
ਭੂਟਾਲ ਖੁਰਦ ਵਿਖੇ ਖ਼ਰੀਦ ਕੇਂਦਰ ਵਿਚ ਸ਼ੈਲਰ ਮਾਲਕਾਂ ਵਲੋਂ ਝੋਨੇ ਦੀ ਖ਼ਰੀਦ ਤੇ ਨਮੀ ਸਬੰਧੀ ਘਪਲਾ ਆਇਆ ਸਾਹਮਣੇ
ਮੂਨਕ, 20 ਅਕਤੂਬਰ (ਪ੍ਰਕਾਸ਼ ਭੁੰਦੜਭੈਣੀ) : ਨੇੜਲੇ ਪਿੰਡ ਭੁਟਾਲ ਖੁਰਦ ਵਿਖੇ ਬਣੇ ਅਨਾਜ ਖ਼ਰੀਦ ਕੇਂਦਰ ਵਿਚ ਇਕ ਸ਼ੈੱਲਰ ਮਾਲਕ ਵਲੋਂ ਝੋਨੇ ਦੀ ਨਮੀ ਮਾਪਣ ਵਾਲੀਆਂ ਮਸ਼ੀਨਾਂ ਵਿਚ ਗੜਬੜੀ ਕਰ ਕੇ ਕਿਸਾਨਾਂ ਦੀ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖਰੀਦ² ਕੇਂਦਰ ਨੂੰ ਅਲਾਟ ਹੋਏ ਰਾਧੇ ਕ੍ਰਿਸ਼ਨ ਰਾਈਸ ਮਿੱਲ ਮਾਲਕਾਂ ਵਲੋਂ ਮਾਰਕਫ਼ੈੱਡ ਮਹਿਕਮੇ ਦੀ ਮਿਲੀਭੁਗਤ ਨਾਲ ਜ਼ੀਰੀ ਦੀ ਖਰੀਦ ਸਬੰਧੀ ਨਮੀ ਮਾਪੀ ਜਾ ਰਹੀ ਜੋ ਕਿ ਹਰ ਇਕ ਢੇਰ ਨੂੰ ਵੱਧ ਨਮੀ 23 ਫ਼ੀ ਸਦੀ ਵਾਲਾ ਝੋਨਾ ਦੱਸ ਰਿਹਾ ਸੀ ਜਦਕਿ ਅਧਿਕਾਰੀਆਂ ਵਲੋਂ ਉਸ ਝੋਨੇ ਦੀ ਨਮੀ ਦੀ ਪੁਸ਼ਟੀ 17 ਫ਼ੀ ਸਦੀ ਦੱਸੀ ਗਈ। ਉਸ ਦੀ ਮਸ਼ੀਨ ਵਿਚ ਗੜਬੜੀ ਹੋਣ ਦੀ ਸ਼ੰਕਾ ਹੋਣ 'ਤੇ ਜਦੋਂ ਲੋਕਾਂ ਨੇ ਉਸ ਤੋਂ ਇਸ ਸਬੰਧੀ ਜਾਨਣਾ ਚਾਹਿਆ ਤਾਂ ਉਹ ਉਥੋਂ ਰਫ਼ੂਚੱਕਰ ਹੋ ਗਿਆ ਜਿਸ ਦੇ ਚਲਦਿਆਂ ਲੋਕਾਂ ਵਲੋਂ ਮਹਿਕਮੇ ਵਿਰੁਧ ਧਰਨਾ ਦਿਤਾ ਗਿਆ।
ਇਸ ਮੌਕੇ ਧਰਨਾਕਾਰੀਆਂ ਵਲੋਂ ਸਰਕਾਰ ਅਤੇ ਮਹਿਕਮੇ ਵਿਰੁਧ ਨਾਹਰੇਬਾਜ਼ੀ ਕੀਤੀ ਗਈ ਪਰ ਸਥਿਤੀ ਨੂੰ ਭਾਂਪਦਿਆਂ ਮਹਿਕਮੇ ਦੇ ਅਧਿਕਾਰੀ ਅਤੇ ਪੁਲਿਸ ਮੌਕੇ 'ਤੇ ਪਹੁੰਚੇ। ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਵਲੋਂ ਲੋਕਾਂ ਨੂੰ ਵਾਰ ਵਾਰ ਇਹ ਭਰੋਸਾ ਦਿਵਾਇਆ ਗਿਆ ਕਿ ਰਾਇਸ ਮਿੱਲ ਮਾਲਕਾਂ ਵਿਰੁਧ ਸਖ਼ਤ ਕਾਰਵਾਈ ਹੋਵੇਗੀ ਪਰ ਲੋਕ ਲਿਖਤੀ ਸ਼ਿਕਾਇਤ 'ਤੇ ਅੜੇ ਰਹੇ।
ਇਸ ਮਾਮਲੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਹਾਦਰ ਸਿੰਘ ਭੁਟਾਲ ਤੇ ਸੁਖਦੇਵ ਸ਼ਰਮਾ ਨੇ ਕਿਹਾ ਕਿ ਇਹ ਲੁੱਟ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਅਸੰਭਵ ਹੈ ਕਿਉਂਕਿ ਖ਼ਰੀਦ ਕੇਂਦਰ ਵਿਚ ਸ਼ੈੱਲਰ ਮਾਲਕਾਂ ਦਾ ਨਮੀ ਮਾਪਣਾ ਕਈ ਤਰ੍ਹਾਂ ਦੇ ਸ਼ੰਕੇ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਖ਼ਰੀਦ ਕੇਂਦਰ ਵਿਚ ਨਮੀ ਮਾਪਣ ਦਾ ਕੋਈ ਅਧਿਕਾਰ ਨਹੀਂ ਤਾਂ ਫਿਰ ਮਿੱਲ ਮਾਲਕ ਨੂੰ ਇਹ ਅਧਿਕਾਰ ਕਿਸ ਨੇ ਦਿਤਾ? ਉਨ੍ਹਾਂ ਦੋਸ਼ ਲਾਇਆ ਕਿ ਅੱਜ ਮਾਰਕਫੈੱਡ ਦੇ ਅਧਿਕਾਰੀਆਂ ਵਲੋਂ ਇਸ ਮਾਮਲੇ ਵਿਚ ਸ਼ੈਲਰ ਮਾਲਕਾਂ ਦਾ ਪੱਖ ਪੂਰਿਆ ਜਾ ਰਿਹਾ ਹੈ। ਹਰ ਵਾਰ ਇਹੋ ਜਿਹੀਆਂ ਘਟਨਾਵਾਂ ਅਕਸਰ ਹੀ ਵਪਰਦੀਆ ਹਨ ਕਦੇ ਵੱਧ ਤੋਲ ਦਾ ਮਾਮਲਾ, ਕਦੇ ਵੱਧ ਨਮੀ ਦਾ ਮਾਮਲਾ, ਅਧਿਕਾਰੀਆਂ ਦੀ ਮਿਹਰਬਾਨੀ ਸਦਕਾ ਕਿਰਤੀ ਲੋਕਾਂ ਦੀ ਲੱਟ ਜਾਰੀ ਹੈ। ਇਸ ਮਾਮਲੇ ਸਬੰਧੀ
ਮਾਰਕਫ਼ੈੱਡ ਦੇ ਮੈਨੇਜਰ ਸਰਬਜੀਤ ਸਿੰਘ ਤੋਂ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਾਈਵੇਟ ਵਿਅਕਤੀ ਨੂੰ ਇਹ ਅਧਿਕਾਰ ਨਹੀਂ ਕਿ ਉਹ ਅਪਣੀਆਂ ਮਸ਼ੀਨਾਂ ਨਾਲ ਨਮੀ ਜਾਂਚ ਸਕੇ ਕਿਉਂਕਿ ਜ਼ਿਆਦਾਤਰ ਇਹ ਮਸ਼ੀਨਾਂ ਅਣ ਅਧਿਕਾਰਤ ਹੁੰਦੀਆਂ ਹਨ। ਅਸੀਂ ਇਸ ਮਾਮਲੇ 'ਤੇ ਸਖ਼ਤ ਕਾਰਵਾਈ ਕਰਾਂਗੇ ਪਰ ਜੋ ਝੋਨਾ ਇਨ੍ਹਾਂ ਮਸ਼ੀਨਾਂ ਨਾਲ ਨਮੀ ਮਾਪ ਕੇ ਖਰੀਦਿਆ ਗਿਆ ਹੈ ਉਸ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ।
ਇਸ ਮੌਕੇ ਮੌਜੂਦ ਮਾਰਕਫ਼ੈੱਡ ਇੰਸਪੈਕਟਰ ਜ਼ਿਲ੍ਹੇ ਸਿੰਘ ਦਾ ਕਹਿਣਾ ਹੈ ਕਿ ਇਸ ਕੁਤਾਹੀ ਸਬੰਧੀ ਸ਼ੈੱਲਰ ਮਾਲਕ ਵਿਰੁਧ ਸਖ਼ਤ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਪੁਲਿਸ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਦੇ ਦਿਤੀ ਹੈ ਅਤੇ ਸ਼ੈਲਰ ਮਾਲਕ ਵਿਰੁਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਵਾਇਆ ਜਾਵੇਗਾ।
ਪਿੰਡ ਵਾਸੀਆਂ ਵਲੋਂ ਦੇਰ ਰਾਤ ਤਕ ਧਰਨਾ ਜਾਰੀ ਸੀ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਖਰੀਦ ਕੇਂਦਰ ਵਿਚ ਪਹਿਲਾਂ ਵੀ ਖਰੀਦੇ ਗਏ ਝੋਨੇ ਦੀ ਉੱਚ ਪਧਰੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਿੱਲ ਮਾਲਕ ਵਿਰੁਧ ਸਖ਼ਤ ਕਾਰਵਾਈ ਨਾ ਹੋਣ ਤੇ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਧਰਨੇ ਵਿਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ।
.ਫੋਟੋ ਨੰ: 20 ਐਸਐਨਜੀ 8