
ਬੀਤੇ ਦਿਨੀ ਨੇੜਲੇ ਪਿੰਡ ਛੀਟਾਂਵਾਲੇ 17 ਸਾਲ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਤ ਵਿਚ ਮੌਤ ਹੋਈ ਸੀ...............
ਨਾਭਾ : ਬੀਤੇ ਦਿਨੀ ਨੇੜਲੇ ਪਿੰਡ ਛੀਟਾਂਵਾਲੇ 17 ਸਾਲ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਤ ਵਿਚ ਮੌਤ ਹੋਈ ਸੀ। ਨੌਜਵਾਨ ਸੁਖਬੀਰ ਸਿੰਘ ਨਾਮ ਦਾ ਕਬੱਡੀ ਖਿਡਾਰੀ ਜਿਸ ਦੀ ਲਾਸ਼ ਉਸ ਦੇ ਘਰ ਦੇ ਗੇਟ 'ਤੇ ਪਈ ਮਿਲੀ ਸੀ। ਪਿੰਡ ਵਾਸੀਆਂ ਅਨੁਸਾਰ ਉਕਤ ਨੌਜਵਾਨ ਚੰਗੇ ਚਾਲ-ਚਲਣ ਵਾਲਾ ਅਤੇ ਖੇਡਾਂ ਵਿਚ ਰੁਚੀ ਰੱਖਣ ਵਾਲਾ ਸੀ ਅਤੇ ਨਸ਼ਿਆਂ ਤੋਂ ਦੂਰ ਸੀ ਪਰੰਤੂ ਦੂਜੇ ਪਾਸੇ ਲੜਕੇ ਦੀ ਮਾਂ ਨਰਿੰਦਰ ਕੌਰ ਅਨੁਸਾਰ ਉਹ ਨਸ਼ਾ ਕਰਨ ਦਾ ਆਦੀ ਸੀ। ਪੁਲਿਸ ਨੇ ਲੜਕੇ ਦੀ ਮਾਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਕੇ ਪੋਸਟ ਮਾਰਟਮ ਉਪਰੰਤ ਵਿਸਰੇ ਦੀ ਰੀਪੋਰਟ ਆਉਣ ਤਕ ਮਾਮਲਾ ਦਰਜ ਕਰ ਲਿਆ ਸੀ।
ਅੱਜ ਪਿੰਡ ਵਾਸੀਆਂ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਪੁਲਿਸ ਉਤੇ ਵਿਤਕਰੇ ਦਾ ਦੋਸ਼ ਲਗਾਉਂਦਿਆਂ ਸਥਾਨਕ ਬੌੜਾਂ ਗੇਟ ਇਕ ਵਿਸ਼ਾਲ ਰੋਸ ਧਰਨਾ ਦਿਤਾ। ਧਰਨਾਕਾਰੀ ਨੌਜਵਾਨ ਸੁੱਖੀ ਦੀ ਮੌਤ ਨੂੰ ਕਤਲ ਦਾ ਮਾਮਲਾ ਦੱਸ ਰਹੇ ਸਨ ਅਤੇ ਮੰਗ ਕਰ ਰਹੇ ਸਨ ਕਿ ਉਸ ਦੇ ਕਤਲ ਸਬੰਧੀ ਮਾਮਲਾ ਦਰਜ਼ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਧਰਨੇ ਕਾਰਨ ਪਟਿਆਲਾ, ਮਾਲੇਰਕੋਟਲਾ, ਧੂਰੀ, ਸੰਗਰੂਰ ਬਿਰਾਸਤਾ ਨਾਭਾ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਔਖ ਦਾ ਸਾਹਮਣਾ ਕਰਨਾ ਪਿਆ।
ਪਿੰਡ ਛੀਟਾਂਵਾਲੇ ਦੇ ਸਾਬਕਾ ਸਰਪੰਚ ਪੰਜਾਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮ੍ਰਿਤਕ ਸੁਖਬੀਰ ਸਿੰਘ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਹੀ ਸੜਕੀ ਹਾਦਸੇ ਵਿੱਚ ਮੌਤ ਹੋ ਗਈ ਸੀ ਅਤੇ ਉਸ ਦੇ ਦਾਦਾ ਅਤੇ ਦਾਦੀ ਦੀ ਵੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਅਚਾਨਕ ਘਰ ਵਿੱਚ ਚੌਥੀ ਮੌਤ ਨੇ ਵੱਡੇ ਸਵਾਲ ਖੜੇ ਕੀਤੇ ਹੋਏ ਹਨ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਡੂੰਘੀ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਮੌਤ ਨੂੰ ਕੁਦਰਤੀ ਮੌਤ ਨਾ ਮੰਨਿਆ ਜਾਵੇ ਕਿਉਂਕਿ ਇਲਾਕਾ ਨਿਵਾਸੀਆਂ ਅਨੁਸਾਰ ਇਹ ਮਾਮਲਾ ਕਤਲ ਦਾ ਹੈ।
ਇਸ ਸਬੰਧੀ ਪੁਲਿਸ ਦੇ ਉੱਪ ਕਪਤਾਨ ਦਵਿੰਦਰ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਅਗਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਪੁਲਿਸ ਉਸ ਵਿਰੁਧ ਸਖ਼ਤ ਕਾਰਵਾਈ ਕਰੇਗੀ। ਪੁਲਿਸ ਵਲੋਂ ਕਥਿਤ ਦੋਸ਼ੀਆਂ ਵਿਰੁਧ ਯੋਗ ਕਾਰਵਾਈ ਦੇਣ ਦਾ ਭਰੋਸਾ ਮਿਲਣ ਉਪਰੰਤ ਧਰਨਾ ਚੁੱਕਿਆ ਗਿਆ।