
1984 ਸਿੱਖ ਵਿਰੋਧੀ ਦੰਗਿਆਂ ‘ਤੇ ਦਿੱਲੀ ਦੀ ਅਦਾਲਤ ਦੇ ਆਏ ਪਹਿਲੇ ਫ਼ੈਸਲੇ ‘ਤੇ ਸਿੱਖ ਦੰਗਾ ਪੀੜਿਤ ਪਰਵਾਰ ਪੰਜਾਬ ਦੇ...
ਮੋਗਾ (ਪੀਟੀਆਈ) : 1984 ਸਿੱਖ ਵਿਰੋਧੀ ਦੰਗਿਆਂ ‘ਤੇ ਦਿੱਲੀ ਦੀ ਅਦਾਲਤ ਦੇ ਆਏ ਪਹਿਲੇ ਫ਼ੈਸਲੇ ‘ਤੇ ਸਿੱਖ ਦੰਗਾ ਪੀੜਿਤ ਪਰਵਾਰ ਪੰਜਾਬ ਦੇ ਪ੍ਰਧਾਨ ਰਾਜਿੰਦਰ ਸਿੰਘ ਸੰਘਾ ਨੇ ਕਿਹਾ ਕਿ ਇਨਸਾਫ਼ ਵਿਚ ਦੇਰੀ ਵੀ ਨਾਇਨਸਾਫ਼ੀ ਹੀ ਹੁੰਦੀ ਹੈ ਪਰ ਮੰਗਲਵਾਰ ਨੂੰ ਆਏ ਫ਼ੈਸਲੇ ਤੋਂ ਇਕ ਉਮੀਦ ਬੱਝਣ ਲੱਗੀ ਹੈ ਕਿ ਸ਼ਾਇਦ ਆਉਣ ਵਾਲੇ ਦਿਨਾਂ ਵਿਚ ਇਨਸਾਫ਼ ਹੋਵੇਗਾ।
ਕਦੇ ਦਿੱਲੀ ਦੇ ਇਕ ਅਮੀਰ ਪਰਵਾਰਾਂ ਵਿਚ ਸ਼ਾਮਿਲ ਰਹੇ ਰਾਜਿੰਦਰ ਸਿੰਘ ਸੰਘਾ 1984 ਨੂੰ ਸਭ ਕੁਝ ਗਵਾ ਕੇ ਮੋਗਾ ਦੇ ਡਰੋਲੀ ਭਾਈ ਪਿੰਡ ਵਿਚ ਜਾ ਕੇ ਵੱਸ ਗਏ ਅਤੇ ਸਧਾਰਣ ਕਿਸਾਨ ਦਾ ਜੀਵਨ ਬਤੀਤ ਕਰਨ ਲੱਗੇ ਹਨ। ਇਥੇ ਆ ਕੇ ਉਨ੍ਹਾਂ ਨੇ ਪੰਜਾਬ ਵਿਚ ਵੱਸਦੇ ਦੰਗਾ ਪੀੜਿਤ ਪਰਵਾਰਾਂ ਨੂੰ ਇਕੱਠੇ ਕਰ ਕੇ ਸੰਗਠਨ ਬਣਾਇਆ ਅਤੇ ਉਨ੍ਹਾਂ ਦੇ ਲਈ ਸੰਘਰਸ਼ ਕੀਤਾ। ਮੈਂ ਰਿੰਗ ਰੋਡ ਸਥਿਤ ਹਯਾਤ ਰੇਜੈਂਸੀ 5 ਸਟਾਰ ਹੋਟਲ ਵਿਚ ਸਹਾਇਕ ਅਸਿਸਟੈਂਟ ਦੀ ਨੌਕਰੀ ਕਰਦਾ ਸੀ।
ਮੇਰੇ ਪਿਤਾ ਜੀ ਆਰਮੀ ਤੋਂ ਰਿਟਾਇਰਡ ਸਨ। ਮਾਂ ਅਤੇ ਪਤਨੀ ਘਰੇਲੂ ਔਰਤਾਂ ਸਨ। 4 ਕੁਆਰੀਆਂ ਭੈਣਾਂ ਸਨ। ਦੋ ਬੇਟੇ ਸਨ। ਇਕ ਡੇਢ ਸਾਲ ਅਤੇ ਦੂਜਾ 1 ਮਹੀਨੇ ਦਾ ਸੀ। 31 ਨੂੰ ਮੈਂ ਕੰਮ ‘ਤੇ ਗਿਆ ਅਤੇ ਰਾਤ 1 ਵਜੇ ਘਰ ਵਾਪਸ ਆਇਆ ਤਾਂ ਇਸ ਖ਼ਬਰ ਤੋਂ ਬਾਅਦ 1 ਨਵੰਬਰ 84 ਨੂੰ ਕੰਮ ‘ਤੇ ਨਹੀਂ ਗਿਆ। ਉਸ ਦਿਨ ਦੁਪਹਿਰ 1 ਵਜੇ ਬਾਹਰ ਰੌਲਾ ਸੁਣ ਕੇ ਨਿਕਲਿਆ ਤਾਂ ਦਿੱਲੀ ਪੁਲਿਸ ਵਿਚ ਏਐਸਆਈ ਤਜਿੰਦਰ ਸਿੰਘ ਗਲੀ ਨੰਬਰ 9 ਤੋਂ ਭੱਜਦਾ ਹੋਇਆ ਆ ਰਿਹਾ ਸੀ ਜੋ ਜ਼ਖ਼ਮੀ ਹਾਲਤ ਵਿਚ ਸੀ।
