ਪੰਜਾਬ ਨੂੰ ਖੁਸ਼ਹਾਲ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ : ਕੈਪਟਨ ਅਮਰਿੰਦਰ ਸਿੰਘ
Published : Jan 26, 2019, 5:23 pm IST
Updated : Jan 26, 2019, 5:23 pm IST
SHARE ARTICLE
Captain Amarinder Singh
Captain Amarinder Singh

ਗਣਤੰਤਰ ਦਿਵਸ ਮੌਕੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਭਾਰਤ ਅੱਜ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਇਤਿਹਾਸਕ ਮੌਕੇ...

ਚੰਡੀਗੜ੍ਹ : ਗਣਤੰਤਰ ਦਿਵਸ ਮੌਕੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਭਾਰਤ ਅੱਜ 70ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਇਤਿਹਾਸਕ ਮੌਕੇ 'ਤੇ ਦੇਸ਼-ਵਿਦੇਸ਼ 'ਚ ਵਸਦੇ ਪੰਜਾਬੀਆਂ ਨੂੰ ਮੈਂ ਨਿੱਘੀ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਖੁਸ਼ਹਾਲ ਭਵਿੱਖ ਦੀ ਕਾਮਨਾ ਕਰਦਾ ਹਾਂ। ਅੱਜ ਦੇ ਇਸ ਮੌਕੇ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ 'ਤੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਲਈ ਵੀ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ, ਜੋ ਇਸ ਸਾਲ 12 ਨਵੰਬਰ ਨੂੰ ਮਨਾਇਆ ਜਾਵੇਗਾ।

ਉਨ੍ਹਾਂ ਕਿਹਾ, ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਸਮਾਗਮਾਂ ਦੀ ਲੜੀ ਵਜੋਂ ਸੂਬਾ ਸਰਕਾਰ ਨੇ ਇਤਿਹਾਸਕ ਨਗਰਾਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਦੇ ਵਿਕਾਸ ਲਈ ਕਈ ਪ੍ਰੋਗਰਾਮ ਉਲੀਕੇ ਹਨ। ਇਹ ਨਗਰ ਸਿੱਖ ਧਰਮ ਦੇ ਬਾਨੀ ਦੀ ਚਰਨ ਛੋਹ ਪ੍ਰਾਪਤ ਹਨ। ਸਾਡੇ ਸਾਰਿਆਂ ਲਈ ਖਾਸ ਤੌਰ 'ਤੇ ਮੁਲਕ ਅਤੇ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਰਹਿ ਰਹੇ  ਸਿੱਖਾਂ ਲਈ ਇਹ ਬਹੁਤ ਮਾਣ ਅਤੇ ਤਸੱਲੀ ਵਾਲੀ ਗੱਲ ਹੈ

ਕਿ ਅਸੀਂ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ 'ਤੇ ਕਰਤਾਰਪੁਰ ਲਾਂਘਾ ਖੋਲ੍ਹਣ ਵਾਸਤੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੂੰ ਰਜ਼ਾਮੰਦ ਕਰਨ ਵਿਚ ਸਫ਼ਲ ਹੋਏ ਹਾਂ। ਇਹ ਲਾਂਘਾ ਦੋਵਾਂ ਮੁਲਕਾਂ ਦੇ ਲੋਕਾਂ ਦਰਮਿਆਨ ਸਨੇਹ, ਭਾਈਚਾਰਕ ਸਾਂਝ ਅਤੇ ਦੋਸਤੀ ਦੀਆਂ ਤੰਦਾਂ ਨੂੰ ਹੋਰ ਪੀਢੀਆਂ ਕਰਨ ਵਿਚ ਲਾਜ਼ਮੀ ਤੌਰ 'ਤੇ ਸਹਾਈ ਹੋਵੇਗਾ। ਉਨ੍ਹਾਂ ਕਿਹਾ, ਸਾਲ 1950 ਵਿਚ ਅੱਜ ਦੇ ਦਿਨ ਪ੍ਰਭੂਸੱਤਾ ਸੰਪੰਨ ਜਮਹੂਰੀ ਗਣਤੰਤਰ ਦਾ ਦਰਜਾ ਹਾਸਲ ਕਰ ਕੇ ਸਾਡੇ ਦੇਸ਼ ਵਾਸੀਆਂ ਨੇ ਆਜ਼ਾਦ ਭਾਰਤ ਦੇ ਸੰਜੋਏ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਪਹਿਲਾ ਮੀਲ ਪੱਥਰ ਗੱਡਿਆ।

ਅੱਜ ਦੇ ਦਿਨ ਸਾਡੇ ਵਲੋਂ ਅਪਣਾਇਆ ਗਿਆ ਸੰਵਿਧਾਨ ਆਜ਼ਾਦੀ ਸੰਘਰਸ਼ ਦੇ ਯੋਧਿਆਂ ਵਲੋਂ ਦਰਸਾਏ ਰਸਤੇ ਮੁਤਾਬਕ ਟੀਚਿਆਂ, ਆਦਰਸ਼ਾਂ ਅਤੇ ਕਦਰਾਂ-ਕੀਮਤਾਂ ਦੀ ਹਾਮੀ ਭਰਦਾ ਹੈ। ਆਓ, ਅੱਜ ਦੇ ਇਸ ਮੌਕੇ ਅਸੀਂ ਸੰਵਿਧਾਨ ਦੇ ਨਿਰਮਾਤਾਵਾਂ ਅੱਗੇ ਆਪਣਾ ਸਿਰ ਝੁਕਾਈਏ ਜਿਨ੍ਹਾਂ ਨੇ ਉਸ ਮੁਲਕ ਦੀ ਨੀਂਹ ਰੱਖੀ, ਜਿੱਥੇ ਸਾਰੇ ਨਾਗਰਿਕਾਂ ਲਈ ਨਿਆਂ, ਆਜ਼ਾਦੀ, ਬਰਾਬਰੀ ਅਤੇ ਮਾਣ-ਸਤਿਕਾਰ ਦੀਆਂ ਵਿਲੱਖਣ ਖੂਬੀਆਂ ਹਨ। ਮੁਲਕ ਨੂੰ ਅੰਦਰੂਨੀ ਅਤੇ ਬਾਹਰੀ ਖਤਰਿਆਂ ਤੋਂ ਸੁਰੱਖਿਆ ਅਤੇ ਅਨਾਜ ਮੁਹੱਈਆ ਕਰਾਉਣ ਵਿੱਚ ਵੀ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੈ

ਜਿਸ ਕਰਕੇ ਇਸ ਸੂਬੇ ਨੂੰ ਮੁਲਕ ਦੀ ਖੜਗਭੁਜਾ ਅਤੇ ਅਨਾਜ ਭੰਡਾਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ, ਮੈਨੂੰ ਅੱਜ ਦੇ ਇਸ ਇਤਿਹਾਸਕ ਮੌਕੇ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਅਸੀਂ 10 ਸਾਲਾਂ ਦੇ ਕੁਸਾਸ਼ਨ ਦੇ ਇਸ ਦੌਰ ਨੂੰ ਬਹੁਤ ਪਿੱਛੇ ਛੱਡ ਆਏ ਹਾਂ ਅਤੇ ਅਪਣੇ ਪਿਆਰੇ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਅੱਗੇ ਵਧ ਰਹੇ ਹਾਂ। ਪਿਛਲੇ 22 ਮਹੀਨਿਆਂ ਵਿਚ ਤੁਹਾਡੇ ਵਲੋਂ ਦਿਤੇ ਪੂਰਨ ਸਹਿਯੋਗ ਨਾਲ ਅਸੀਂ ਅਣਥੱਕ ਮਿਹਨਤ ਕੀਤੀ ਤਾਂ ਕਿ ਹਰ ਮੁਹਾਜ਼ 'ਤੇ ਟਿਕਾਊ ਵਿਕਾਸ ਦੀ ਮੰਜ਼ਿਲ ਛੂਹ ਸਕੀਏ। 

