ਬੇਅਦਬੀ ਕਾਂਡ ਦੀ ਜਾਂਚ ਲਈ ਭਾਵੇਂ ਸੀਬੀਆਈ ਵਲੋਂ ਪਿਛਲੇ ਕਰੀਬ ਪੌਣੇ ਤਿੰਨ ਸਾਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਪਰ ਡੀਜੀਪੀ ਪੰਜਾਬ ਵਲੋਂ ਡੀਆਈਜੀ ਰਣਬੀਰ...
ਕੋਟਕਪੂਰਾ: ਬੇਅਦਬੀ ਕਾਂਡ ਦੀ ਜਾਂਚ ਲਈ ਭਾਵੇਂ ਸੀਬੀਆਈ ਵਲੋਂ ਪਿਛਲੇ ਕਰੀਬ ਪੌਣੇ ਤਿੰਨ ਸਾਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਪਰ ਡੀਜੀਪੀ ਪੰਜਾਬ ਵਲੋਂ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਰਾਹੀਂ ਜਦ ਪ੍ਰਗਟਾਵਾ ਹੋ ਗਿਆ ਕਿ ਪਾਵਨ ਸਰੂਪ ਦੀ ਚੋਰੀ, ਭੜਕਾਊ ਸ਼ਬਦਾਵਲੀ ਵਾਲੇ ਪੋਸਟਰ ਅਤੇ ਬੇਅਦਬੀ ਕਾਂਡ ਵਾਲੀਆਂ ਤਿੰਨਾ ਘਟਨਾਵਾਂ 'ਚ ਸੌਦਾ ਸਾਧ ਦੇ ਚੇਲਿਆਂ ਦਾ ਹੱਥ ਹੈ ਤਾਂ ਉਕਤ ਪ੍ਰਗਟਾਵੇ ਨੇ ਅਕਾਲੀ ਦਲ ਬਾਦਲ ਤੇ ਖ਼ਾਸਕਰ ਬਾਦਲ ਪਰਵਾਰ ਲਈ ਕਈ ਮੁਸੀਬਤਾਂ ਖੜੀਆਂ ਕਰ ਦਿਤੀਆਂ।
ਬਾਦਲ ਦਲ ਦੇ ਅਜੇ ਤਕ ਕਿਸੇ ਆਗੂ ਨੇ ਵੀ ਡੇਰਾ ਪ੍ਰੇਮੀਆਂ ਦੀ ਉਕਤ ਸ਼ਰਮਨਾਕ ਕਰਤੂਤ ਦੀ ਨਿੰਦਿਆਂ ਨਹੀਂ ਕੀਤੀ ਤੇ ਨਾ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਬਾਰੇ ਕੋਈ ਬਿਆਨ ਜਾਰੀ ਕਰਨ ਦੀ ਜ਼ਰੂਰਤ ਸਮਝੀ ਹੈ। ਜਥੇਦਾਰਾਂ ਵਲੋਂ ਸੌਦਾ ਸਾਧ ਅਤੇ ਉਸ ਦੇ ਡੇਰਾ ਪ੍ਰ੍ਰੇਮੀਆਂ ਵਿਰੁਧ ਜਾਰੀ ਹੁਕਮਨਾਮੇ ਦੇ ਬਾਵਜੂਦ ਸੌਦਾ ਸਾਧ ਤੇ ਉਸ ਦੇ ਚੇਲਿਆਂ ਨਾਲ ਅਕਾਲੀ ਦਲ ਬਾਦਲ ਦੇ ਮੂਹਰਲੀ ਕਤਾਰ ਵਾਲੇ ਆਗੂਆਂ ਦੀ ਨੇੜਤਾ ਦਰਸਾਉਣ ਵਾਲੇ ਵੀਡੀਉ ਕਲਿੱਪ ਸੋਸ਼ਲ ਮੀਡੀਆ ਰਾਹੀਂ ਜਨਤਕ ਹੁੰਦੇ ਰਹੇ ਪਰ ਅਕਾਲੀ ਆਗੂਆਂ ਨੇ ਇਸ ਦੀ ਪ੍ਰਵਾਹ ਨਾ ਕੀਤੀ।
ਤਤਕਾਲੀਨ ਬਾਦਲ ਸਰਕਾਰ ਮੌਕੇ ਤਾਂ ਐਸ.ਸੀ. ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਨੇ ਇਕ ਟਕਸਾਲੀ ਅਕਾਲੀ ਆਗੂ ਸੁਖਵਿੰਦਰ ਸਿੰਘ ਨੂੰ ਦਰਕਿਨਾਰ ਕਰ ਕੇ ਐਸ.