
ਬਹੁ ਚਰਚਿਤ ਜੱਸੀ ਸਿੱਧੂ ਕਤਲ ਮਾਮਲੇ ’ਚ 19 ਸਾਲ ਬਾਅਦ ਵੱਡੀ ਕਾਰਵਾਈ ਸਾਹਮਣੇ ਆਈ ਹੈ। ਇਸ ਮਾਮਲੇ ’ਚ ਮੁਲਜ਼ਮ ਜੱਸੀ ਦੀ ਮਾਂ ਅਤੇ ਮਾਮੇ ਨੂੰ ਕੈਨੇਡੀਅਨ ਸਰਕਾਰ...
ਚੰਡੀਗੜ੍ਹ : ਬਹੁ ਚਰਚਿਤ ਜੱਸੀ ਸਿੱਧੂ ਕਤਲ ਮਾਮਲੇ ’ਚ 19 ਸਾਲ ਬਾਅਦ ਵੱਡੀ ਕਾਰਵਾਈ ਸਾਹਮਣੇ ਆਈ ਹੈ। ਇਸ ਮਾਮਲੇ ’ਚ ਮੁਲਜ਼ਮ ਜੱਸੀ ਦੀ ਮਾਂ ਅਤੇ ਮਾਮੇ ਨੂੰ ਕੈਨੇਡੀਅਨ ਸਰਕਾਰ ਨੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤੈ। ਸੰਨ 2000 ’ਚ ਅਣਖ ਦੀ ਖਾਤਰ ਕੈਨੇਡਾ 'ਚ ਜੰਮੀ ਜਸਵਿੰਦਰ ਸਿੱਧੂ ਉਰਫ ਜੱਸੀ ਦਾ ਕਤਲ ਕਰਵਾ ਦਿੱਤਾ ਗਿਆ ਸੀ ਕਿਉਂਕਿ ਉਸਨੇ ਆਪਣੇ ਪਰਿਵਾਰ ਦੀ ਮਰਜ਼ੀ ਖ਼ਿਲਾਫ ਸੁਖਵਿੰਦਰ ਸਿੰਘ ਸਿੱਧੂ ਉਰਫ ਮਿੱਠੂ ਨਾਲ ਵਿਆਹ ਕਰਵਾ ਲਿਆ ਸੀ। ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ 'ਤੇ ਕਤਲ ਦੇ ਦੋਸ਼ ਲੱਗੇ ਅਤੇ ਉਹ ਕੈਨੇਡੀਅਨ ਨਾਗਰਿਕ ਹੋਣ ਕਾਰਨ 19 ਸਾਲ ਬਚੇ ਰਹੇ।
Jassi old picture
ਪਰ ਅਦਾਲਤੀ ਹੁਕਮਾਂ ਤੋਂ ਬਾਅਦ ਹੁਣ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਐ। 1996 ’ਚ ਕੈਨੇਡਾ ਦੀ ਜੰਮਪਲ ਜੱਸੀ ਦੀ ਪੰਜਾਬ ਫੇਰੀ ਦੌਰਾਨ ਆਟੋ ਡਰਾਈਵਰ ਮਿੱਠੂ ਨਾਲ ਮੁਲਾਕਾਤ ਹੋਈ ਸੀ, ਜਿਸ ਤੋਂ ਬਾਅਦ ਦੋਵਾਂ ਨੂੰ ਪਿਆਰ ਹੋ ਗਿਆ। 1999 ’ਚ ਜੱਸੀ ਫੇਰ ਕੈਨੇਡਾ ਤੋਂ ਭਾਰਤ ਆਈ ਅਤੇ ਉਸ ਨੇ ਮਿੱਠੂ ਨਾਲ ਵਿਆਹ ਕਰਵਾ ਲਿਆ ਪਰ ਇਹ ਰਿਸ਼ਤਾ ਜੱਸੀ ਦੇ ਪਰਿਵਾਰ ਨੂੰ ਹਜ਼ਮ ਨਹੀਂ ਸੀ ਹੋ ਰਿਹੈ। ਕੈਨੇਡਾ ਬੈਠੇ ਜੱਸੀ ਦੀ ਮਾਂ ਅਤੇ ਮਾਮੇ ਨੇ ਸੁਪਾਰੀ ਦੇ ਕੇ ਮਿੱਠੂ ਸਿੱਧੂ ਨੂੰ ਖ਼ਤਮ ਕਰਨ ਦੀ ਸਾਜਿਸ਼ ਘੜੀ। ਸੰਨ 2000 ’ਚ ਜੱਸੀ ਅਤੇ ਮਿੱਠੂ ’ਤੇ ਹਮਲਾ ਹੋਇਆ, ਜਿਸ ਦੌਰਾਨ ਜੱਸੀ ਦੀ ਮੌਤ ਹੋ ਗਈ ਜਦਕਿ ਮਿੱਠੂ ਬੱਚ ਗਿਆ।
Jassi Sidhu
ਪੰਜਾਬ ਪੁਲਿਸ ਨੇ ਇਸ ਨੂੰ ਆਨਰ ਕਿਲਿੰਗ ਕਰਾਰ ਦਿੱਤਾ ਸੀ ਅਤੇ ਇਸ ਦੇ ਸਬੂਤ ਵੀ ਪੁਲਿਸ ਨੂੰ ਮਿਲੇ ਸੀ। 2002 ’ਚ ਪੁਲਿਸ ਨੇ ਕੈਨੇਡਾ ਸਰਕਾਰ ਤੋਂ ਦੋਵੇਂ ਮੁਲਜ਼ਮਾਂ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਜਿਸਨੂੰ ਸਫਲਤਾ ਨਹੀਂ ਮਿਲੀ। 2017 ’ਚ ਕੈਨੇਡਾ ਦੀ ਅਦਾਲਤ ਨੇ ਮੁਲਜ਼ਮਾਂ ਨੂੰ ਪੰਜਾਬ ਪੁਲਿਸ ਹਵਾਲੇ ਕਰਨ ਦਾ ਹੁਕਮ ਸੁਣਾ ਦਿੱਤਾ ਜਿਸ ਦੀ ਮੁਲਜ਼ਮਾਂ ਦੇ ਵਕੀਲ ਵੱਲੋਂ ਜੁਡੀਸ਼ੀਅਲ ਰਿਵੀਊ ਦੀ ਮੰਗ ਕੀਤੀ ਜਿਸਨੂੰ 2018 ’ਚ ਰੱਦ ਕਰ ਦਿੱਤਾ ਗਿਆ।
Family
ਲੰਬੇ ਸਮੇਂ ਤੋਂ ਆਪਣੀ ਪਤਨੀ ਦੇ ਕਤਲ ਮਾਮਲੇ ’ਚ ਇਨਸਾਫ ਦੀ ਭਾਲ ਕਰ ਰਹੇ ਮਿੱਠੂ ਸਿੱਧੂ ਨੂੰ ਹੁਣ ਕੁਝ ਆਸ ਬੱਝੀ ਏ ਕਿ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਅਤੇ ਉਹ ਵੀ ਚੈਨ ਦੀ ਸਾਹ ਲੈ ਸਕੇਗਾ। ਮਿੱਠੂ ਸਿੱਧੂ ਨੇ ਇਸ ਪੂਰੇ ਮਾਮਲੇ ’ਚ ਪੁਲਿਸ ਵੱਲੋਂ ਕੀਤੀਆਂ ਕੋਸ਼ਿਸ਼ਾਂ ਦਾ ਵੀ ਧੰਨਵਾਦ ਕੀਤੈ।