ਅਪ੍ਰੈਲ, 2017 ਤੋਂ ਲੈ ਕੇ ਹੁਣ ਤੱਕ ਮੇਰੀ ਸਰਕਾਰ ਨੇ ਵੱਖ-ਵੱਖ ਵਿਕਾਸ ਕਾਰਜਾਂ ਲਈ 14,000 ਕਰੋੜ ਰੁਪਏ ਜਾਰੀ/ਪ੍ਰਵਾਨ ਕੀਤੇ ਹਨ, ਜਿਨ੍ਹਾਂ ਵਿੱਚੋਂ ਲਗਭਗ 6700 ਕਰੋੜ ਰੁਪਏ ਪੇਂਡੂ ਖੇਤਰ ਅਤੇ 7300 ਕਰੋੜ ਰੁਪਏ ਸ਼ਹਿਰੀ ਖੇਤਰ ਦੇ ਵਿਕਾਸ ਕੰਮਾਂ ਲਈ ਹਨ। ਇਸ ਥੋੜ੍ਹੇ ਜਿਹੇ ਸਮੇਂ ਦੌਰਾਨ ਮੇਰੀ ਸਰਕਾਰ ਨੇ ਸੂਬੇ ਦੀ ਤਰੱਕੀ ਅਤੇ ਵਿਕਾਸ ਦੀ ਰਫ਼ਤਾਰ 'ਚ ਤੇਜ਼ੀ ਲਿਆਉਣ ਲਈ ਕੁਝ ਲੀਹੋਂ ਹਟਵੇਂ ਕਦਮ ਚੁੱਕੇ ਹਨ, ਜਿਸ ਦਾ ਮਕਸਦ ਸਮਾਜ ਦੇ ਸਭ ਤੋਂ ਪੱਛੜੇ ਤਬਕਿਆਂ ਦੀ ਭਲਾਈ 'ਤੇ ਕੇਂਦਰਤ ਹੋਣਾ ਹੈ। ਇਨ੍ਹਾਂ ਸਕੀਮਾਂ ਵਿਚ ਖੇਤੀਬਾੜੀ ਕਰਜ਼ਾ ਮੁਆਫੀ, ਘਰ ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ,

ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ, ਨਸ਼ਾ ਵਿਰੋਧੀ ਪ੍ਰੋਗਰਾਮ ਦੇ ਨਾਲ-ਨਾਲ ਸਮਾਰਟ ਪਿੰਡ ਮੁਹਿੰਮ ਅਤੇ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਸ਼ਾਮਲ ਹਨ, ਜਿਸ ਨਾਲ ਸੂਬੇ ਦੇ ਮੁਕੰਮਲ ਵਿਕਾਸ ਲਈ ਰਾਹ ਪੱਧਰਾ ਹੋਇਆ ਹੈ। ਉਨ੍ਹਾਂ ਕਿਹਾ, ਇਨ੍ਹਾਂ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਮੈਂ ਤੁਹਾਡੇ ਨਾਲ ਕੁਝ ਹੋਰ ਜਾਣਕਾਰੀ ਵੀ ਸਾਂਝੀ ਕਰਨਾ ਚਾਹੁੰਦਾ ਹਾਂ। ਕਰਜ਼ਾ ਮੁਆਫੀ ਸਕੀਮ ਅਧੀਨ ਹੁਣ ਤੱਕ 5.64 ਲੱਖ ਕਿਸਾਨਾਂ ਨੂੰ ਕਰਜ਼ਾ ਰਾਹਤ ਦੇ ਦਿਤੀ ਗਈ ਹੈ, ਜਿਸ ਨਾਲ ਉਨ੍ਹਾਂ ਦਾ 4513.80 ਕਰੋੜ ਰੁਪਏ ਦਾ ਕਰਜ਼ਾ ਮੁਆਫ ਹੋਇਆ ਹੈ।

ਪਹਿਲੇ ਪੜਾਅ ਵਿਚ ਸਾਡੀ ਸਰਕਾਰ ਨੇ 3.18 ਲੱਖ ਕਿਸਾਨਾਂ ਦਾ 1815.31 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ। ਇਸੇ ਤਰ੍ਹਾਂ ਦੂਜੇ ਦੌਰ ਵਿਚ 1.04 ਲੱਖ ਕਿਸਾਨਾਂ ਦਾ 1689.49 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਅਤੇ ਤੀਜੇ ਪੜਾਅ ਵਿਚ 1.42 ਲੱਖ ਕਿਸਾਨਾਂ ਨੂੰ 1009 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ, ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਬਣੀਆਂ ਮਾੜੀਆਂ ਨੀਤੀਆਂ ਨੇ ਸਾਡੇ ਸੂਬੇ ਦੇ ਉਦਯੋਗ ਦਾ ਭੱਠਾ ਬਿਠਾ ਦਿਤਾ ਸੀ, ਜਿਸ ਨੂੰ ਲੈ ਕੇ ਅਸੀਂ ਕਿੰਨੇ ਫਿਕਰਮੰਦ ਸਾਂ।

ਮੇਰੀ ਸਰਕਾਰ ਵੱਲੋਂ ਨਿਵੇਸ਼ ਪੱਖੀ ਨੀਤੀਆਂ ਲਾਗੂ ਕਰਕੇ ਸੂਬੇ ਵਿਚ ਨਿਵੇਸ਼ ਲਈ ਸੁਖਾਵਾਂ ਮਾਹੌਲ ਸਿਰਜਿਆ ਗਿਆ ਜਿਸ ਨਾਲ ਉਦਯੋਗਿਕ ਤਰੱਕੀ ਨੂੰ ਨਵਾਂ ਹੁਲਾਰਾ ਮਿਲਿਆ। ਮਾਰਚ, 2017 ਵਿੱਚ ਜਦੋਂ ਅਸੀਂ ਸੱਤਾ ਸੰਭਾਲੀ ਤਾਂ ਉਸ ਤੋਂ ਬਾਅਦ ਨਵੀਂ ਸਨਅਤੀ ਤੇ ਵਪਾਰ ਨੀਤੀ ਲਿਆਂਦੀ ਗਈ। ਇਸ ਨੀਤੀ ਸਦਕਾ ਸੂਬੇ ਵਿਚ 36000 ਕਰੋੜ ਰੁਪਏ ਦੇ ਨਿਵੇਸ਼ ਲਈ ਰਾਹ ਪੱਧਰਾ ਹੋ ਗਿਆ, ਜਿਸ ਨਾਲ ਰੁਜ਼ਗਾਰ ਦੇ 1.18 ਲੱਖ ਮੌਕੇ ਪੈਦਾ ਹੋਣੇ ਹਨ। ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਤਾਂ ਸਿਰਫ਼ ਸ਼ੁਰੂਆਤ ਹੀ ਹੈ ਅਤੇ ਸਾਡੀਆਂ ਨਵੀਆਂ ਨੀਤੀਆਂ ਦਾ ਪੂਰਾ ਨਤੀਜਾ ਸਾਹਮਣੇ ਆਉਣਾ ਅਜੇ ਬਾਕੀ ਹੈ।

ਅਗਲੇ ਤਿੰਨ ਸਾਲਾਂ ਵਿੱਚ, ਪੰਜਾਬ ਨਿਵੇਸ਼ ਪੱਖੋਂ ਦੁਨੀਆ ਦਾ ਬਿਹਤਰੀਨ ਸੂਬਾ ਬਣ ਕੇ ਉਭਰੇਗਾ। ਉਨ੍ਹਾਂ ਕਿਹਾ, ਸਾਲ 2017 ਵਿਚ ਜਦੋਂ ਅਸੀਂ ਸੱਤਾ ਸੰਭਾਲੀ ਸੀ ਤਾਂ ਉਸ ਵੇਲੇ ਨਸ਼ੇ ਦੀ ਸਮੱਸਿਆ ਨੇ ਬਹੁਤ ਹੀ ਗੰਭੀਰ ਰੂਪ ਧਾਰਨ ਕੀਤਾ ਹੋਇਆ ਸੀ ਅਤੇ ਇੱਥੋਂ ਤੱਕ ਕਿ ਡਰੱਗ ਮਾਫੀਆ ਨੇ ਸਾਡੇ ਨੌਜਵਾਨਾਂ ਦੀ ਇਕ ਪੀੜ੍ਹੀ ਨੂੰ ਬਰਬਾਦ ਕਰ ਦਿਤਾ। ਉਸ ਵੇਲੇ ਮੈਂ ਇਸ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਦਾ ਤਹੱਈਆ ਕੀਤਾ ਸੀ ਤੇ ਇਸ ਫੈਸਲੇ ਨੂੰ ਅਮਲੀ ਰੂਪ ਦੇਣ ਲਈ ਵਿਸ਼ੇਸ਼ ਟਾਸਕ ਫੋਰਸ (ਐਸ.ਟੀ.ਐਫ) ਦਾ ਗਠਨ ਕੀਤਾ ਗਿਆ।

