
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਬਲਾਚੌਰ: ਬਲਾਚੌਰ ਦੇ ਪਿੰਡ ਸੁੱਜੋਵਾਲ 'ਚ ਦਿਨ ਦਿਹਾੜੇ 5 ਬਦਮਾਸ਼ਾਂ ਨੇ 2 ਬੱਚਿਆਂ ਨੂੰ ਅਗਵਾ ਕਰ ਲਿਆ ਹੈ। ਇਸ ਦੌਰਾਨ ਉਹਨਾਂ ਨੇ ਬੱਚਿਆਂ ਦੇ ਨਾਲ ਜਾ ਰਹੀ ਦਾਦੀ ਨੂੰ ਧੱਕਾ ਮਾਰ ਕੇ ਜ਼ਖਮੀ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਹੁੰਚ ਗਈ। ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਸਮੇਂ ਮਨਵੀਰ ਸਿੰਘ (8 ) ਅਤੇ ਯੁਵਰਾਜ ਸਿੰਘ (6) ਜਦੋਂ ਦੋਵੇਂ ਸਕੂਲ ਤੋਂ ਬਾਅਦ ਬੱਸ ਰਾਹੀਂ ਆਪਣੇ ਪਿੰਡ ਪਹੁੰਚੇ ਤਾਂ ਉਹਨਾਂ ਦੀ ਦਾਦੀ ਚਰਨ ਕੌਰ ਉਹਨਾਂ ਨੂੰ ਬੱਸ ਸਟਾਪ ਤੋਂ ਲੈ ਕੇ ਘਰ ਆ ਰਹੀ ਸੀ।
ਇਹ ਵੀ ਪੜ੍ਹੋ: 10,000 ਰੁਪਏ ਦੀ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਰੰਗੇ ਹੱਥੀਂ ਕਾਬੂ
ਬੱਚਿਆਂ ਦੀ ਦਾਦੀ ਨੇ ਦੱਸਿਆ ਕਿ ਇਸ ਦੌਰਾਨ ਗੱਡੀ ਵਿਚ ਆਏ ਕੁਝ ਬਦਮਾਸ਼ਾਂ ਨੇ ਉਹਨਾਂ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਅਤੇ ਪੋਤਿਆਂ ਨੂੰ ਅਗਵਾ ਕਰ ਕੇ ਲੈ ਗਏ। ਇਹਨਾਂ ਵਿਚੋਂ ਦੋ ਦੇ ਨਾਂਅ ਬਿੱਕੀ ਅਤੇ ਕੇਸ਼ਾ ਦੱਸੇ ਜਾ ਰਹੇ ਹਨ, ਜੋ ਕਿ ਸਿਆਣਾ ਦੇ ਰਹਿਣ ਵਾਲੇ ਹਨ। ਉਹਨਾਂ ਦੱਸਿਆ ਕਿ ਨੌਜਵਾਨਾਂ ਨੇ ਨਿੱਜੀ ਰੰਜਿਸ਼ ਦੇ ਚਲਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ: ਡੀਜੀਪੀ ਪੰਜਾਬ ਵੱਲੋਂ ਫੀਲਡ ਅਫ਼ਸਰਾਂ ਨੂੰ ਕਾਨੂੰਨ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਉਣ ਦੇ ਨਿਰਦੇਸ਼
ਇਸ ਤੋਂ ਪਹਿਲਾਂ ਵੀ ਇਹ ਨੌਜਵਾਨ ਉਹਨਾਂ ਦੇ ਘਰ ਆ ਕੇ ਕੁੱਟਮਾਰ ਕਰਕੇ ਅਤੇ ਧਮਕੀਆਂ ਦੇ ਕੇ ਗਏ ਸਨ। ਬੱਚਿਆਂ ਦੇ ਦਾਦਾ ਨੇ ਦੱਸਿਆ ਕਿ ਇਹਨਾਂ ਬਦਮਾਸ਼ਾਂ ਖ਼ਿਲਾਫ਼ ਪਹਿਲਾਂ ਵੀ 452, 325, 423 ਤਹਿਤ ਮਾਮਲਾ ਦਰਜ ਹੈ। ਉਹਨਾਂ ਮਾਮਲਿਆਂ ਵਿਚ ਕੋਈ ਕਾਰਵਾਈ ਨਹੀਂ ਹੋਈ। ਮਿਲੀ ਜਾਣਕਾਰੀ ਅਨੁਸਾਰ ਬੱਚਿਆਂ ਦੀ ਮਾਂ ਆਪਣੇ ਜੱਦੀ ਪਿੰਡ ਸਿਆਣਾ ਵਿਖੇ ਰਹਿੰਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਬੱਚਿਆਂ ਨੂੰ ਲੱਭਣਾ ਜ਼ਰੂਰੀ ਹੈ।