ਸੁਖਬੀਰ ਬਾਦਲ ਦੇ ਰਵੱਈਏ ਨੂੰ ਤਾਨਾਸ਼ਾਹੀ ਦਸਦਿਆਂ ਦਿਤੇ ਅਸਤੀਫ਼ੇ
ਭਵਾਨੀਗੜ੍ਹ : ਢੀਂਡਸਾ ਪਿਉਂ-ਪੁੱਤਰ ਵਲੋਂ ਸ਼ੁਰੂ ਕੀਤੀ ਸਿਧਾਂਤਕਵਾਦ ਲਹਿਰ ਦਾ ਘੇਰਾ ਮੋਕਲਾ ਹੁੰਦਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਸਿਧਾਂਤਕਵਾਦੀ ਲਹਿਰ ਦਾ ਹਿੱਸਾ ਬਣਨਾ ਜਾਰੀ ਹੈ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਜੀਤ ਸਿੰਘ ਤੂਰ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਨਿਹਾਲ ਸਿੰਘ ਨੰਦਗੜ੍ਹ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਹਨ।
ਇਨ੍ਹਾਂ ਆਗੂਆਂ ਵਲੋਂ ਇਹ ਅਸਤੀਫ਼ੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਮੁਅੱਤਲ ਕਰਨ ਦੇ ਰੋਸ ਵਜੋਂ ਦਿਤੇ ਗਏ ਹਨ।
ਇਸ ਸਬੰਧੀ ਅੱਜ ਇਥੇ ਪੱਤਰਕਾਰਾਂ ਨੂੰ ਲਿਖਤੀ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਨਾਸ਼ਾਹੀ ਵਾਲਾ ਰਵੱਈਆ ਅਪਣਾ ਕੇ ਪਾਰਟੀ ਦੇ ਸਿਰਮੌਰ ਆਗੂ ਢੀਂਡਸਾ ਵਿਰੁਧ ਤਾਨਾਸ਼ਾਹੀ ਕਾਰਵਾਈ ਕੀਤੀ ਹੈ, ਜੋ ਕਿ ਹਰ ਪਾਰਟੀ ਵਰਕਰ ਨੂੰ ਠੇਸ ਪਹੁੰਚਾਉਣ ਵਾਲੀ ਹੈ।
ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸਿਧਾਂਤਕ ਲੀਹਾਂ 'ਤੇ ਲਿਆਉਣ ਲਈ ਸੁਖਦੇਵ ਸਿੰਘ ਢੀਂਡਸਾ ਵਲੋਂ ਲਏ ਗਏ ਫ਼ੈਸਲੇ ਦੀ ਡਟ ਕੇ ਪ੍ਰੋੜਤਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਪੰਜਾਬ ਅਤੇ ਪੰਥਕ ਮੁੱਦਿਆਂ ਨੂੰ ਤਿਲਾਂਜਲੀ ਦੇਣ ਕਾਰਨ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।