ਨਸ਼ਾ ਵਿਰੋਧੀ ਮੁਹਿੰਮ ਤਹਿਤ ਹੁਣ ਤੱਕ 19443 ਕੇਸ ਦਰਜ ਕੀਤੇ ਗਏ ਅਤੇ ਇਸ ਤੋਂ ਇਲਾਵਾ 22933 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ 496 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ, ਨਸ਼ਿਆਂ ਦੀ ਲਾਹਨਤ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੇ ਦ੍ਰਿੜ ਫੈਸਲੇ ਸਦਕਾ ਐਸ.ਟੀ.ਐਫ ਵੱਲੋਂ ਨਸ਼ੇ ਦੇ ਕਾਰੋਬਾਰ ਨਾਲ ਸਬੰਧਤ ਗਤੀਵਿਧੀਆਂ ਨੂੰ ਸ਼ਹਿ ਦੇਣ ਵਾਲਿਆਂ 'ਚ ਸ਼ੱਕੀ ਕਿਰਦਾਰ ਵਾਲੇ 23 ਪੁਲਿਸ ਮੁਲਾਜ਼ਮਾਂ ਨੂੰ ਹੁਣ ਤੱਕ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਕਿਹਾ, ਮੇਰੇ ਲਈ ਇਹ ਵੀ ਬਹੁਤ ਚਿੰਤਾ ਦਾ ਵਿਸ਼ਾ ਸੀ ਕਿ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਅਕਸਰ ਯੋਗ ਲਾਭਪਾਤਰੀਆਂ ਤੱਕ ਨਹੀਂ ਪਹੁੰਚਦਾ। ਇਸ ਸਮੱਸਿਆ ਨੂੰ ਸੁਲਝਾਉਣ ਦੇ ਉਦੇਸ਼ ਨਾਲ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਲਾਗੂ ਕੀਤੀ ਗਈ ਅਤੇ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਸ ਪ੍ਰੋਗਰਾਮ ਤਹਿਤ ਲਾਏ ਗਏ ਕੈਂਪਾਂ ਰਾਹੀਂ ਸ਼ਨਾਖਤ ਕੀਤੇ ਗਏ 11.3 ਲੱਖ ਵਿਅਕਤੀਆਂ ਵਿਚੋਂ ਲਗਭਗ 8 ਲੱਖ ਵਿਅਕਤੀਆਂ ਨੂੰ ਢੁੱਕਵੀਂ ਰਾਹਤ ਦਿਤੀ ਜਾ ਚੁੱਕੀ ਹੈ।

ਸਾਰੇ ਜ਼ਿਲ੍ਹਿਆਂ ਵਿਚ ਇਹ ਕੈਂਪ ਹਰ ਮਹੀਨੇ ਲਾਏ ਜਾਂਦੇ ਹਨ ਤਾਂ ਕਿ ਗਰੀਬ ਪੱਖੀ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲਾਭਪਾਤਰੀਆਂ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਜਾ ਸਕੇ। ਮੇਰਾ ਇਹ ਮੰਨਣਾ ਹੈ ਕਿ ਵਿਕਾਸ ਦਾ ਸਮਾਜਿਕ ਪਹਿਲੂ ਸਾਡੇ ਸੂਬੇ ਦੀ ਤਰੱਕੀ ਦੀ ਸਭ ਤੋਂ ਅਹਿਮ ਕੜੀ ਹੈ। ਇਸੇ ਕਰਕੇ ਹੀ ਵਿੱਤੀ ਤੰਗੀ ਦੇ ਬਾਵਜੂਦ ਮੇਰੀ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਦੀ ਅਦਾਇਗੀ ਹਰ ਮਹੀਨੇ ਕਰਨੀ ਯਕੀਨੀ ਬਣਾਈ ਜਿਸ ਤਹਿਤ 1600 ਕਰੋੜ ਦੀ ਰਾਸ਼ੀ ਸਿੱਧੀ 19.2 ਲੱਖ ਲਾਭਪਾਤਰੀਆਂ ਦੇ ਖਾਤਿਆਂ ਵਿਚ ਭੇਜੀ ਜਾ ਰਹੀ ਹੈ।

