
ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਰਾਜ ਸਰਕਾਰ ਵਲੋਂ ਸ਼ੁਰੂ ਕੀਤੀ ਯਕੀਨਨ ਸੇਵਾ ਤਰੱਕੀ (ਐਸ਼ੋਓਰਡ ਕਰੀਅਰ ਪ੍ਰੋਗਰੈਸ਼ਨ) ਤਹਿਤ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ.............
ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਰਾਜ ਸਰਕਾਰ ਵਲੋਂ ਸ਼ੁਰੂ ਕੀਤੀ ਯਕੀਨਨ ਸੇਵਾ ਤਰੱਕੀ (ਐਸ਼ੋਓਰਡ ਕਰੀਅਰ ਪ੍ਰੋਗਰੈਸ਼ਨ) ਤਹਿਤ ਡੀ.ਜੀ.ਪੀ ਪੰਜਾਬ ਸੁਰੇਸ਼ ਅਰੋੜਾ ਨੇ ਰਸਮੀ ਤੌਰ 'ਤੇ 'ਇਕ ਰੈਂਕ ਵੱਧ ਤਰੱਕੀ' ਸਕੀਮ ਦੀ ਸ਼ੁਰੂਆਤ ਕਰਦਿਆਂ 11 ਵੱਖ-ਵੱਖ ਪੁਲਿਸ ਕਰਮਚਾਰੀਆਂ ਦੇ ਮੋਢੇ 'ਤੇ ਸਟਾਰ ਲਾ ਕੇ ਤਰੱਕੀ ਦਿਤੀ। ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਅਰੋੜਾ ਵਲੋਂ ਸਬ-ਇੰਸਪੈਕਟਰ ਕੁਲਬੀਰ ਸਿੰਘ (384/ਰੂਪਨਗਰ) ਅਤੇ ਇੰਦਰਮੋਹਨ (158/ਪਟਿਆਲਾ) ਨੂੰ ਇੰਸਪੈਕਟਰ ਦੇ ਤੌਰ 'ਤੇ ਲੋਕਲ ਰੈਂਕ ਦੀ ਤਰੱਕੀ ਦਿਤੀ।
ਇਸੇ ਤਰ੍ਹਾਂ ਸਹਾਇਕ ਸਬ-ਇੰਸਪੈਕਟਰ ਹਰਭਜਨ ਸਿੰਘ (142/ਲੁਧਿਆਣਾ), ਗੁਰਮੇਲ ਸਿੰਘ (124/ਬਠਿੰਡਾ), ਸ਼ਸ਼ੀਪਾਲ (22/ਜਲੰਧਰ), ਪ੍ਰਦੀਪ ਕੁਮਾਰ (2059/ਪਟਿਆਲਾ), ਕਰਮਜੀਤ ਸਿੰਘ (1014/ਪਟਿਆਲਾ) ਅਤੇ ਪਾਲ ਸਿੰਘ (1622/ਪਟਿਆਲਾ) ਨੂੰ ਸਬ-ਇੰਸਪੈਕਟਰ ਵਜੋਂ ਸਟਾਰ ਲਾ ਕੇ ਲੋਕਲ ਰੈਂਕ ਵਿਚ ਪਦਉਨਤ ਕੀਤਾ। ਇਨ੍ਹਾਂ ਤੋਂ ਇਲਾਵਾ ਹੌਲਦਾਰ (ਹੈਡ ਕਾਂਸਟੇਬਲ) ਮਲਕੀਅਤ ਸਿੰਘ (2367/ਲੁਧਿਆਣਾ), ਜਗਦੀਪ ਸਿੰਘ (3193/ਪਟਿਆਲਾ) ਅਤੇ ਹਰਭਜਨ ਸਿੰਘ (2622/ਪਟਿਆਲਾ) ਨੂੰ ਬਤੌਰ ਸਹਾਇਕ ਸਬ-ਇੰਸਪੈਕਟਰ ਵਜੋਂ ਸਟਾਰ ਲਾ ਕੇ ਲੋਕਲ ਰੈਂਕ ਵਿਚ ਪਦਉਨਤ ਕੀਤਾ।
ਇਸ ਮੌਕੇ ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਤਰੱਕੀ ਜਾਫ਼ਤਾ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਹ ਭਵਿੱਖ ਵਿਚ ਹੋਰ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਲੋਂ ਲਾਗੂ ਕੀਤੀ ਇਸ ਐਸ਼ੋਓਰਡ ਕਰੀਅਰ ਪ੍ਰੋਗਰੈਸ਼ਨ ਸਕੀਮ ਤਹਿਤ ਹੁਣ ਕਿਸੇ ਮੁਲਾਜ਼ਮ ਨੂੰ ਅਪਣੀ ਤਰੱਕੀ ਲਈ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਕੋਈ ਵੀ ਕਰਮਚਾਰੀ ਏ.ਐਸ.ਆਈ ਦੇ ਅਹੁਦੇ 'ਤੇ ਪਦਉਨਤ ਹੋਣ ਤੋਂ ਪਹਿਲਾਂ ਸੇਵਾਮੁਕਤ ਨਹੀਂ ਹੋਵੇਗਾ।