
ਕਣਕ ਦੇ ਖੇਤਾਂ 'ਚ ਲਗਾਤਾਰ ਨਿਰੀਖਣ ਦੀ ਲੋੜ
ਚੰਡੀਗੜ੍ਹ : ਮੌਜੂਦਾ ਮੌਸਮ ਭਾਵੇਂ ਕਣਕ ਦੀ ਫ਼ਸਲ ਲਈ ਸੁਖਾਵਾ ਮੰਨਿਆ ਜਾ ਰਿਹਾ ਹੈ ਪਰ ਜ਼ਿਆਦਾ ਸਰਦ ਹਵਾਵਾਂ ਅਤੇ ਬੱਦਲਵਾਈ ਕਾਰਨ ਕਣਕ 'ਤੇ ਪੀਲੀ ਕੁੰਗੀ ਦਾ ਹਮਲਾ ਹੋ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੁਤੰਤਰ ਕੁਮਾਰ ਐਰੀ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਪੰਜਾਬ ਨੇ ਕਿਹਾ ਕਿ ਇਸ ਬਿਮਾਰੀ ਦੇ ਜੀਵਾਣੂ ਹਵਾ ਰਾਹੀਂ ਨੀਮ ਪਹਾੜੀ ਇਲਾਕਿਆਂ ਤੋਂ ਮੈਦਾਨੀ ਇਲਾਕਿਆਂ ਵਿਚ ਆ ਸਕਦੇ ਹਨ।
Photo
ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਣਕ ਦਾ ਰੋਜ਼ਾਨਾ ਨਿਰੀਖਣ ਕਰਨ ਦੀ ਸਲਾਹ ਵੀ ਦਿਤੀ। ਉਨ੍ਹਾਂ ਕਿਹਾ ਕਿ ਜੇਕਰ ਕਣਕ 'ਤੇ ਬਿਮਾਰੀ ਦਾ ਚਿੰਨ੍ਹ ਜਾਂ ਪੀਲਾ ਪਾਊਡਰ ਨਜ਼ਰ ਆਉਂਦਾ ਹੈ ਇਸ 'ਤੇ 120 ਗਰਾਮ ਨਟੀਵੇ ਜਾਂ 200 ਗਰਾਮ ਪਰੋਪੀਕੇਨਾਜੋਲ ਦਵਾਈ ਦਾ 200 ਏਕੜ ਪਾਣੀ ਦਾ ਘੋਲ ਤਿਆਰ ਕਰ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਦੇਣਾ ਚਾਹੀਦਾ ਹੈ।
Photo
ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਨਿਸ਼ਾਨੀ ਪਹਿਲਾਂ ਧੌੜੀਆਂ ਵਿਚ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ 'ਚ ਪਹਿਲਾਂ ਧੋੜੀਆਂ ਵਿਚ ਹੀ ਸਪਰੇਅ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੋਪੜ, ਫ਼ਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਕੁੱਝ ਥਾਵਾਂ 'ਤੇ ਇਸ ਦੇ ਚਿੰਨ੍ਹ ਵਿਖਾਈ ਦਿਤੇ ਸਨ।
Photo
ਉਨ੍ਹਾਂ ਕਿਹਾ ਕਿ ਇਨ੍ਹਾਂ ਥਾਵਾਂ 'ਤੇ ਬਿਮਾਰੀ ਵਾਲੀਆਂ ਥਾਵਾਂ 'ਤੇ ਸਪਰੇਅ ਕਰ ਦਿਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਕਣਕ ਦੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਨ ਸਬੰਧੀ ਸਲਾਹ ਦਿੰਦਿਆਂ ਬੇਲੋੜੀਆਂ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨਾ ਕਰਨ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਪਣੇ ਖੇਤਾਂ 'ਚ ਖਾਦ ਅਤੇ ਦਵਾਈਆਂ ਦੀ ਵਰਤੋਂ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਹੀ ਕਰਨੀ ਚਾਹੀਦੀ ਹੈ।