ਇਸੇ ਤਰ੍ਹਾਂ ਆਸ਼ੀਰਵਾਦ ਸਕੀਮ ਤਹਿਤ ਵਿੱਤੀ ਸਹਾਇਤਾ 15000 ਤੋਂ ਵਧਾ ਕੇ 21000 ਰੁਪਏ ਕੀਤੀ ਗਈ। ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀਆਂ ਕਾਰਪੋਰੇਸ਼ਨਾਂ ਪਾਸੋਂ ਲਏ ਗਏ 50 ਹਜ਼ਾਰ ਰੁਪਏ ਤੱਕ ਦੇ ਕਰਜ਼ੇ ਮੁਆਫ਼ ਕੀਤੇ ਗਏ ਜਿਸ ਨਾਲ 15890 ਵਿਅਕਤੀਆਂ ਨੂੰ 52 ਕਰੋੜ ਰੁਪਏ ਦੀ ਰਾਹਤ ਦਿਤੀ ਗਈ। ਮੇਰੀ ਸਰਕਾਰ ਵਲੋਂ ਸੂਬਾ ਭਰ ਦੇ ਪਿੰਡਾਂ ਵਿਚ ਬੇਘਰੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ 5-5 ਮਰਲਿਆਂ ਦੇ ਇਕ ਲੱਖ ਪਲਾਟ ਮੁਹੱਈਆ ਕਰਾਏ ਜਾਣਗੇ। ਮੈਂ ਤੁਹਾਨੂੰ ਇੱਥੇ ਇਹ ਵੀ ਭਰੋਸਾ ਦਿੰਦਾ ਹਾਂ ਕਿ ਇਸ ਸਬੰਧ ਵਿਚ ਸਾਡੇ ਯਤਨ ਆਉਂਦੇ ਮਹੀਨਿਆਂ ਵਿਚ ਹੋਰ ਤੇਜ਼ ਹੋਣਗੇ ਅਤੇ ਅਸੀਂ ਸੂਬੇ ਦੇ ਲੋੜਵੰਦ ਲੋਕਾਂ ਲਈ ਅਪਣੀਆਂ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਜਾਰੀ ਰੱਖਾਂਗੇ।
ਸਿਹਤ ਦਾ ਖੇਤਰ ਇਕ ਅਜਿਹਾ ਖੇਤਰ ਹੈ ਜਿਸ ਨੂੰ ਮਜ਼ਬੂਤ ਬਣਾਉਣ ਲਈ ਅਸੀਂ ਅਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ ਕਿਉਂਕਿ ਸਾਡਾ ਇਹ ਵਿਸ਼ਵਾਸ ਹੈ ਕਿ ਸਿਹਤਮੰਦ ਸੂਬੇ ਨੂੰ ਤਰੱਕੀ ਅਤੇ ਵਿਕਾਸ ਲਈ ਸਿਹਤਮੰਦ ਲੋਕਾਂ ਦੀ ਲੋੜ ਹੁੰਦੀ ਹੈ। ਇਸੇ ਲੜੀ ਤਹਿਤ ਹੀ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮੇ ਦਾ ਘੇਰਾ ਵਿਸ਼ਾਲ ਕਰਦਿਆਂ ਅਸੀਂ ਕੇਂਦਰੀ ਸਕੀਮ 'ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ' ਦੇ ਸਮਾਜਿਕ ਆਰਥਿਕ ਜਾਤੀ ਜਨਗਣਨਾ (ਐਸ.ਈ.ਸੀ.ਸੀ) ਦੇ 14.96 ਲੱਖ ਪਰਿਵਾਰਾਂ ਤੋਂ ਵਧਾ ਕੇ 42 ਲੱਖ ਪਰਿਵਾਰਾਂ ਤੱਕ ਕਰ ਦਿਤਾ।

ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ 5 ਲੱਖ ਰੁਪਏ ਦਾ ਸਿਹਤ ਬੀਮਾ ਮੁਹੱਈਆ ਹੋਵੇਗਾ ਜਿਸ ਲਈ ਉਨ੍ਹਾਂ ਨੂੰ ਕੋਈ ਵੀ ਯੋਗਦਾਨ ਨਹੀਂ ਪਾਉਣਾ ਪਵੇਗਾ। ਮੇਰੀ ਸਰਕਾਰ ਵੱਲੋਂ ਇਸ ਸਕੀਮ ਤਹਿਤ 371 ਕਰੋੜ ਰੁਪਏ ਖਰਚੇ ਜਾ ਰਹੇ ਹਨ। ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮੱਦੇਨਜ਼ਰ 31 ਮਾਰਚ, 2019 ਤੱਕ ਹੇਠਲੇ ਪੱਧਰ 'ਤੇ ਲਗਭਗ 420 ਹੈਲਥ ਐਂਡ ਵੈਲਨੈੱਸ ਕਲੀਨਿਕ ਸਥਾਪਤ ਕੀਤੇ ਜਾਣੇ ਹਨ। ਲੋਕਾਂ ਨੂੰ ਮਿਆਰੀ ਭੋਜਨ ਮੁਹੱਈਆ ਕਰਾਉਣ ਦੇ ਰੂਪ ਵਿੱਚ ਬਿਹਤਰ ਸੇਵਾਵਾਂ ਦੇਣ ਨੂੰ ਯਕੀਨੀ ਬਣਾਉਣ ਲਈ ਅਸੀਂ ਪੂਰਨ ਤੌਰ 'ਤੇ ਵਚਨਬੱਧ ਹਾਂ

