
ਡੀਡੀਸੀਏ ਨੇ ਮੇਰੇ ਸਬਰ ਦੀ ਪ੍ਰੀਖਿਆ ਲਈ ਹੈ ਅਤੇ ਮੈਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਹੈ - ਬਿਸ਼ਨ ਸਿੰਘ ਬੇਦੀ
ਚੰਡੀਗੜ੍ਹ - ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਡੀਡੀਸੀਏ ਦੇ ਮਰਹੂਮ ਪ੍ਰਧਾਨ ਅਰੁਣ ਜੇਤਲੀ ਦਾ ਬੁੱਤ ਲਗਾਉਣ ਦੇ ਫੈਸਲੇ ਦਾ ਮਹਾਨ ਸਪਿੰਨਰ ਬਿਸ਼ਨ ਸਿੰਘ ਬੇਦੀ ਨੇ ਜ਼ੋਰਦਾਰ ਵਿਰੋਧ ਕਰਦਿਆਂ ਕ੍ਰਿਕਟ ਐਸੋਸੀਏਸ਼ਨ ਨੂੰ ਮਹਿਮਾਨਾਂ ਦੀ ਗੈਲਰੀ ਤੋਂ ਆਪਣਾ ਨਾਂ ਹਟਾਉਣ ਲਈ ਕਿਹਾ ਹੈ। ਡੀਡੀਸੀਏ ਦੇ ਮੌਜੂਦਾ ਪ੍ਰਧਾਨ ਅਤੇ ਅਰੁਣ ਜੇਤਲੀ ਦੇ ਬੇਟੇ ਰੋਹਨ ਜੇਤਲੀ ਨੂੰ ਲਿਖੀ ਚਿੱਠੀ ਵਿਚ ਬੇਦੀ ਨੇ ਕਿਹਾ, "ਮੈਂ ਬਹੁਤ ਸਹਿਣਸ਼ੀਲ ਵਿਅਕਤੀ ਹਾਂ ਪਰ ਹੁਣ ਮੇਰਾ ਸਬਰ ਟੁੱਟ ਰਿਹਾ ਹੈ। ਡੀਡੀਸੀਏ ਨੇ ਮੇਰੇ ਸਬਰ ਦੀ ਪ੍ਰੀਖਿਆ ਲਈ ਹੈ ਅਤੇ ਮੈਨੂੰ ਇਹ ਸਖ਼ਤ ਕਦਮ ਚੁੱਕਣ ਲਈ ਮਜ਼ਬੂਰ ਕੀਤਾ ਹੈ।”
Bishan Singh Bedi
ਬੇਦੀ ਨੇ ਕਿਹਾ,“ ਸ੍ਰੀਮਾਨ, ਮੈਂ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਕਿ ਉਸ ਸਟੈਂਡ ਤੋਂ ਮੇਰਾ ਨਾਮ ਹਟਾ ਦਿੱਤਾ ਜਾਵੇ ਜੋ ਮੇਰੇ ਨਾਮ ਦੇ ਹੈ ਅਤੇ ਇਹ ਤੁਰੰਤ ਕੀਤਾ ਜਾਣਾ ਚਾਹੀਦਾ ਹੈ। ਮੈਂ ਡੀਡੀਸੀਏ ਦੀ ਮੈਂਬਰਸ਼ਿਪ ਵੀ ਛੱਡ ਰਿਹਾ ਹਾਂ। ਕ੍ਰਿਕਟ ਸੰਘ ਜੇਤਲੀ ਦੀ ਯਾਦ ਵਿਚ ਛੇ ਫੁੱਟ ਦਾ ਬੁੱਤ ਸਟੇਡੀਅਮ ਵਿਚ ਲਗਵਾਉਣ ਦੀ ਸੋਚ ਰਿਹਾ ਹੈ।
Delhi & District Cricket Association
ਬੇਦੀ ਨੇ ਅੱਗੇ ਆਪਣੀ ਚਿੱਠੀ ਵਿਚ ਕਿਹਾ, 'ਮੈਂ ਇਹ ਫੈਸਲਾ ਬਹੁਤ ਸੋਚ-ਸਮਝ ਕੇ ਲਿਆ ਹੈ। ਮੈਂ ਉਨ੍ਹਾਂ ਲੋਕਾਂ ਵਿਚੋਂ ਨਹੀਂ ਹਾਂ ਜੋ ਸਨਮਾਨ ਦਾ ਅਪਮਾਨ ਕਰਦੇ ਹਨ ਪਰ ਅਸੀਂ ਜਾਣਦੇ ਹਾਂ ਕਿ ਸਨਮਾਨ ਦੇ ਨਾਲ ਜ਼ਿੰਮੇਵਾਰੀ ਵੀ ਆਉਂਦੀ ਹੈ। ਮੈਂ ਸਨਮਾਨ ਵਾਪਸ ਕਰ ਰਿਹਾ ਹਾਂ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਜਿਹੜੀਆਂ ਕਦਰਾਂ ਕੀਮਤਾਂ ਨਾਲ ਮੈਂ ਕ੍ਰਿਕਟ ਖੇਡਿਆ ਹੈ, ਉਹ ਮੇਰੀ ਰਿਟਾਇਰਮੈਂਟ ਤੋਂ ਚਾਰ ਦਹਾਕਿਆਂ ਬਾਅਦ ਵੀ ਉਹੀ ਹਨ।'
Bishan Singh Bedi
ਉਨ੍ਹਾਂ ਕਿਹਾ ਕਿ ਉਹ ਕਦੇ ਵੀ ਜੇਤਲੀ ਦੇ ਕੰਮ ਕਰਨ ਦੇ ਢੰਗ ਦੇ ਮੁਰੀਦ ਨਹੀਂ ਰਹੇ ਹਨ ਅਤੇ ਹਮੇਸ਼ਾਂ ਉਨ੍ਹਾਂ ਫੈਸਲਿਆਂ ਦਾ ਵਿਰੋਧ ਕੀਤਾ ਜੋ ਉਨ੍ਹਾਂ ਨੂੰ ਸਹੀ ਨਹੀਂ ਲਗਦੇ ਸਨ। ਉਨ੍ਹਾਂ ਨੇ ਕਿਹਾ, 'ਉਹ ਜਿਸ ਤਰ੍ਹਾਂ ਲੋਕਾਂ ਨੂੰ ਡੀਡੀਸੀਏ ਦਾ ਕੰਮ ਚਲਾਉਣ ਲਈ ਚੁਣਦੇ ਸੀ, ਉਸ ਨੂੰ ਲੈ ਕੇ ਮੇਰਾ ਇਤਰਾਜ਼ ਸਭ ਨੂੰ ਪਤਾ ਹੈ। ਮੈਂ ਇਕ ਵਾਰ ਉਨ੍ਹਾਂ ਦੇ ਘਰ ਚੱਲ ਰਹੀ ਇਕ ਮੀਟਿੰਗ ਤੋਂ ਬਾਹਰ ਆ ਗਿਆ ਸੀ ਕਿਉਂਕਿ ਉਹ ਉਸ ਆਦਮੀ ਨੂੰ ਬਾਹਰ ਦਾ ਰਸਤਾ ਨਹੀਂ ਦਿਖਾ ਸਕੇ ਸਨ ਜੋ ਦੁਰਵਿਵਹਾਰ ਕਰ ਰਿਹਾ ਸੀ।'
Delhi & District Cricket Association
ਬੇਦੀ ਨੇ ਕਿਹਾ, 'ਮੈਂ ਇਸ ਮਾਮਲੇ ਵਿਚ ਬਹੁਤ ਸਖ਼ਤ ਹਾਂ। ਸ਼ਾਇਦ ਕਾਫ਼ੀ ਪੁਰਾਣੇ ਖ਼ਿਆਲ ਦਾ ਪਰ ਮੈਨੂੰ ਇਕ ਭਾਰਤੀ ਕ੍ਰਿਕਟਰ ਹੋਣ 'ਤੇ ਇੰਨਾ ਮਾਣ ਹੈ ਕਿ ਮੈਂ ਅਰੁਣ ਜੇਤਲੀ ਦੇ ਚਾਪਲੂਸੀ ਕਰਨ ਵਾਲਿਆ ਨਾਲ ਭਰੇ ਦਰਬਾਰ ਵਿਚ ਜਾਣਾ ਜ਼ਰੂਰੀ ਨਹੀਂ ਸਮਝਦਾ ਸੀ।' ਉਨ੍ਹਾਂ ਕਿਹਾ, 'ਫਿਰੋਜ਼ਸ਼ਾਹ ਕੋਟਲਾ ਮੈਦਾਨ ਦਾ ਨਾਮ ਮਰਹੂਮ ਅਰੁਣ ਜੇਤਲੀ ਦੇ ਨਾਂ 'ਤੇ ਰੱਖਿਆ ਗਿਆ ਸੀ, ਜੋ ਗਲਤ ਸੀ। ਪਰ ਮੈਂ ਸੋਚਿਆ ਕਿ ਕਿਸੇ ਸਮੇਂ ਤਾਂ ਸਮੱਤ ਆਵੇਗੀ। ਪਰ ਮੈਂ ਗਲਤ ਸੀ। ਹੁਣ ਮੈਂ ਸੁਣਿਆ ਹੈ ਕਿ ਅਰੁਣ ਜੇਤਲੀ ਦਾ ਕੋਟਲਾ 'ਤੇ ਬੁੱਤ ਲਗਾਇਆ ਜਾ ਰਿਹਾ ਹੈ। ਮੈਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ। '