
ਸਿਰਫ਼ ਤਿਓਹਾਰਾਂ ਦੇ ਸੀਜ਼ਨ ਦੌਰਾਨ ਹੀ ਖ਼ੁਰਾਕ ਨਮੂਨਿਆਂ ਦੀ ਜਾਂਚ ਕਰਨ ਦੀ ਪੁਰਾਣੀ ਰਿਵਾਇਤ ਨੂੰ ਖ਼ਤਮ ਕਰਦਿਆਂ, ਪੰਜਾਬ ਸਿਹਤ ਵਿਭਾਗ ਦੇ...
ਚੰਡੀਗੜ੍ਹ (ਸਸਸ) : ਸਿਰਫ਼ ਤਿਓਹਾਰਾਂ ਦੇ ਸੀਜ਼ਨ ਦੌਰਾਨ ਹੀ ਖ਼ੁਰਾਕ ਨਮੂਨਿਆਂ ਦੀ ਜਾਂਚ ਕਰਨ ਦੀ ਪੁਰਾਣੀ ਰਿਵਾਇਤ ਨੂੰ ਖ਼ਤਮ ਕਰਦਿਆਂ, ਪੰਜਾਬ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਵੱਲੋਂ ਜਾਂਚ ਕਾਰਵਾਈਆਂ ਅਤੇ ਨਮੂਨੇ ਲੈਣ ਦੀ ਪ੍ਰਕਿਰਿਆ ਜਾਰੀ ਹੈ। ਉਕਤ ਪ੍ਰਗਟਾਵਾ ਕਮਿਸ਼ਨਰ,ਫੂਡ ਐਂਡ ਡਰੱਗ ਐਡਮਿਨਸਟ੍ਰੇਸ਼ਨ-ਕਮ-ਮਿਸ਼ਨ ਡਾਇਰੈਕਟਰ ਤੰਦਰੁਸਤ ਪੰਜਾਬ ਸ੍ਰੀ ਕੇ.ਐਸ. ਪੰਨੂ ਨੇ ਕੀਤਾ।
ਸ੍ਰੀ ਪੰਨੂੰ ਨੇ ਕਿਹਾ, ''ਪੰਜਾਬ ਵਿਚ ਭੋਜਨ ਦੀ ਮਿਲਾਵਟਖੋਰੀ ਵਿਰੁੱਧ ਅਪਣੀ ਦ੍ਰਿੜਤਾ ਤੇ ਕਾਇਮ ਰਹਿੰਦਿਆਂ, ਅਸੀਂ ਤਿਓਹਾਰਾਂ ਦੇ ਸੀਜ਼ਨ ਤੋਂ ਬਾਅਦ ਵੀ ਅਪਣੀਆਂ ਜਾਂਚ ਕਾਰਵਾਈਆਂ ਦੀ ਗਤੀ ਧੀਮੀ ਨਹੀਂ ਕੀਤੀ'' ਅਤੇ ਨਾਲ ਹੀ ਕਿਹਾ ਕਿ ਵਿਭਾਗ ਨੇ ਦੀਵਾਲੀ ਤੋਂ ਬਾਅਦ ਵੀ ਨਿਰੰਤਰ ਛਾਪੇਮਾਰੀ ਜਾਰੀ ਰੱਖੀ ਹੈ। ਜਾਂਚ ਕਾਰਵਾਈਆਂ ਦੇ ਅੰਕੜਿਆਂ ਮੁਤਾਬਕ ਪਿਛਲੇ 12 ਦਿਨਾਂ ਅੰਦਰ ਵੱਧ ਤੋਂ ਵੱਧ 347 ਫੂਡ ਸੇਫਟੀ ਜਾਂਚ ਕਾਰਵਾਈਆਂ ਕੀਤੀਆਂ ਗਈਆਂ ਹਨ ਜੋ ਕਿ ਮਿਲਾਵਟਖੋਰੀ ਦੇ ਗੋਰਖ ਧੰਦੇ ਵਿੱਚ ਸ਼ਾਮਲ ਫੂਡ ਬਿਜ਼ਨਸ ਆਪਰੇਟਰਾਂ ਨੂੰ ਸਪਸ਼ਟ ਚੇਤਾਵਨੀ ਹੈ
ਕਿ ਸਰਕਾਰ ਭੋਜਨ ਪਦਾਰਥਾਂ ਦੀ ਮਿਲਾਵਟਖੋਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਕੁੱਲ ਮਿਲਾ ਕੇ 35 ਨਮੂਨੇ ਦੁੱਧ ਦੇ, 10 ਪਨੀਰ ਦੇ, 16 ਘੀ ਦੇ, 5 ਦਹੀਂ ਦੇ, 12 ਖੋਏ ਦੇ ਅਤੇ 269 ਨਮੂਨੇ ਹੋਰ ਖਾਣ ਵਾਲੇ ਪਦਾਰਥਾਂ ਦੇ ਇਕੱਠੇ ਕੀਤੇ ਗਏ ਹਨ। ਇਨ੍ਹਾਂ ਨਮੂਨਿਆਂ ਦੀ ਜਾਂਚ ਖਰੜ ਵਿਖੇ ਸਥਿਤ ਅਤਿ ਆਧੁਨਿਕ ਫੂਡ ਲੈਬ ਵਿਚ ਕੀਤੀ ਜਾ ਰਹੀ ਹੈ। ਇਹ ਲੈਬ ਆਧੁਨਿਕ ਹਾਈ ਟੈੱਕ ਮਸ਼ੀਨਾਂ ਨਾਲ ਲੈਸ ਹੈ।
ਲੈਬ ਵਲੋਂ ਨਕਲੀ ਘੋਸ਼ਿਤ ਕੀਤੇ ਜਾਣ ਵਾਲੇ ਨਮੂਨਿਆਂ ਦੀ ਸੂਚਨਾ ਏ.ਡੀ.ਸੀਜ਼ ਨੂੰ ਦਿਤੀ ਜਾਂਦੀ ਹੈ ਤਾਂ ਜੋ ਫੂਡ ਆਪਰੇਟਰ ਨੂੰ ਢੁਕਵਾਂ ਜ਼ੁਰਮਾਨਾ ਕੀਤਾ ਜਾ ਸਕੇ। ਸ੍ਰੀ ਪੰਨੂੰ ਦੱਸਿਆ ਕਿ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟੈਸਟਿੰਗ ਪ੍ਰਕਿਰਿਆ ਪਾਸ ਨਾ ਕਰਨ ਵਾਲੇ ਨਮੂਨਿਆਂ ਦੀ ਸੂਚਨਾ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਦਿਤੀ ਜਾਂਦੀ ਹੈ ਜੋ ਫੂਡ ਆਪਰੇਟਰ ਨੂੰ 6 ਸਾਲ ਤੱਕ ਦੀ ਕੈਦ ਦੀ ਸਜ਼ਾ ਦੇ ਸਕਦੇ ਹਨ।
ਸ੍ਰੀ ਪੰਨੂੰ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ ਭੋਜਨ, ਸਾਫ਼ ਹਵਾ ਅਤੇ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।