
ਪੁਲਿਸ ਮੁਖੀ ਨੇ ਅਧਿਕਾਰੀਆਂ ਲਈ ਜਾਰੀ ਕੀਤੀਆਂ ਹਦਾਇਤਾਂ
ਚੰਡੀਗੜ੍ਹ : ਕੁੱਝ ਅਰਸਾ ਪਹਿਲਾਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਅੰਦਰ ਗੁਆਢੀ ਮੁਲਕ ਵਲੋਂ ਆਏ ਡਰੋਨਾਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿਤਾ ਸੀ। ਇਨ੍ਹਾਂ ਡਰੋਨਾਂ ਦੀ ਵਰਤੋਂ ਮਾਰੂ ਹਥਿਆਰ ਭੇਜਣ ਲਈ ਕੀਤੀ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਭਾਰੀ ਮੁਸ਼ੱਕਤ ਕਰਨੀ ਪਈ ਸੀ। ਕੁੱਝ ਦੇਰ ਦੀ ਸ਼ਾਂਤੀ ਤੋਂ ਬਾਅਦ ਹੁਣ ਮੁੜ ਇਹ ਖ਼ਤਰਾ ਮਡਰਾਉਂਦਾ ਦਿਖਾਈ ਦੇ ਰਿਹਾ ਹੈ। ਇਸ ਦਾ ਪੁਸ਼ਟੀ ਪੰਜਾਬ ਦੇ ਪੁਲਿਸ ਮੁਖੀ ਵਲੋਂ ਸੀਨੀਅਰ ਅਧਿਕਾਰੀਆਂ ਨੂੰ ਭੇਜੇ ਗਏ ਲਿਖਤੀ ਹੁਕਮਾਂ ਤੋਂ ਹੁੰਦੀ ਹੈ। ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਗੁਆਢੀ ਦੇਸ਼ ਵਲੋਂ ਇਨ੍ਹਾਂ ਡਰੋਨਾਂ ਰਾਹੀਂ ਸਿਆਸਤਦਾਨਾਂ ਵਲੋਂ ਕੀਤੀਆਂ ਜਾਣ ਵਾਲੀਆਂ ਰੈਲੀਆਂ, ਉਨ੍ਹਾਂ ਦੇ ਘਰ, ਪੰਜਾਬ ਵਿਧਾਨ ਸਭਾ ਦੀ ਅਸੈਂਬਲੀ, ਹਾਈ ਕੋਰਟ, ਰੇਲਵੇ ਸਟੇਸ਼ਨ, ਏਅਰਪੋਰਟ ਅਤੇ ਵੀਵੀਆਈਪੀ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਪੁਲਿਸ ਮੁਖੀ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਬਕਾਇਦਾ ਲਿਖਤੀ ਹੁਕਮ ਵੀ ਭੇਜ ਦਿਤੇ ਹਨ।
Photo
ਦਰਅਸਲ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਅੰਦਰ ਡਰੋਨ ਹਮਲਿਆਂ ਤੋਂ ਬਚਾਅ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਪੁਲਿਸ ਦੇ ਡੀਜੀਪੀ ਵਲੋਂ ਪੰਜਾਬ ਦੇ ਸਾਰੇ ਐਸਐਸਪੀ ਤੇ ਕਮਿਸ਼ਨਰ ਆਫ਼ ਪੁਲਿਸ ਨੂੰ ਡਰੋਨਾਂ ਨਾਲ ਨਜਿੱਠਣ ਲਈ ਹਦਾਇਤਾਂ ਜਾਰੀ ਕੀਤੀਆ ਗਈਆਂ ਹਨ।
Photo
ਇਨ੍ਹਾਂ ਇਲਾਕਿਆਂ ਵਿਚ ਅਤਿਵਾਦੀ ਸੰਗਠਨਾਂ ਵਲੋਂ ਡਰੋਨ ਤੋਂ ਇਲਾਵਾ ਗਲਾਈਡਰਜ਼, ਮੋਟਰਜ਼ ਮਾਈਕ੍ਰੋਲਾਈਟ ਏਅਰਕਰਾਫ਼ਟ ਐਰੋ ਮਾਡਲਜ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਪੁਲਿਸ ਨੂੰ ਜਾਰੀ ਹਦਾਇਤਾਂ ਮੁਤਾਬਕ ਡਰੋਨ ਦਿਖਾਈ ਦਿੰਦੇ ਹੀ ਸਭ ਤੋਂ ਪਹਿਲਾਂ ਇੰਡੀਅਨ ਏਅਰ ਫੋਰਸ ਨਾਲ ਸੰਪਰਕ ਕੀਤਾ ਜਾਵੇ।
Photo
ਇਸ ਤੋਂ ਇਲਾਵਾ ਡਰੋਨ ਵੇਖਦੇ ਸਾਰ ਹੀ ਗੋਲੀ ਚਲਾਉਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਜੇਕਰ ਡਰੋਨ ਘੱਟ ਉਚਾਈ 'ਤੇ ਉਡ ਰਿਹਾ ਹੈ ਤਾਂ ਹੇਠਾਂ ਦੀ ਡਾਇਰੈਕਸ਼ਨ ਨੂੰ ਗੋਲੀ ਚਲਾਉਣ ਦੀ ਮਨਾਹੀ ਹੈ। ਪੁਲਿਸ ਅਫ਼ਸਰਾਂ ਤੇ ਮੁਲਾਜ਼ਮਾਂ ਨੂੰ ਡਰੋਨ ਹਮਲਿਆਂ ਨਾਲ ਨਜਿੱਠਣ ਦੇ ਢੰਗ ਤਰੀਕਿਆਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਹੁਣ ਇੰਡੀਅਨ ਏਅਰ ਫੋਰਸ ਦੇ ਸੰਪਰਕ ਵਿਚ ਰਹੇਗੀ ਤਾਂਕਿ ਵਿਖਾਈ ਦੇਣ ਵਾਲੇ ਡਰੋਨ ਦੀ ਤੁਰੰਤ ਪਛਾਣ ਕੀਤੀ ਜਾ ਸਕੇ।
Photo
ਦੱਸ ਦਈਏ ਕਿ ਜੰਮੂ ਕਸ਼ਮੀਰ ਅੰਦਰ ਹੋ ਰਹੀ ਭਾਰੀ ਬਰਫਬਾਰੀ ਕਾਰਨ ਗੁਆਢੀ ਮੁਲਕ ਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਮੱਧਮ ਪੈ ਗਈਆਂ ਹਨ। ਅਜਿਹੇ 'ਚ ਗੁਆਢੀ ਮੁਲਕ ਪੰਜਾਬ ਨਾਲ ਲਗਦੇ ਸਰਹੱਦੀ ਇਲਾਕਿਆਂ ਅੰਦਰ ਅਪਣੇ ਨਾਪਾਕ ਇਰਾਦਿਆਂ ਨੂੰ ਅੰਜ਼ਾਮ ਦੇ ਸਕਦਾ ਹੈ।