
ਸਰਬਤ ਸਿਹਤ ਬੀਮਾ ਯੋਜਨਾ ਤਹਿਤ ਇਕ ਮਹੀਨੇ ਦੌਰਾਨ 10,284 ਮਰੀਜ਼ਾਂ ਨੇ ਇਲਾਜ ਕਰਵਾਇਆ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ 45.89 ਪਰਿਵਾਰਾਂ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ 'ਸਰਬਤ ਸਿਹਤ ਬੀਮਾ ਯੋਜਨਾ' ਤਹਿਤ ਮਹਿਜ਼ ਇਕ ਮਹੀਨੇ ਦੌਰਾਨ 10,284 ਮਰੀਜ਼ਾਂ ਨੇ ਆਪਣਾ ਇਲਾਜ ਕਰਵਾਇਆ ਹੈ।
Hospital
ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਬੀਤੀ 20 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਸ਼ੁਰੂ ਕੀਤੀ ਇਸ ਸਕੀਮ ਵਿਚ 21 ਸਤੰਬਰ ਸ਼ਾਮ ਤਕ 10,284 ਮਰੀਜ ਦਾਖਲ ਹੋਏ ਹਨ ਅਤੇ ਜਿਸ ਨਾਲ ਹੁਣ ਤੱਕ ਮਰੀਜ਼ਾਂ ਦਾ 12.5 ਕਰੋੜ ਰੁਪਏ ਦਾ ਵਿੱਤੀ ਲਾਭ ਮਿਲਿਆ ਹੈ। ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਕੀਮ ਤਹਿਤ ਇਕ ਪਰਿਵਾਰ ਨੂੰ 5 ਲੱਖ ਰੁਪਏ ਤਕ ਦਾ ਇਲਾਜ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਕਰਵਾਇਆ ਜਾਂਦਾ ਹੈ।
Hospital
ਸਿਹਤ ਮੰਤਰੀ ਨੇ ਦੱਸਿਆ ਕਿ ਲਾਭਪਾਤਰੀ ਇਸ ਸਕੀਮ ਵਿਚ ਆਪਣੀ ਨਾਂ ਬਾਰੇ ਪਤਾ ਕਰਨ ਅਤੇ ਹੋਰ ਜਾਣਕਾਰੀ ਲੈਣ ਲਈ ਵਿਭਾਗ ਦੀ ਵੈੱਬਸਾਈਟ www.shapunjab.com ਤੋਂ ਲੈ ਸਕਦੇ ਹਨ। ਉਨ੍ਹਾਂ ਦਸਿਆ ਕਿ ਇਸ ਦੇ ਨਾਲ ਹੀ ਯੋਗ ਲਾਭਪਾਤਰੀ ਆਪਣਾ ਈ-ਕਾਰਡ ਬਨਵਾਉਣ ਦੇ ਲਈ ਆਪਣੇ ਨਜਦੀਕ ਕਾਮਨ ਸਰਵਿਸ ਸੈਂਟਰ ( ਸੀ.ਐੱਸ.ਸੀ ) ਨਾਲ ਸੰਪਰਕ ਕਰ ਸਕਦੇ ਹਨ ਜਾਂ ਫਿਰ ਨਜਦੀਕੀ ਸੂਚੀਬੱਧ ਨਿੱਜੀ ਅਤੇ ਸਰਕਾਰੀ ਹਸਪਤਾਲ ਵਿਚ ਅਰੋਗਿਆ ਮਿੱਤਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਕਾਮਨ ਸਰਵਿਸ ਕੇਂਦਰਾਂ ਵਿਚ ਕੇਵਲ 30 ਰੁਪਏ 'ਚ ਪ੍ਰਤੀ ਈ-ਕਾਰਡ ਜਾਰੀ ਕੀਤਾ ਜਾਂਦਾ ਹੈ ਅਤੇ ਜੇ ਕੋਈ ਵਿਅਕਤੀ ਤੁਹਾਡੇ ਕੋਲੋਂ ਜਿਆਦਾ ਰਕਮ ਲਈ ਗਈ ਹੈ ਤਾਂ ਇਸ ਸਬੰਧੀ ਸ਼ਿਕਾਇਤ ਸਬੰਧਤ ਇਲਾਕੇ ਦੇ ਸਿਵਲ ਸਰਜਨ ਜਾਂ 104 ਹੈਲਪਲਾਈਨ ਨੰਬਰ 'ਤੇ ਕੀਤੀ ਜਾ ਸਕਦੀ ਹੈ।
Balbir Singh Sidhu
ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਇਸ ਯੋਜਨਾ ਦੇ ਅਧੀਨ ਹੁਣ ਤੱਕ 28 ਲੱਖ ਤੋਂ ਵੱਧ ਲੋਕਾਂ ਦੇ ਈ- ਕਾਰਡ ਵੀ ਬਣ ਚੁੱਕੇ ਹਨ ਅਤੇ ਇਸ ਕੰਮ ਨੂੰ ਨੇਪੜੇ ਚਾੜਨ ਲਈ ਸਾਂਝੇ ਸੇਵਾ ਕੇਂਦਰਾਂ (ਸੀ.ਐਸ.ਸੀ.) 'ਤੇ ਕਾਰਡ ਬਣਾਉਣ ਦਾ ਕੰਮ ਜ਼ੋਰ ਸ਼ੋਰ ਨਾਲ ਜਾਰੀ ਹੈ। ਉਨ੍ਹਾਂ ਦਸਿਆ ਕਿ ਇਸ ਸਕੀਮ ਵਿਚ ਸਮਾਜਿਕ ਆਰਥਿਕ ਜਾਤ ਮਰਦਮਸ਼ੁਮਾਰੀ 2011 ਵਿਚ ਪੰਜੀਕ੍ਰਿਤ ਪਰਿਵਾਰਾਂ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰਾਂ, ਜੇ ਫਾਰਮ ਧਾਰਕ ਕਿਸਾਨਾਂ, ਛੋਟੇ ਵਪਾਰੀਆਂ, ਉਸਾਰੀ ਮਜਦੂਰਾਂ, ਛੋਟੇ ਅਤੇ ਸਿਮਾਂਤ ਕਿਸਾਨਾਂ ਅਤੇ ਪੀਲੇ ਕਾਰਡ ਧਾਰਕ, ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
Hospital
ਇਸ ਸਕੀਮ ਦੇ ਤਹਿਤ ਪੰਜਾਬ ਸਰਕਾਰ ਵਲੋਂ 45.89 ਲੱਖ ਪਰਵਾਰਾਂ (ਸੂਬੇ ਦੀ 75 ਫੀਸਦੀ ਆਬਾਦੀ) ਨੂੰ ਕਵਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਕੇ 5 ਲੱਖ ਰੁਪਏ ਤਕ ਦੀ ਮੁਫ਼ਤ ਸਿਹਤ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ । ਇਹ ਸਕੀਮ ਸੂਬੇ ਦੇ 472 ਤੋਂ ਵੱਧ ਹਸਪਤਾਲਾਂ ਵਿਚ ਚੱਲ ਰਹੀ ਹੈ ਅਤੇ ਲਾਭਪਾਤਰੀਆਂ ਨੂੰ 1396 ਵੱਖ ਵੱਖ ਪੈਕੇਜਾਂ ਦੇ ਅਧੀਨ ਇਲਾਜ ਦੀ ਸੁਵਿਧਾ ਦਿੱਤੀ ਜਾ ਰਹੀ ਹੈ