉਣ ਦੇ ਮਾਮਲੇ ’ਚ 11 ਨੂੰ ਹਿਰਾਸਤ ਵਿਚ ਲਿਆ
ਬਾਦਲ ਡਿਵੀਜ਼ਨ ਵਿਚ ਘਾਟਾ ਜੋ ਪੰਜ ਸਾਲ ਪਹਿਲਾਂ 27.61 ਫ਼ੀ ਸਦੀ ਸਨ, ਉਹ ਹੁਣ 36.09 ਫ਼ੀ ਸਦੀ ਹੋ ਗਿਆ ਹੈ। ਗਿੱਦੜਬਾਹਾ ਡਿਵੀਜ਼ਨ ਵਿਚ ਹੁਣ ਬਿਜਲੀ ਘਾਟਾ 30.83 ਫ਼ੀ ਸਦੀ ਹੈ ਜੋ ਪੰਜ ਸਾਲ ਪਹਿਲਾਂ 21.59 ਫ਼ੀ ਸਦੀ ਸਨ। ਬਾਕੀ ਦਰਜਨਾਂ ਹਲਕਿਆਂ ਦਾ ਵੀ ਇਹੀ ਹਾਲ ਹੈ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਸਿਆਸਤਦਾਨਾਂ ਤੋਂ ਇਲਾਵਾ ਕੁੱਝ ਕਿਸਾਨ ਆਗੂ ਬਿਜਲੀ ਚੋਰਾਂ ਵਿਰੁਧ ਮੁਹਿੰਮ ਵਿਚ ਅੜਿੱਕਾ ਬਣਦੇ ਹਨ। ਦੂਜੇ ਪਾਸੇ ਪਾਵਰਕੌਮ ਦੀ ਵਿੱਤੀ ਸਥਿਤੀ ਬਹੁਤੀ ਚੰਗੀ ਨਹੀਂ ਹੈ ਅਤੇ ਮੌਜੂਦਾ ਸਮੇਂ ਵਿਚ ਪਾਵਰਕੌਮ 17,500 ਕਰੋੜ ਰੁਪਏ ਦੇ ਕਰਜ਼ੇ ਹੇਠ ਹੈ।
ਇਹ ਵੀ ਪੜ੍ਹੋ: ਹੁਣ ਸਾਈਬਰ ਠੱਗੀ ਵਿਚ ਗੈਂਗਸਟਰਾਂ ਦੀ ਦਸਤਕ; ਆਰਥਕ ਤੌਰ 'ਤੇ ਮਜ਼ਬੂਤ ਹੋਣ ਲਈ ਲੈ ਰਹੇ ਸਹਾਰਾ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 12 ਮਈ 2022 ਨੂੰ ‘ਕੁੰਡੀ ਹਟਾਉ ਮੁਹਿੰਮ’ ਦੀ ਸ਼ੁਰੂਆਤ ਕਰਦਿਆਂ ਬਿਜਲੀ ਚੋਰਾਂ ਵਿਰੁਧ ਕਾਰਵਾਈ ਸ਼ੁਰੂ ਕੀਤੀ ਸੀ। ਜਦੋਂ ਪਾਵਰਕੌਮ ਨੇ ਮੁਢਲੇ ਪੜਾਅ ’ਤੇ ਸ਼ਨਾਖ਼ਤ ਕੀਤੀ ਤਾਂ ਕਰੀਬ ਤਿੰਨ ਦਰਜਨ ਪੁਲਿਸ ਥਾਣਿਆਂ ਵਿਚ ਕੁੰਡੀ ਫੜੀ ਗਈ। ਕੁੱਝ ਸਮੇਂ ਮਗਰੋਂ ਹੀ ਇਹ ਮੁਹਿੰਮ ਮੱਠੀ ਪੈ ਗਈ।