
ਹੜ੍ਹ ਦੀ ਮਾਰ ਹੇਠ ਆਏ ਕੇਰਲਾ ਸੂਬੇ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਹੁਣ ਤੱਕ 259 ਟਨ ਤੋਂ ਵੀ ਜ਼ਿਆਦਾ ਦੀ ਖਾਧ ਸਮੱਗਰੀ ਸਹਾਇਤਾ ਵੱਜੋਂ ਭੇਜੀ ਜਾ ਚੁੱਕੀ ਹੈ........
ਚੰਡੀਗੜ੍ਹ : ਹੜ੍ਹ ਦੀ ਮਾਰ ਹੇਠ ਆਏ ਕੇਰਲਾ ਸੂਬੇ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਹੁਣ ਤੱਕ 259 ਟਨ ਤੋਂ ਵੀ ਜ਼ਿਆਦਾ ਦੀ ਖਾਧ ਸਮੱਗਰੀ ਸਹਾਇਤਾ ਵੱਜੋਂ ਭੇਜੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ ਅਤੇ ਆਫਤ ਪ੍ਰਬੰਧਨ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਮਾਲ ਵਿਭਾਗ ਦੀ ਇਕ ਉੱਚ ਪੱਧਰੀ ਤਿੰਨ ਮੈਂਬਰੀ ਟੀਮ ਖਾਧ ਸਮੱਗਰੀ ਸਮੇਤ 18 ਅਗਸਤ ਨੂੰ ਕੇਰਲਾ ਭੇਜੀ ਗਈ ਸੀ ਜਿੱਥੇ ਉਹ ਇਕ ਹਫਤੇ ਤੋਂ ਰਾਹਤ ਕਾਰਜਾਂ ਸਬੰਧੀ ਕੇਰਲਾ ਅਤੇ ਪੰਜਾਬ ਵਿਚਕਾਰ ਤਾਲਮੇਲ ਵਿਚ ਰੁੱਝੀ ਹੋਈ ਹੈ।
ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮ.ਪੀ. ਸਿੰਘ ਨੇ ਦੱਸਿਆ ਕਿ ਪੰਜਾਬ ਵੱਲੋਂ ਕੇਰਲਾ ਭੇਜੀ ਗਈ ਤਿੰਨ ਮੈਂਬਰੀ ਟੀਮ ਵਿਚ ਮਾਲ ਵਿਭਾਗ ਦੇ ਲੈਂਡ ਰਿਕਾਰਡਜ਼ ਦੇ ਡਾਇਰੈਕਟਰ ਸ੍ਰੀ ਬਸੰਤ ਗਰਗ, ਫਿਲੌਰ ਦੇ ਤਹਿਸੀਲਦਾਰ ਸ੍ਰੀ ਤਪਨ ਭਨੋਟ ਅਤੇ ਫਤਹਿਗੜ੍ਹ ਸਾਹਿਬ ਦੇ ਤਹਿਸੀਲਦਾਰ ਸ੍ਰੀ ਗੁਰਜਿੰਦਰ ਸਿੰਘ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਟੀਮ ਤਿਰੂਵਨੰਤਪੁਰਮ ਵਿਖੇ ਤਾਇਨਾਤ ਹੈ ਜੋ ਕਿ ਰਾਹਤ ਕਾਰਵਾਈਆਂ ਨੂੰ ਵਧੀਆ ਤਰੀਕੇ ਨਾਲ ਅੰਜ਼ਾਮ ਦੇਣ ਲਈ ਕੇਰਲ ਸਰਕਾਰ ਨਾਲ ਤਾਲਮੇਲ ਵਿੱਚ ਹੈ।