
2 ਕਮਰਿਆਂ ਦਾ ਘਰ, ਬਿਜਲੀ ਬਿਲ 7.53 ਲੱਖ ਰੁਪਏ
ਚੰਡੀਗੜ੍ਹ : ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ 'ਆਪ' ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਕੰਪਲੈਕਸ 'ਚ ਬਿਜਲੀ ਦੇ ਬੇਤਹਾਸ਼ਾ ਬਿੱਲਾਂ ਤੋਂ ਪੀੜਤ ਕੁੱਝ ਖਪਤਕਾਰਾਂ ਨੂੰ ਮੀਡੀਆ ਦੇ ਰੂਬਰੂ ਕਰਦਿਆਂ ਇਕ-ਇਕ, ਦੋ-ਦੋ ਕਮਰਿਆਂ ਦੇ ਘਰਾਂ ਦੇ ਹੈਰਾਨੀਜਨਕ ਬਿੱਲ ਦਿਖਾਏ। ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਨਾਲ ਸੰਬੰਧਿਤ ਤੋਲੇਮਾਜਰਾ (ਖਰੜ) ਦੇ ਵਸਨੀਕ ਦਰਸ਼ਨ ਸਿੰਘ ਨੇ ਮਹਿਜ਼ 7 ਲੱਖ 53 ਹਜ਼ਾਰ ਰੁਪਏ ਦਾ ਬਿਲ ਦਿਖਾਇਆ।
ਦਰਸ਼ਨ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਐਨੇ ਵੱਡੇ-ਵੱਡੇ ਬਿਲ ਆ ਰਹੇ ਹਨ, ਇੰਨੇ ਪੈਸੇ ਕਦੇ ਸੁਪਨੇ 'ਚ ਵੀ ਨਹੀਂ ਦੇਖੇ। ਹਰਪਾਲ ਸਿੰਘ ਚੀਮਾ ਨੇ ਨੰਗਲ ਫੋਜਗੜ੍ਹ ਦੇ ਗੁਰਪ੍ਰੀਤ ਸਿੰਘ ਦਾ 26 ਹਜ਼ਾਰ ਰੁਪਏ, ਸਰੂਪ ਸਿੰਘ ਦੇ 121 ਯੂਨਿਟਾਂ ਦਾ 49 ਹਜ਼ਾਰ ਰੁਪਏ, 3 ਬਲਬਾਂ ਵਾਲੇ ਮੇਜਰ ਸਿੰਘ ਤੋਲੇਮਾਜਰਾ ਦੇ ਘਰ ਦਾ 25796 ਰੁਪਏ ਸਮੇਤ ਇਸ ਤਰ੍ਹਾਂ ਦੇ ਗ਼ਰੀਬ ਅਤੇ ਦਲਿਤ ਖਪਤਕਾਰਾਂ ਦੇ ਵੱਡੇ ਵੱਡੇ ਬਿਲ ਦਿਖਾਉਂਦੇ ਹੋਏ ਕਿਹਾ ਕਿ ਇਨ੍ਹਾਂ ਲਈ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਅਤੇ ਪਿਛਲੀ ਬਾਦਲ ਸਰਕਾਰ ਬਰਾਬਰ ਜ਼ਿੰਮੇਵਾਰ ਹਨ।
ਚੀਮਾ ਨੇ ਕਿਹਾ ਕਿ ਜਿੱਥੇ ਬਾਦਲਾਂ ਨੇ ਸਰਕਾਰੀ ਥਰਮਲ ਪਲਾਂਟਾਂ ਦੀ ਕੀਮਤ 'ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਬੇਹੱਦ ਮਹਿੰਗੇ ਰੇਟ ਵਾਲੇ ਲੰਬੇ ਸਮਝੌਤੇ ਕੀਤੇ। ਜਿਸ ਨਾਲ 25 ਸਾਲਾਂ 'ਚ ਪੰਜਾਬ ਦੇ ਹਰੇਕ ਅਮੀਰ-ਗ਼ਰੀਬ ਖਪਤਕਾਰ ਦੀਆਂ ਜੇਬਾਂ 'ਚ ਲਗਭਗ 70 ਹਜ਼ਾਰ ਕਰੋੜ ਰੁਪਏ ਬੇਵਜ੍ਹਾ ਨਿਕਲਣਗੇ, ਕਿਉਂਕਿ ਸਮਝੌਤੇ ਅਜਿਹੇ ਹਨ ਕਿ ਜੇਕਰ ਸਰਕਾਰ ਇਨ੍ਹਾਂ ਨਿੱਜੀ ਥਰਮਲ ਪਲਾਂਟਾਂ ਤੋਂ 1 ਯੂਨਿਟ ਵੀ ਬਿਜਲੀ ਨਾ ਖ਼ਰੀਦੇ ਤਾਂ ਵੀ ਇਨ੍ਹਾਂ ਥਰਮਲ ਪਲਾਂਟਾਂ ਨੂੰ ਕਰੀਬ 2800 ਕਰੋੜ ਰੁਪਏ ਦੇਣੇ ਹੀ ਪੈਣਗੇ।
ਇਸ ਮੌਕੇ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਦੱਸਿਆ ਕਿ ਅੰਗਰੇਜ਼ੀ 'ਚ ਬਿਲ ਭੇਜੇ ਜਾਂਦੇ ਹਨ, ਜਿਸ ਨੂੰ ਆਮ ਲੋਕ ਪੜ੍ਹ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਨਿੱਜੀ ਬਿਜਲੀ ਕੰਪਨੀਆਂ ਅਤੇ ਬਿਜਲੀ ਵਿਭਾਗ ਆਮ ਲੋਕਾਂ ਨਾਲ ਵੱਡਾ ਫਰਾਡ ਕਰ ਰਿਹਾ ਹੈ। ਰੋੜੀ ਨੇ ਮੰਗ ਕੀਤੀ ਕਿ ਦਲਿਤਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਬਿਨਾਂ ਕਿਸੇ ਸ਼ਰਤ ਦਿਤੀ ਜਾਵੇ। ਉਨ੍ਹਾਂ ਪਿਛੜੇ ਅਤੇ ਜਨਰਲ ਵਰਗ ਦੇ 1 ਕਿੱਲੋਵਾਟ ਤੱਕ ਲੋਡ ਵਾਲੇ ਅਤਿ ਗ਼ਰੀਬ ਖਪਤਕਾਰਾਂ ਨੂੰ ਵੀ ਸਰਕਾਰ 200 ਯੂਨਿਟ ਮੁਆਫ਼ ਕਰੇ।
ਰੋੜੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਸੂਬੇ ਭਰ 'ਚ ਬੇਤਹਾਸ਼ਾ ਬਿਜਲੀ ਬਿੱਲਾਂ ਵਿਰੁਧ 'ਬਿਜਲੀ ਅੰਦੋਲਨ' ਸ਼ੁਰੂ ਕੀਤਾ ਹੋਇਆ, ਜਿਸ ਤਹਿਤ ਕਰੀਬ ਸਾਢੇ 5 ਹਜ਼ਾਰ ਪਿੰਡਾਂ 'ਚ ਬਿਜਲੀ ਬਿੱਲਾਂ ਦੇ ਸਤਾਏ ਖਪਤਕਾਰਾਂ ਲਈ ਹਾਅ ਦਾ ਨਾਅਰਾ ਮਾਰਿਆ ਗਿਆ ਹੈ, ਜਿਸ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਪਾਰਟੀ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਵੀ ਮੌਜੂਦ ਸਨ।