
ਕੈਨੇਡਾ ਤੋਂ ਆਈ ਮੰਗੇਤਰ ਨੂੰ ਲੈ ਕੇ ਘਰ ਜਾ ਰਿਹਾ ਸੀ ਨੌਜਵਾਨ
ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿਚ ਅੱਜ ਸਵੇਰੇ ਲਾਡੋਵਾਲ ਪੁਲ ਤੋਂ ਇਕ ਐਕਸਯੂਵੀ ਕਾਰ 40 ਫੁੱਟ ਹੇਠਾਂ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਪੁਲ ਦੀ ਟੁੱਟੀ ਰੇਲਿੰਗ ਕਾਰਨ ਵਾਪਰਿਆ ਹੈ। ਇਸ ਕਾਰ ਵਿਚ 3 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਇਕ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਦਸੇ ਦੀ ਜਾਣਕਾਰੀ ਮਿਲਦਿਆਂ ਥਾਣਾ ਲਾਡੋਵਾਲ ਦੀ ਪੁਲਿਸ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਘਟਨਾ ਸਬੰਧੀ ਐਨਐਚਏਆਈ ਨੂੰ ਵੀ ਸੂਚਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕਿੰਗ ਚਾਰਲਸ III ਦੇ ਤਾਜਪੋਸ਼ੀ ਸਮਾਰੋਹ ਵਿਚ ਸਿੱਖ ਕੌਮ ਦੀ ਨੁਮਾਇੰਦਗੀ ਕਰਨਗੇ 90 ਸਾਲਾ ਲਾਰਡ ਇੰਦਰਜੀਤ ਸਿੰਘ
ਕਾਰ ਵਿਚ ਸਵਾਰ ਨੌਜਵਾਨ ਪ੍ਰਿੰਸ ਦਾ 2 ਦਿਨ ਬਾਅਦ ਵਿਆਹ ਹੈ। ਉਹ ਕੈਨੇਡਾ ਤੋਂ ਪਰਤੀ ਆਪਣੀ ਮੰਗੇਤਰ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਵਾਪਸ ਦਸੂਹਾ ਜਾ ਰਹੇ ਸੀ। ਇਸ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਪ੍ਰਿੰਸ ਦੇ ਦੋਸਤ ਰਾਜਵੀਰ ਨੇ ਦੱਸਿਆ ਕਿ ਕਾਰ ਦੇ ਅੱਗੇ ਆਟੋ ਆ ਗਿਆ, ਜਿਸ ਕਾਰਨ ਕਾਰ ਪੁਲ ਦੇ ਕਿਨਾਰੇ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਘਰ, 2 ਬੱਚਿਆਂ ਦੇ ਪਿਓ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ
ਰਾਜਵੀਰ ਦਾ ਕਹਿਣਾ ਹੈ ਕਿ ਇਹ ਹਾਦਸਾ ਸੰਤੁਲਨ ਵਿਗੜਨ ਅਤੇ ਪੁਲ ਦੀ ਰੇਲਿੰਗ ਟੁੱਟੀ ਹੋਣ ਕਾਰਨ ਵਾਪਰਿਆ। ਹਾਦਸੇ ਦੌਰਾਨ ਕਾਰ ਨੇ 3 ਤੋਂ 4 ਪਲਟੀਆਂ ਵੀ ਖਾਧੀਆਂ। ਇਸ ਦੌਰਾਨ ਰਾਹਗੀਰਾਂ ਨੇ ਉਹਨਾਂ ਦੀ ਮਦਦ ਕੀਤੀ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਜ਼ਖਮੀ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਜਦਕਿ ਇਕ ਨੌਜਵਾਨ ਬਿਲਕੁਲ ਠੀਕ ਹੈ।