ਸੀ ਵਿੰਗ ਜ਼ਿਲ੍ਹਾ ਫ਼ਰੀਦਕੋਟ ਦਾ ਪ੍ਰਧਾਨ ਡੇਰਾ ਪ੍ਰੇਮੀ ਕੇਵਲ ਸਿੰਘ ਨੂੰ ਬਣਾ ਦਿਤਾ ਜੋ ਉਸ ਤੋਂ ਬਾਅਦ ਵੀ ਅਪਣੇ ਨਾਂ ਨਾਲ ਕੇਵਲ ਸਿੰਘ ਪ੍ਰੇਮੀ ਹੀ ਲਿਖਦਾ ਰਿਹਾ। ਇਸੇ ਸਾਲ 10 ਮਾਰਚ ਦੀ ਅਕਾਲੀ ਦਲ ਬਾਦਲ ਦੀ ਪੋਲ ਖੋਲ੍ਹ ਰੈਲੀ ਮੌਕੇ ਸੁਖਬੀਰ ਸਿੰਘ ਬਾਦਲ ਨੇ ਕੋਟਕਪੂਰੇ ਵਿਖੇ ਕੇਵਲ ਸਿੰਘ ਪ੍ਰੇਮੀ ਦੇ ਘਰ ਜਾ ਕੇ ਉਸ ਤੋਂ ਸਿਰੋਪਾਉ ਲਿਆ,
'ਰੋਜ਼ਾਨਾ ਸਪੋਕਸਮੈਨ' ਸਮੇਤ ਹੋਰ ਕੁੱਝ ਕੁ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ਰਾਹੀਂ ਫ਼ੋਟੋ ਸਮੇਤ ਖ਼ਬਰਾਂ ਵੀ ਜਨਤਕ ਹੋਈਆਂ ਪਰ ਬਾਦਲ ਪਰਵਾਰ ਸਮੇਤ ਹੋਰ ਅਕਾਲੀ ਆਗੂਆਂ ਨੇ ਇਸ ਦੀ ਨਾ ਤਾਂ ਪ੍ਰਵਾਹ ਕੀਤੀ ਤੇ ਨਾ ਹੀ ਸਪੱਸ਼ਟੀਕਰਨ ਦੇਣਾ ਜ਼ਰੂਰੀ ਸਮਝਿਆ। ਸੌਦਾ ਸਾਧ ਦੇ ਨੇੜਲੇ ਸਾਥੀ ਵਜੋਂ ਜਾਣੇ ਜਾਂਦੇ 45 ਮੈਂਬਰੀ ਕਮੇਟੀ ਦੇ ਪ੍ਰਧਾਨ ਮਹਿੰਦਰਪਾਲ ਬਿੱਟੂ ਸਮੇਤ 10 ਡੇਰਾ ਪ੍ਰੇਮੀਆਂ ਵਲੋਂ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਕਰਨ, 24 ਅਤੇ 25 ਸਤੰਬਰ ਦੀ ਦਰਮਿਆਨੀ ਰਾਤ ਨੂੰ ਭੜਕਾਊ ਪੋਸਟਰ ਲਾਉਣ ਅਤੇ 12 ਅਕਤੂਬਰ ਨੂੰ ਬੇਅਦਬੀ ਕਰਨ ਦੀਆਂ ਘਟਨਾਵਾਂ ਨੂੰ ਪ੍ਰਵਾਨ ਕਰ ਲੈਣ ਤੋਂ ਬਾਅਦ ਜਥੇਦਾਰਾਂ,
ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ ਅਤੇ ਹੋਰ ਅਕਾਲੀ ਆਗੂਆਂ ਵਾਸਤੇ ਜਵਾਬਦੇਹੀ ਬਣਦੀ ਹੈ ਕਿ ਉਹ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲਿਆਂ ਵਿਰੁਧ ਅਜੇ ਵੀ ਨਰਮ ਰਵੱਈਆ ਕਿਉਂ ਰਖਦੇ ਹਨ? ਕੀ ਉਨ੍ਹਾਂ ਨੂੰ ਪੰਥਕ ਹਿਤਾਂ ਨਾਲੋਂ ਵੋਟ ਰਾਜਨੀਤੀ ਜਾਂ ਸਿਆਸੀ ਰੋਟੀਆਂ ਜ਼ਿਆਦਾ ਫ਼ਾਇਦੇਮੰਦ ਹਨ? ਜੇ ਉਕਤ ਸਵਾਲਾਂ ਦਾ ਜਵਾਬ ਅਕਾਲੀਆਂ ਨੇ ਨਾ ਦਿਤਾ ਤਾਂ ਉਨ੍ਹਾਂ ਨੂੰ ਸਿੱਖ ਸੰਗਤ ਸਮੇਤ ਆਮ ਲੋਕਾਂ ਦੇ ਗੁੱਸੇ ਅਤੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
                    
                