ਅਤੇ ਇਸ ਸਬੰਧ ਵਿਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਾ ਕਰਨ ਬਾਰੇ ਸਾਡੀ ਨੀਤੀ ਬਿਲਕੁਲ ਸਪੱਸ਼ਟ ਹੈ। 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਨਕਲੀ ਦੁੱਧ ਅਤੇ ਮਿਲਾਵਟੀ ਭੋਜਨ ਵੇਚਣ ਵਾਲਿਆਂ 'ਤੇ ਸਖ਼ਤ ਕਾਰਵਾਈ ਕਰਨ ਲਈ ਸੂਬਾ ਪੱਧਰੀ ਮੁਹਿੰਮ ਚਲਾਈ ਗਈ ਜਿਸ ਤਹਿਤ ਵੱਡੀ ਪੱਧਰ 'ਤੇ ਛਾਪੇਮਾਰੀ ਕਰਕੇ ਅਜਿਹੇ ਦੋਖੀਆਂ ਖਿਲਾਫ਼ ਕਰੜੇ ਕਦਮ ਚੁੱਕੇ ਜਾ ਰਹੇ ਹਨ। ਹਵਾ ਪ੍ਰਦੂਸ਼ਣ ਸਾਡੇ ਲਈ ਇਕ ਹੋਰ ਚਿੰਤਾ ਦਾ ਵਿਸ਼ਾ ਹੈ ਕਿਉਂ ਜੋ ਇਸ ਨਾਲ ਸਾਡੀ ਸਿਹਤ 'ਤੇ ਸਿੱਧਾ ਅਸਰ ਪੈਂਦਾ ਹੈ ਅਤੇ ਅਸੀਂ ਇਸ ਸਮੱਸਿਆ ਨਾਲ ਨਿਪਟਣ ਲਈ ਵੀ ਕਈ ਵੱਡੇ ਕਦਮ ਚੁੱਕੇ ਹਨ।

ਮੇਰੀ ਸਰਕਾਰ ਨੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ 245 ਕਰੋੜ ਰੁਪਏ ਦੀ ਸਬਸਿਡੀ 'ਤੇ 27000 ਮਸ਼ੀਨਾਂ ਦਿੱਤੀਆਂ ਹਨ। ਸਾਫ਼ ਹਵਾ ਵਿੱਚ ਸਾਹ ਲੈਣਾ ਹਰੇਕ ਵਿਅਕਤੀ ਦਾ ਹੱਕ ਹੈ ਅਤੇ ਅਸੀਂ ਆਪਣੇ ਲੋਕਾਂ ਦੇ ਇਸ ਹੱਕ ਦੀ ਰਾਖੀ ਲਈ ਸਿਰੜ ਨਾਲ ਕੰਮ ਕਰ ਰਹੇ ਹਾਂ। ਮੇਰੀ ਸਰਕਾਰ ਲਈ ਸ਼ਹਿਰੀ ਅਤੇ ਪੇਂਡੂ ਵਸੋਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਮੁੱਖ ਤਰਜੀਹ ਹੈ ਅਤੇ ਇਸ ਸੰਦਰਭ ਵਿਚ ਹੀ ਸਮਾਰਟ ਪਿੰਡ ਮੁਹਿੰਮ ਅਤੇ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਹੇਠ ਕਈ ਸਕੀਮਾਂ ਆਰੰਭ ਕੀਤੀਆਂ ਹਨ ਜਿਨ੍ਹਾਂ 'ਤੇ 683.20 ਕਰੋੜ ਰੁਪਏ ਦੀ ਲਾਗਤ ਆਉਣੀ ਹੈ।

ਇਸ ਵਿਚੋਂ ਪੇਂਡੂ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ  ਬਣਾਉਣ ਲਈ 384.40 ਕਰੋੜ ਰੁਪਏ ਜਦਕਿ ਸ਼ਹਿਰੀ ਇਲਾਕਿਆਂ ਵਿੱਚ 298.80 ਕਰੋੜ ਰੁਪਏ ਖਰਚੇ ਜਾਣਗੇ। ਦਿਹਾਤੀ ਖੇਤਰ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ 3000 ਕਰੋੜ ਰੁਪਏ ਦੀ ਲਾਗਤ ਨਾਲ 31000 ਕਿਲੋਮੀਟਰ ਪੇਂਡੂ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਗਿਆ। ਇਸੇ ਤਰ੍ਹਾਂ ਪੇਂਡੂ ਲਿੰਕ ਸੜਕਾਂ 'ਤੇ ਸਥਿਤ 1000 ਤੰਗ ਪੁਲੀਆਂ ਅਤੇ ਪੁਲ ਅਪਗ੍ਰੇਡ ਕਰਨ ਲਈ 200 ਕਰੋੜ ਰੁਪਏ ਰੱਖੇ ਗਏ। ਮੰਡੀ ਵਿਕਾਸ ਪ੍ਰੋਗਰਾਮ ਤਹਿਤ 151 ਪ੍ਰਮੁੱਖ ਫੜ੍ਹਾਂ, 284 ਛੋਟੇ ਫੜ੍ਹਾਂ ਅਤੇ 1395 ਖਰੀਦ ਕੇਂਦਰਾਂ ਲਈ 750 ਕਰੋੜ ਰੁਪਏ ਖ਼ਰਚੇ ਜਾ ਰਹੇ ਹਨ। 

ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਦਾ ਮੁੱਖ ਆਧਾਰ ਹੁੰਦੀ ਹੈ ਅਤੇ ਮੇਰੀ ਸਰਕਾਰ ਸੂਬੇ ਦੇ ਖਾਸ ਕਰਕੇ ਪੇਂਡੂ ਇਲਾਕੇ ਦੇ ਸਕੂਲਾਂ ਦੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਨਿਵੇਸ਼ ਕਰ ਰਹੀ ਹੈ। ਅਸੀਂ ਇਹ ਫੈਸਲਾ ਕੀਤਾ ਹੈ ਕਿ 115 ਕਰੋੜ ਰੁਪਏ ਖਰਚ ਕੇ ਸਾਰੇ ਸਿੱਖਿਆ ਬਲਾਕਾਂ ਵਿੱਚ 259 ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਸਥਾਪਤ ਕੀਤਾ ਜਾਵੇਗਾ। ਇਸੇ ਤਰ੍ਹਾਂ 11 ਜ਼ਿਲ੍ਹਿਆਂ ਵਿਚ 15 ਨਵੇਂ ਡਿਗਰੀ ਕਾਲਜ ਖੋਲੇ ਜਾਣਗੇ ਤਾਂ ਕਿ ਮਿਆਰੀ ਉਚੇਰੀ ਸਿੱਖਿਆ ਮੁਹੱਈਆ ਕਰਾਈ ਜਾ ਸਕੇ।

ਉਨ੍ਹਾਂ ਕਿਹਾ, ਸਾਡੇ ਵਲੋਂ ਕੀਤੀ ਸ਼ੁਰੂਆਤ ਤਾਂ ਤੁਸੀਂ ਦੇਖ ਸਕਦੇ ਹੋ ਪਰ ਅਜੇ ਬਹੁਤ ਲੰਮਾ ਪੈਂਡਾ ਤੈਅ ਕਰਨਾ ਬਾਕੀ ਹੈ, ਜਿਸ ਲਈ ਸਾਨੂੰ ਭਵਿੱਖ ਵਿਚ ਵੀ ਤੁਹਾਡੇ ਪੂਰਨ ਸਹਿਯੋਗ ਅਤੇ ਮਦਦ ਦੀ ਲੋੜ ਹੈ। ਹਰ ਮੁਹਾਜ਼ ਤੋਂ ਅਗਵਾਈ ਕਰਨ ਦਾ ਜਜ਼ਬਾ ਪੰਜਾਬੀਆਂ ਦੇ ਖੂਨ ਵਿਚ ਹੈ ਅਤੇ ਮੈਂ ਤੁਹਾਡੇ ਸਾਰਿਆਂ ਤੋਂ ਇਹ ਆਸ ਕਰਦਾ ਹਾਂ ਕਿ ਪੰਜਾਬ ਦੀ ਖੁੱਸ ਚੁੱਕੀ ਸ਼ਾਨ ਬਹਾਲ ਕਰਨ ਲਈ ਤੁਸੀਂ ਮੇਰੀ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲੋਗੇ। ਮੈਂ ਦ੍ਰਿੜ ਨਿਸ਼ਚਾ ਧਾਰਿਆ ਹੋਇਆ ਹੈ ਕਿ ਜਦੋਂ ਤੱਕ ਅਸੀਂ ਹਰ ਪੰਜਾਬੀ ਦੇ ਚਿਹਰੇ 'ਤੇ ਮੁਸਕਾਨ ਨਹੀਂ ਲੈ ਆਉਂਦੇ, ਉਦੋਂ ਤੱਕ ਮੈਂ ਚੈਨ ਨਾਲ ਨਹੀਂ ਬੈਠਾਂਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement