
ਬਗ਼ਦਾਦ : ਦੋ ਆਤਮਘਾਤੀ ਬੰਬ ਧਮਾਕਿਆਂ ਵਿਚ 28 ਲੋਕਾਂ ਦੀ ਮੌਤ, 73 ਹੋਏ ਜ਼ਖ਼ਮੀ
ਬਗਦਾਦ, 21 ਜਨਵਰੀ : ਰਾਜਧਾਨੀ ਬਗ਼ਦਾਦ ਦੇ ਭੀੜ ਭਰੇ ਬਾਜ਼ਾਰ ’ਚ ਵੀਰਵਾਰ ਨੂੰ ਹੋਏ ਦੋ ਆਤਮਘਾਤੀ ਧਮਾਕਿਆਂ ਵਿਚ ਘੱਟੋ ਘੱਟ 28 ਵਿਅਕਤੀਆਂ ਦੀ ਮੌਤ ਹੋ ਗਈ ਅਤੇ 73 ਹੋਰ ਜ਼ਖ਼ਮੀ ਹੋ ਗਏ।
ਦੇਸ਼ ’ਚ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦੀ ਯੋਜਨਾ ਨੂੰ ਲੈ ਕੇ ਪੈਦਾ ਹੋਏ ਤਣਾਅ ਅਤੇ ਆਰਥਕ ਸੰਕਟ ਦੇ ਵਿਚਕਾਰ ਇਹ ਆਤਮਘਾਤੀ ਹਮਲੇ ਮੱਧ ਬਗਦਾਦ ਦੇ ਬਾਬ ਅਲ ਸ਼ਾਰਕੀ ਵਪਾਰਕ ਖੇਤਰ ਵਿਚ ਹੋਏ ਹਨ। ਅਜੇ ਤਕ ਕਿਸੇ ਨੇ ਵੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਰਾਕੀ ਫ਼ੌਜ ਨੇ ਦਸਿਆ ਕਿ ਇਸ ਹਮਲੇ ਵਿਚ ਘੱਟੋ ਘੱਟ 28 ਲੋਕ ਮਾਰੇ ਗਏ ਅਤੇ 73 ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਕੁੱਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ। ਹਸਪਤਾਲ ਅਤੇ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸ ਘਟਨਾ ਵਿਚ ਘੱਟੋ ਘੱਟ 27 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ 60 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਇਰਾਕ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਧਾਨੀ ’ਚ ਸਥਿਤ ਸਾਰੇ ਹਸਪਤਾਲ ਜ਼ਖ਼ਮੀਆਂ ਦੇ ਇਲਾਜ ’ਚ ਜੁਟੇ ਹੋਏ ਹਨ। ਫ਼ੌਜ ਬੁਲਾਰੇ ਯਾਹੀਆ ਰਸੂਲ ਨੇ ਕਿਹਾ ਕਿ ਸੁਰੱਖਿਆ ਬਲ ਦੋ ਆਤਮਘਾਤੀ ਹਮਲਾਵਰਾਂ ਦਾ ਪਿੱਛਾ ਕਰ ਰਹੇ ਸਨ ਜਿਨ੍ਹਾਂ ਨੇ ਤੇਰਨ ਚੌਕ ਨੇੜੇ ਅਪਣੇ ਆਪ ਬੰਬ ਨਾਲ ਨੂੰ ਉਡਾ ਲਿਆ।
ਲਗਭਗ ਤਿੰਨ ਸਾਲਾਂ ਵਿਚ ਬਗਦਾਦ ਦੇ ਭੀੜ ਭਰੇ ਬਾਜ਼ਾਰ ਵਿਚ ਇਹ ਪਹਿਲਾ ਆਤਮਘਾਤੀ ਹਮਲਾ ਹੈ। ਇਸ ਤੋਂ ਪਹਿਲਾਂ ਸਾਲ 2018 ਵਿਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਹੈਦਰ ਅਲ-ਅਬਾਦੀ ਨੇ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਉੱਤੇ ਜਿੱਤ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਉਸੇ ਖੇਤਰ ਵਿਚ ਆਤਮਘਾਤੀ ਹਮਲਾ ਹੋਇਆ ਸੀ। (ਪੀਟੀਆਈ)