
ਪੰਜਾਬ ਸਰਕਾਰ ਦੀ ਤਰਫ਼ੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਕੇਰਲਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਭੇਜਣ ਲਈ ਖੁਰਾਕੀ ਪਦਾਰਥਾਂ ਦੇ 16 ਟਰੱਕਾਂ.............
ਪਟਿਆਲਾ: ਪੰਜਾਬ ਸਰਕਾਰ ਦੀ ਤਰਫ਼ੋਂ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਕੇਰਲਾ ਦੇ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਭੇਜਣ ਲਈ ਖੁਰਾਕੀ ਪਦਾਰਥਾਂ ਦੇ 16 ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਇਨ੍ਹਾਂ ਟਰੱਕਾਂ ਰਾਹੀਂ ਭੇਜੇ ਖਾਧ ਪਦਾਰਥਾਂ ਵਿੱਚ ਰਸ, ਬਿਸਕੁਟ, ਚੀਨੀ-ਚਾਹਪੱਤੀ, ਸੁੱਕਾ ਦੁੱਧ ਅਤੇ ਪਾਣੀ ਦੀਆਂ ਬੋਤਲਾਂ ਦੇ ਭਰੇ ਇਕ ਲੱਖ ਪੈਕੇਟ ਸ਼ਾਮਲ ਹਨ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ 'ਤੇ ਸਥਿਤ ਪੁੱਡਾ ਇਨਕਲੇਵ-1 ਤੋਂ ਬੀਤੀ ਦੇਰ ਸ਼ਾਮ ਖਾਧ ਸਮੱਗਰੀ ਰਵਾਨਾ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦਸਿਆ
ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਥੇ ਅਪਣੀ ਇਕ ਮਹੀਨੇ ਦੀ ਤਨਖ਼ਾਹ ਕੇਰਲਾ ਰਾਹਤ ਫ਼ੰਡ ਲਈ ਤੁਰਤ ਦੇਣ ਦਾ ਐਲਾਨ ਕੀਤਾ, ਉਥੇ ਹੀ ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਤ ਸੂਬੇ ਨੂੰ 10 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੀ ਭੇਜੀ ਜਾ ਰਹੀ ਹੈ ਤਾਂ ਜੋ ਦੱਖਣੀ ਭਾਰਤ ਦੇ ਹੜ੍ਹ ਪ੍ਰਭਾਵਤ ਸੂਬੇ ਲਈ ਰਾਹਤ ਕਾਰਜਾਂ ਵਿਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ। ਸ੍ਰੀ ਕੁਮਾਰ ਅਮਿਤ ਨੇ ਦਸਿਆ ਕਿ ਇਸ ਦੇ ਨਾਲ ਹੀ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਦੇ ਖਾਣ-ਪੀਣ ਲਈ ਤਿਆਰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਵੀ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਹੈ
ਅਤੇ ਇਸੇ ਤਹਿਤ ਹੀ ਪਟਿਆਲਾ ਤੋਂ ਵੀ 16 ਟਰੱਕਾਂ 'ਚ 1 ਲੱਖ ਪੈਕੇਟ ਖਾਧ ਸਮੱਗਰੀ ਭੇਜੀ ਜਾ ਰਹੀ ਹੈ, ਜਿਸ ਨੂੰ ਅੱਗੇ ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਤ ਸੂਬੇ 'ਚ ਭੇਜੀ ਜਾਣ ਵਾਲੀ ਬਾਕੀ ਦੀ ਖੇਪ ਨਾਲ ਚੰਡੀਗੜ੍ਹ ਤੋਂ ਰਵਾਨਾ ਕੀਤਾ ਜਾਣਾ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਕੇਰਲਾ ਵਿਚ ਹੜ੍ਹਾਂ ਦਾ ਕਹਿਰ ਕੌਮੀ ਤਬਾਹੀ ਹੈ ਜਿਸ ਕਰ ਕੇ ਮੁਲਕ ਦੇ ਹਰੇਕ ਨਾਗਰਿਕ ਵਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਤਾਂ ਜੋ ਕੇਰਲਾ ਵਿਖੇ ਜਨ ਜੀਵਨ ਦੀ ਮੁੜ ਬਹਾਲੀ ਹੋ ਸਕੇ।