ਉਸ ਦੇ ਪਿਛੇ 400 ਲੋਕਾਂ ਦਾ ਝੁੰਡ ਸੀ। ਉਹ ਮੇਰੇ ਕੋਲ ਰੁਕਿਆ ਤਾਂ ਝੁੰਡ ਰੁਕ ਗਿਆ। ਇਨ੍ਹੇ ਵਿਚ ਸਾਡੀ ਗੁਆਂਡਣ ਆਂਟੀ ਬਾਹਰ ਆਈ ਅਤੇ ਉਸ ਨੇ ਲੋਕਾਂ ਦੇ ਝੁੰਡ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ ਅਤੇ ਸਾਨੂੰ ਦੋਵਾਂ ਨੂੰ ਅਪਣੇ ਘਰ ਲੈ ਗਈ। ਇਸ ਤੋਂ ਬਾਅਦ ਤਜਿੰਦਰ ਥਾਣੇ ਜਾਣ ਦੀ ਜ਼ਿੱਦ ਕਰਨ ਲੱਗਾ। ਉਸ ਨੂੰ 8 - 10 ਹਿੰਦੂ ਨੌਜਵਾਨਾਂ ਦੇ ਨਾਲ ਥਾਣੇ ਭੇਜ ਦਿਤਾ। ਉਸ ਸਮੇਂ ਤਾਂ ਅਧਿਕਾਰੀ ਉਸ ਨੂੰ ਥਾਣੇ ਦੇ ਅੰਦਰ ਲੈ ਲਿਆ ਪਰ ਬਾਅਦ ਵਿਚ ਧੱਕੇ ਮਾਰ ਕੇ ਬਾਹਰ ਕੱਢ ਦਿਤਾ।
ਤਜਿੰਦਰ ਭੱਜਦਾ ਹੋਇਆ ਉਨ੍ਹਾਂ ਦੇ ਕੋਲ ਆ ਰਿਹਾ ਸੀ ਪਰ ਲੋਕਾਂ ਨੇ ਰਾਡਾਂ ਨਾਲ ਕੁੱਟ-ਕੁੱਟ ਕੇ ਉਸ ਨੂੰ ਅੱਧ-ਮਰਿਆ ਕਰਨ ਤੋਂ ਬਾਅਦ ਕੋਲ ਹੀ ਕੱਪੜੇ ਵਾਲੀ ਦੁਕਾਨ ਤੋਂ ਕੱਪੜਾ ਲੈ ਕੇ ਉਸ ਨੂੰ ਜ਼ਿੰਦਾ ਸਾੜ ਦਿਤਾ। ਇਸ ਘਟਨਾ ਤੋਂ ਬਾਅਦ ਹਰਿਆਣਵੀ ਗੁਆਂਢੀਆਂ ਨੇ ਉਨ੍ਹਾਂ ਦੇ ਪਰਵਾਰ ਨੂੰ ਅਪਣੇ ਘਰ ਵਿਚ ਸ਼ਰਣ ਦਿਤੀ। 2 ਨਵੰਬਰ ਨੂੰ ਸਾਡੀਆਂ ਅੱਖਾਂ ਸਾਹਮਣੇ ਹੀ ਇਕ ਹੋਰ ਸਿੱਖ ਪਰਵਾਰ ਦੇ 7 ਮੈਬਰਾਂ ਦਾ ਕਤਲ ਕਰ ਦਿਤਾ ਗਿਆ।
3 ਨਵੰਬਰ ਤੋਂ ਦਿੱਲੀ ਦੀਆਂ ਸੜਕਾਂ ‘ਤੇ ਮਿਲਟਰੀ ਦੇ ਆ ਜਾਣ ‘ਤੇ ਮੇਰੇ ਪਿਤਾ ਨੇ ਉਨ੍ਹਾਂ ਨੂੰ ਸੰਪਰਕ ਕੀਤਾ ਅਤੇ ਸਾਡਾ ਪਰਵਾਰ ਮਿਲਟਰੀ ਕੈਂਪ ਵਿਚ ਚਲਾ ਗਿਆ। ਉਥੇ 2700 ਲੋਕ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਜ਼ਖ਼ਮੀ ਅਤੇ ਅਪਣਿਆਂ ਨੂੰ ਗਵਾ ਚੁੱਕੇ ਸਨ। 17 ਨਵੰਬਰ 1984 ਨੂੰ ਪਰਵਾਰ ਸਮੇਤ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਆ ਗਏ। ਸੰਘਾ ਨੇ ਦੱਸਿਆ ਕਿ ਉਨ੍ਹਾਂ ਦੀ ਦਿਲੀ ਵਾਲੀ ਕੋਠੀ ਅਤੇ ਉਸ ਦੇ ਸਾਹਮਣੇ 250 ਗਜ ਦੇ ਪਲਾਟ ‘ਤੇ ਲੋਕਾਂ ਨੇ ਕਬਜ਼ਾ ਕਰ ਲਿਆ ਸੀ।
ਉਨ੍ਹਾਂ ਦਾ ਮੌਸੇਰਾ ਭਰਾ ਦਿੱਲੀ ਪੁਲਿਸ ਵਿਚ ਸੀਨੀਅਰ ਅਫ਼ਸਰ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਦੀ ਜ਼ਾਇਦਾਦ ਖ਼ਾਲੀ ਕਰਵਾ ਕੇ ਦਿਤੀ, ਜੋ 1986 ਨੂੰ ਉਨ੍ਹਾਂ ਨੂੰ ਮਿਲੀ। ਉਸ ਨੂੰ ਉਹ ਕਉਡੀਆਂ ਦੇ ਭਾਅ 2 ਲੱਖ ਰੁਪਏ ਵਿਚ ਵੇਚ ਕੇ ਇਥੇ ਆ ਗਏ, ਜੋ ਉਸ ਸਮੇਂ ਕਰੋੜਾਂ ਦੀ ਸੀ।