
ਕਿਹਾ - ਕਾਂਗਰਸੀਆਂ ਅਤੇ ਅਕਾਲੀਆਂ ਦੀ ਸਰਕਾਰ ਅੱਜ ਤੱਕ ਬੁੱਢੇ ਨਾਲੇ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕੀਆਂ
ਲੁਧਿਆਣਾ : ਲੁਧਿਆਣਾ 'ਚ ਗੰਦੇ ਨਾਲੇ ਦੀ ਸਮੱਸਿਆ ਲੋਕਾਂ ਨੂੰ ਪਹਿਲਾਂ ਤੋਂ ਹੀ ਪ੍ਰੇਸ਼ਾਨ ਕਰ ਰਹੀ ਹੈ ਪਰ ਹੁਣ ਲੋਕਾਂ ਨੂੰ ਹੋਰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੜ੍ਹ ਦੀ ਪਾਣ ਕਾਰਨ ਲੁਧਿਆਣਾ ਦਾ ਬੁੱਢਾ ਨਾਲਾ ਪੂਰਾ ਭਰ ਗਿਆ ਹੈ, ਜਿਸ ਦਾ ਗੰਦਾ ਪਾਣੀ ਆਸਪਾਸ ਦੇ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਚੁੱਕੀ ਹੈ। ਇਸ ਕਾਰਨ ਲੋਕਾਂ ਦਾ ਜਿਊਣਾ ਦੂਭਰ ਹੋ ਗਿਆ ਹੈ।
Sukhpal Singh Khaira
ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਤੇ ਦੁਕਾਨਾਂ 'ਚ ਵੜ੍ਹ ਰਿਹਾ ਹੈ, ਜਿਸ ਕਾਰਨ ਘਰਾਂ 'ਚੋਂ ਗੰਦੀ ਬਦਬੂ ਆ ਰਹੀ ਹੈ। ਉੱਥੇ ਹੀ ਲੋਕਾਂ ਨੂੰ ਖਤਰਨਾਕ ਬਿਮਾਰੀਆਂ ਫ਼ੈਲਣ ਦਾ ਖ਼ਤਰਾ ਵੱਧ ਰਿਹਾ ਹੈ। ਇਸ ਦੌਰਾਨ ਸੁਖਪਾਲ ਸਿੰਘ ਖਹਿਰਾ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ 'ਚ ਪਹੁੰਚੇ। ਉਨ੍ਹਾਂ ਇਲਾਕੇ ਦਾ ਜਾਇਜ਼ਾ ਲੈਂਦੇ ਹੋਏ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਸਰਕਾਰਾਂ 'ਤੇ ਵੱਡੇ-ਵੱਡੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਪੰਜਾਬ 'ਚ ਆਇਆ ਹੋਇਆ ਹੜ੍ਹ ਕੁਦਰਤੀ ਆਫਤ ਨਹੀਂ, ਇਹ 'ਮੈਨ ਮੇਡ' ਆਫਤ ਹੈ, ਕਿਉਂਕਿ ਇਹ ਬੀ.ਬੀ.ਐਮ.ਬੀ. ਦੀ ਨਾਲਾਇਕੀ ਕਾਰਨ ਆਇਆ ਹੈ, ਜਿਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਨਾ ਪੈ ਰਿਹਾ ਹੈ।
Sukhpal Singh Khaira
ਖਹਿਰਾ ਨੇ ਕਿਹਾ ਕਿ ਪੂਰੇ ਸ਼ਹਿਰ ਦੀ ਗੰਦਗੀ ਇਸੇ ਨਾਲੇ 'ਚ ਡਿੱਗ ਰਹੀ ਹੈ, ਜੋ ਕਿ ਸਰਕਾਰ ਦੀ ਨਾਲਾਇਕੀ ਦਾ ਸਬੂਤ ਹਨ। ਇੰਨੇ ਸਾਲ ਬੀਤਣ ਬਾਅਦ ਵੀ ਘਰਾਂ, ਹਸਪਤਾਲਾਂ, ਫੈਕਟਰੀਆਂ ਦੇ ਗੰਧਲੇ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਪਲਾਂਟ ਨਾ ਬਣਾਉਣਾ ਸਰਕਾਰੀ ਕਾਰਗੁਜਾਰੀ 'ਤੇ ਸਵਾਲ ਖੜਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਅਤੇ ਅਕਾਲੀਆਂ ਦੀ ਸਰਕਾਰ ਅੱਜ ਤੱਕ ਬੁੱਢੇ ਨਾਲੇ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕੀਆਂ, ਜਿਸ ਕਾਰਨ ਇਹ ਗੰਦਾ ਨਾਲਾ ਕਈ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਸ ਦੌਰਾਨ ਉਨ੍ਹਾਂ ਨੇ ਮਾਈਨਿੰਗ ਮਾਫੀਆ ਦੇ ਚੱਲ ਰਹੇ ਨੰਗੇ ਨਾਚ ਨੂੰ ਬੰਦ ਕਰਨ ਦੀ ਅਪੀਲ ਵੀ ਕੀਤੀ ਹੈ।