
1984 ਸਿੱਖ ਕਤਲੇਆਮ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋ ਰਹੀ ਸਿਆਸਤ 'ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ...
ਚੰਡੀਗੜ੍ਹ (ਭਾਸ਼ਾ) : 1984 ਸਿੱਖ ਕਤਲੇਆਮ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੋ ਰਹੀ ਸਿਆਸਤ 'ਤੇ ਤਿੱਖਾ ਹਮਲਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨੇ 'ਤੇ ਲਿਆ ਹੈ। ਭਗਵੰਤ ਮਾਨ ਨੇ ਸੁਖਬੀਰ 'ਤੇ ਹੱਲਾ ਬੋਲਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ 1984 'ਚ ਸਿੱਖ ਕਤਲੇਆਮ 'ਤੇ ਸਿਆਸਤ ਕਰਨ ਦਾ ਕੋਈ ਹੱਕ ਨਹੀਂ ਕਿਉਂ ਕਿ ਕਤਲੇਆਮ ਮੌਕੇ ਸੁਖਬੀਰ ਬਾਦਲ ਪੋਨੀ ਕਰਕੇ ਲੌਸ ਏਂਜਲਸ ਦੇ ਕਲੱਬਾਂ ਵਿੱਚ ਨੱਚ ਰਿਹਾ ਸੀ।
ਉਨ੍ਹਾਂ ਕਿਹਾ ਕਿ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਅਜਿਹੇ ਨੇਤਾ ਹਨ ਜੋ ਹਮੇਸ਼ਾ ਲੋਕਾਂ ਨੂੰ ਕੁਰਬਾਨੀ ਲਈ ਤਿਆਰ ਰਹਿਣ ਲਈ ਕਹਿੰਦੇ ਹਨ ਪਰ ਆਪ ਕਦੇ ਵੀ ਕੁਰਬਾਨੀ ਨਹੀਂ ਦਿੰਦੇ। ਮਾਨ ਨੇ ਕਿਹਾ ਕਿ ਜਦ ਪੰਜਾਬ ਦੇ ਹਾਲਾਤ ਖ਼ਰਾਬ ਹੋਏ ਤਾਂ ਸੁਖਬੀਰ ਬਾਦਲ ਦੇਸ਼ ਛੱਡ ਕੇ ਭੱਜ ਗਏ। ਸੁਖਬੀਰ ਦੀ ਪੜਾਈ 'ਤੇ ਉਂਗਲ ਚੁੱਕਦੇ ਹੋਏ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਅਮਰੀਕਾ ਵਿੱਚ ਕਿਹੜੀ ਪੜਾਈ ਕੀਤੀ ਹੈ ਕਦੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਬਲਕਿ ਉਹ ਪੋਨੀ ਕਰ ਐਲਏ ਦੇ ਕਲੱਬਾਂ ਵਿੱਚ ਨੱਚ ਰਹੇ ਸੀ।
ਕਾਂਗਰਸ 'ਤੇ ਹੱਲਾ ਬੋਲਦੇ ਹੋਏ ਮਾਨ ਨੇ ਕਿਹਾ ਕਿ ਮੁਖ਼ਤਿਆਰ ਸਿੰਘ ਦਿੱਲੀ ਗੁਰਦੁਆਰਾ ਕਮੇਟੀ ਦਾ ਮੁਲਾਜ਼ਮ ਹੈ ਤੇ ਉਸ ਨੇ ਕਮਲ ਨਾਥ ਵੱਲੋਂ ਭੀੜ ਨੂੰ ਸਿੱਖਾਂ ਦਾ ਕਤਲ ਕਰਨ ਲਈ ਉਕਸਾਉਂਦਿਆਂ ਦੇਖਿਆ ਹੈ, ਪਰ ਅਕਾਲੀ ਦਲ ਨੇ ਉਸ ਦੀ ਗਵਾਹੀ ਹੀ ਨਹੀਂ ਹੋਣ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਤੇ ਕਾਂਗਰਸੀ ਆਪਸ ਵਿੱਚ ਮਿਲੇ ਹੋਏ ਹਨ।