
ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ 'ਚ ਬੰਦ ਬਰਗਾੜੀ ਬੇਅਦਬੀ ਕਾਂਡ ਮਾਮਲੇ 'ਚ ਫੜੇ 10 ਡੇਰਾ ਪ੍ਰੇਮੀਆਂ ਦੀ ਸੁਰੱਖਿਆ ਲਈ ਸਖ਼ਤ ਪਹਿਰਾ ਲਾ.....
ਕੋਟਕਪੂਰਾ :- ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ 'ਚ ਬੰਦ ਬਰਗਾੜੀ ਬੇਅਦਬੀ ਕਾਂਡ ਮਾਮਲੇ 'ਚ ਫੜੇ 10 ਡੇਰਾ ਪ੍ਰੇਮੀਆਂ ਦੀ ਸੁਰੱਖਿਆ ਲਈ ਸਖ਼ਤ ਪਹਿਰਾ ਲਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਡੇਰਾ ਪ੍ਰੇਮੀਆਂ ਦੀ ਸੁਰੱਖਿਆ 'ਚ ਕੋਈ ਢਿੱਲ ਨਾ ਵਰਤਣ ਲਈ ਬਕਾਇਦਾ ਜੇਲ ਪ੍ਰਸ਼ਾਸ਼ਨ ਨੂੰ ਆਖਿਆ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਬਰਗਾੜੀ ਕਾਂਡ ਵਿੱਚ ਮੁੱਖ ਸੂਤਰਧਾਰ ਮਹਿੰਦਰਪਾਲ ਬਿੱਟੂ ਸਮੇਤ 10 ਡੇਰਾ ਪ੍ਰੇਮੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹ। ਲੁਧਿਆਣਾ ਜੇਲ੍ਹ ਵਿੱਚ ਬਲਾਚੌਰ ਬੇਅਦਬੀ ਕਾਂਡ 'ਚ ਫੜੇ ਗਏ ਹਵਾਲਾਤੀ ਜਗਜੀਤ ਸਿੰਘ 'ਤੇ ਬੀਤੇ ਦਿਨ ਹੋਏ
ਹਮਲੇ ਮਗਰੋਂ ਫ਼ਰੀਦਕੋਟ ਜੇਲ੍ਹ ਪ੍ਰਸ਼ਾਸ਼ਨ ਨੇ ਡੇਰਾ ਪ੍ਰੇਮੀਆਂ ਦੀ ਸੁਰੱਖਿਆ ਦੀ ਸਮੀਖਿਆ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਲ 'ਚ ਇਨ੍ਹਾਂ 10 ਡੇਰਾ ਪ੍ਰੇਮੀਆਂ ਨੂੰ ਵਿਸ਼ੇਸ਼ ਬੈਰਕ 'ਚ ਰੱਖਿਆ ਗਿਆ ਹੈ ਤੇ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ 4 ਮੈਂਬਰੀ ਟੀਮ ਵੱਲੋਂ ਦਿਨ-ਰਾਤ ਦਾ ਪਹਿਰਾ ਦਿੱਤਾ ਜਾ ਰਿਹਾ ਹੈ। ਐਮਰਜੈਂਸੀ ਹਾਲਾਤ ਨਾਲ ਨਜਿੱਠਣ ਲਈ 15 ਮੈਂਬਰੀ ਸੁਰੱਖਿਆ ਦਲ ਰਾਖਵਾਂ ਰੱਖਿਆ ਗਿਆ ਹੈ। ਡੇਰਾ ਪ੍ਰੇਮੀਆਂ ਦੀ ਜੇਲ੍ਹ ਵਿੱਚ ਹਰ ਤਰ੍ਹਾਂ ਦੀ ਮੂਵਮੈਂਟ ਬੰਦ ਕੀਤੀ ਹੋਈ ਹੈ। ਫ਼ਰੀਦਕੋਟ ਜੇਲ 'ਚ ਇਸ ਵੇਲੇ ਕਰੀਬ 1700 ਬੰਦੀ ਹਨ, ਜਿਨ੍ਹਾਂ 'ਚ ਕਰੀਬ 2 ਦਰਜਨ ਗੈਂਗਸਟਰ ਵੀ ਸ਼ਾਮਲ ਹਨ।
ਦੱਸਣਯੋਗ ਹੈ ਕਿ ਮੁਕਤਸਰ ਦੇ ਇੱਕ ਹੋਰ ਡੇਰਾ ਪ੍ਰੇਮੀ ਨੂੰ ਵੀ ਇਸ ਸਪੈਸ਼ਲ ਬੈਰਕ 'ਚ ਰੱਖਿਆ ਗਿਆ ਹੈ। ਉਕਤ ਬੈਰਕ ਦੀ ਸਮਰੱਥਾ ਭਾਂਵੇ 3 ਦਰਜਨ ਬੰਦੀਆਂ ਦੀ ਹੈ ਪਰ ਇਸ ਵਿੱਚ ਸਿਰਫ 11 ਡੇਰਾ ਪ੍ਰੇਮੀ ਹੀ ਰੱਖੇ ਗਏ ਹਨ। ਫ਼ਰੀਦਕੋਟ ਜੇਲ੍ਹ ਦੇ ਇੰਚਾਰਜ ਸੁਪਰਡੈਂਟ ਇਕਬਾਲ ਸਿੰਘ ਬਰਾੜ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੂੰ ਵੱਖਰੀ ਵਿਸ਼ੇਸ਼ ਬੈਰਕ 'ਚ ਸਖਤ ਸੁਰੱਖਿਆ ਪਹਿਰੇ ਹੇਠ ਰੱਖਿਆ ਹੋਇਆ ਹੈ ਅਤੇ ਇਨ੍ਹਾਂ ਪ੍ਰੇਮੀਆਂ ਦੀ ਮੁਲਾਕਾਤ ਵੀ ਬਾਕੀ ਜੇਲ੍ਹ ਦੀ ਬੰਦੀ ਹੋਣ ਮਗਰੋਂ ਕਰਾਈ ਜਾਂਦੀ ਹੈ।