
ਪੰਜਾਬ ਸਰਕਾਰ ਮੁੜ ਕਰੇਗੀ ਕੇਂਦਰ ਤਕ ਪਹੁੰਚ, 6200 ਕਰੋੜ ਰੁਪਏ ਦੇ ਮਾਲੀਏ ਦਾ ਹੋ ਰਿਹੈ ਨੁਕਸਾਨ
ਚੰਡੀਗੜ੍ਹ, 23 ਅਪ੍ਰੈਲ (ਸਸਸ): ਮੁੱਖ ਮੰਤਰੀ ਨੇ ਕੇਂਦਰ ਨੂੰ ਲਿਖਿਆ ਸੀ ਕਿ ਪੰਜਾਬ ਨੂੰ ਕਿਸੇ ਪਾਸਿਉਂ ਮਾਲੀਆ ਨਹੀਂ ਆ ਰਿਹਾ, ਇਸ ਨੂੰ ਕੁੱਝ ਚੋਣਵੇਂ ਇਲਾਕਆਂ 'ਚ ਸ਼ਰਾਬ ਦੀ ਸੀਮਤ ਵਿਕਰੀ ਕਰਨ ਦੀ ਆਗਿਆ ਦਿਤੀ ਜਾਵੇ ਤਾਕਿ ਖ਼ਜ਼ਾਨੇ 'ਚ ਮਾਲੀਆ ਆ ਸਕੇ। ਮੁੱਖ ਮੰਤਰੀ ਨੇ ਇਹ ਪੇਸ਼ਕਸ਼ ਵੀ ਕੀਤੀ ਸੀ ਕਿ ਜੇ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਦਿਤੀ ਜਾ ਸਕਦੀ ਤਾਂ ਪੰਜਾਬ ਸਰਕਾਰ ਘਰ ਘਰ ਬੰਦੇ ਭੇਜ ਕੇ ਵੀ ਸ਼ਰਾਬ ਦੀ ਡਿਲੀਵਰੀ ਕਰਨ ਨੂੰ ਤਿਆਰ ਹੈ।
File photo
ਪਰ ਕੇਂਦਰ ਨੇ ਇਹ ਦੋਵੇਂ ਬੇਨਤੀਆਂ ਪੂਰੀ ਤਰ੍ਹਾਂ ਰੱਦ ਕਰ ਦਿਤੀਆਂ ਹਨ ਅਤੇ ਕਿਹਾ ਹੈ ਕਿ 3 ਮਈ ਤਕ ਕਿਸੇ ਵੀ ਨਸ਼ੇ ਦੀ ਵਿਕਰੀ ਆਗਿਆ ਨਹੀਂ ਦਿਤੀ ਜਾਵੇਗੀ। ਨਸ਼ਿਆਂ ਵਿਚ ਤਮਾਕੂ ਅਤੇ ਗੁਟਖ਼ਾ ਵੀ ਸ਼ਾਮਲ ਹੈ ਅਤੇ ਸ਼ਰਾਬ ਵੀ। ਪੰਜਾਬ ਸਰਕਾਰ ਲਈ ਇਹ ਡਾਢੀ ਬੇਚੈਨੀ ਵਾਲੀ ਖ਼ਬਰ ਹੈ ਕਿਉਂਕਿ ਖ਼ਾਲੀ ਖ਼ਜ਼ਾਨੇ ਨਾਲ ਇਹਦੇ ਲਈ ਜ਼ਰੂਰੀ ਖ਼ਰਚਿਆਂ ਦਾ ਪ੍ਰਬੰਧ ਕਰਨਾ ਔਖਾ ਹੋਇਆ ਪਿਆ ਹੈ। ਮੁੱਖ ਮੰਤਰੀ ਨੇ ਜੀ.ਐਸ.ਟੀ. ਦੇ 440 ਕਰੋੜ ਰੁਪਏ ਵੀ ਪੰਜਾਬ ਨੂੰ ਦੇਣ ਦੀ ਮੰਗ ਕੀਤੀ ਸੀ ਪਰ ਕੇਂਦਰ ਨੇ ਉਸ ਬਾਰੇ ਵੀ ਚੁੱਪੀ ਧਾਰ ਲਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀਂ ਰਾਜ ਦੀ ਵਿੱਤੀ ਸਥਿਤੀ ਨੂੰ ਲੈ ਕੇ ਮੰਤਰੀਆਂ ਦੀ ਕਮੇਟੀ ਨਾਲ ਮੀਟਿੰਗ ਵੀ ਕੀਤੀ ਸੀ। ਮਿਲੀ ਜਾਣਕਾਰੀ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਨੂੰ ਕੇਦਰ ਵਲੋਂ ਜਵਾਬ ਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਤਾਲਾਬੰਦੀ ਦੇ ਚਲਦੇ 3 ਮਈ ਤਕ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਆਗਿਆ ਨਹੀਂ ਦਿਤੀ ਜਾ ਸਕਦੀ।
captain Amarinder singh
ਪੰਜਾਬ ਸਰਕਾਰ ਵਲੋਂ ਕੇਂਦਰ ਨੂੰ ਲਿਖੀ ਚਿੱਠੀ 'ਚ ਦਸਿਆ ਗਿਆ ਸੀ ਕਿ ਸੂਬ ਨੂੰ ਘੱਟ-ਤੋਂ ਘੱਟ 6200 ਕਰੋੜ ਰੁਪਏ ਦੀ ਆਮਦਨ ਦਾ ਨੁਕਸਾਨ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰ ਵਲੋਂ ਪੰਜਾਬ ਦੀ ਤਜਵੀਜ਼ ਨਾਮਨਜ਼ੂਰ ਕਰਨ ਤੋਂ ਬਾਅਦ ਮੁੜ ਕੇਂਦਰ ਤਕ ਪਹੁੰਚ ਕਰ ਕੇ ਠੇਕੇ ਖੋਲ੍ਹਣ ਦੀ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰੇਗੀ।