
ਕਿਹਾ, ਜਦੋਂ ਪਾਕਿ ਦੀ ਖ਼ੂਨੀ ਜੰਗ ਖ਼ਤਮ ਹੋ ਜਾਏਗੀ ਤਾਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣਗੇ.........
ਚੰਡੀਗੜ੍ਹ (ਨੀਲ ਬੀ. ਸਿੰਘ) : ਪਾਕਿਸਤਾਨ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਅਤੇ ਅਪਣੇ ਹਿੱਸੇ 'ਚ ਇਸਦੇ ਨਿਰਮਾਣ ਬਾਰੇ ਫ਼ਰਾਖ਼ਦਿਲੀ ਨੇ ਭਾਵੇਂ ਇਕ ਤਰ੍ਹਾਂ ਨਾਲ ਭਾਰਤ ਸਰਕਾਰ ਨੂੰ ਵੀ ਅਪਣੇ ਪੱਖ ਤੋਂ ਹੁੰਗਾਰਾ ਭਰਨ ਲਈ ਮਜਬੂਰ ਕੀਤਾ ਹੈ। ਪਰ ਹੁਣ ਜਦੋਂ ਸੱਭ ਕੁਝ ਸੁੱਖੀਂ-ਸਾਂਦੀ ਸਿਰੇ ਚੜ੍ਹਦਾ ਪ੍ਰਤੀਤ ਹੋ ਰਿਹਾ ਹੈ ਤਾਂ ਭਾਰਤੀ ਖਾਸਕਰ ਪੰਜਾਬ ਦੇ ਸਿਆਸਤਦਾਨਾਂ 'ਚ ਇਕ ਨਵੀਂ ਦੌੜ ਸ਼ੁਰੂ ਹੋ ਗਈ ਹੈ। ਪਾਕਿਸਤਾਨ ਸਰਕਾਰ ਵਲੋਂ ਪਹਿਲਾਂ ਭਾਵੇਂ ਅਪਣੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕ੍ਰਿਕਟਰ ਮਿੱਤਰ ਤੇ ਚੜ੍ਹਦੇ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਹੀ ਸੱਦਾ ਭੇਜਿਆ ਗਿਆ ਹੋਣ ਦਾ ਪਤਾ ਲੱਗਾ ਸੀ,
ਪਰ ਪਾਕਿਸਤਾਨ ਵਲੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੱਦਾ ਭੇਜ ਦਿਤਾ ਗਿਆ, ਜਿਸਨੂੰ ਕੈਪਟਨ ਨੇ ਅਸਵੀਕਾਰ ਵੀ ਕਰ ਦਿਤਾ ਹੈ। ਭਾਰਤੀ ਫ਼ੌਜ 'ਚ ਸੇਵਾ ਨਿਭਾਅ ਚੁੱਕੇ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਾਕਿਸਤਾਨੀ ਰੇਂਜਰਜ਼ ਸਰਹੱਦ 'ਤੇ ਲਗਾਤਾਰ ਭਾਰਤੀ ਜਵਾਨਾਂ ਦਾ ਖ਼ੂਨ ਵਹਾ ਰਹੇ ਹਨ ਤੇ ਪੰਜਾਬ ਵਿਚ ਵੀ ਅਤਿਵਾਦੀ ਘਟਨਾਵਾਂ ਹੋ ਰਹੀਆਂ ਹਨ। ਜਿਸ ਦਿਨ ਇਹ ਖ਼ੂਨੀ ਜੰਗ ਖ਼ਤਮ ਹੋ ਜਾਏਗੀ, ਉਹ ਉਦੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣਗੇ।
ਉਧਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੱਲ ਹੀ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਦੀ ਥਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ ਭਾਰਤ ਸਰਕਾਰ ਵਲੋਂ ਪਾਕਿਸਤਾਨ ਜਾਣਗੇ। ਹੁਣ ਮੁੱਖ ਮੰਤਰੀ ਨੇ ਵੀ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿਤਾ ਤੇ ਨਾਲ ਹੀ ਪਾਕਿਸਤਾਨ ਨੂੰ ਸਰਹੱਦੀ ਕਾਰਵੀਆਂ ਲਈ ਝਾੜ ਵੀ ਪਾਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਮਖਦੂਮ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਸੱਦੇ ਦੇ ਜਵਾਬ ਵਿਚ ਚਿੱਠੀ ਵੀ ਲਿਖੀ ਹੈ।
Navjot Singh Sidhu
ਇਸ ਵਿਚ ਉਨ੍ਹਾਂ ਇਤਿਹਾਸਕ ਮੌਕੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਉਹ ਇਸ ਮੌਕੇ 'ਤੇ ਅਪਣੀ ਹਾਜ਼ਰੀ ਨਹੀਂ ਲਵਾ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਨਾ ਜਾਣ ਦੇ ਦੋ ਕਾਰਨ ਵੀ ਸਪਸ਼ਟ ਕੀਤੇ ਹਨ। ਪਹਿਲਾ ਕਾਰਨ ਜੰਮੂ-ਕਸ਼ਮੀਰ ਸਰਹੱਦ 'ਤੇ ਭਾਰਤੀ ਜਵਾਨਾਂ 'ਤੇ ਲਗਾਤਾਰ ਹਮਲੇ ਤੇ ਦੂਜਾ ਪੰਜਾਬ ਵਿਚ ਆਈਐਸ ਦੀ ਘੁਸਪੈਠ ਦੀਆਂ ਗਤੀਵਿਧੀਆਂ ਦੀ ਸ਼ੁਰੂਆਤ ਹੈ। ਇਸ ਦੀ ਤਾਜ਼ਾ ਮਿਸਾਲ ਲਈ ਉਨ੍ਹਾਂ ਅੰਮ੍ਰਿਤਸਰ ਦੇ ਰਾਜਾਸਾਂਸੀ ਲਾਗੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲੇ ਦਾ ਹਵਾਲਾ ਦਿਤਾ ਹੈ।
ਉਧਰ ਦੂਜੇ ਪਾਸੇ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵਲੋਂ ਦਿਤੇ ਗਏ ਸੱਦੇ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਸਵੀਕਾਰ ਕਰ ਲਿਆ ਹੈ। ਸਿੱਧੂ ਵਲੋਂ ਇਸ ਸਬੰਧ 'ਚ ਲਿਖਿਆ ਗਿਆ ਹੈ ਕਿ ਇਸ ਇਤਿਹਾਸਕ ਮੌਕੇ 'ਤੇ ਕੁਰੈਸ਼ੀ ਨੂੰ ਮਿਲਣਾ ਚਾਹੁੰਦੇ ਹਨ। ਇਸ ਸਬੰਧ 'ਚ ਉਨ੍ਹਾਂ ਨੇ ਅਰਜ਼ੀ ਵਿਦੇਸ਼ ਮੰਤਰਾਲੇ ਕੋਲ ਭੇਜ ਦਿਤੀ ਹੈ। ਪਰ ਇਸੇ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਕਸੂਤਾ ਫਸਾ ਦਿਤਾ ਹੈ।
ਕੈਪਟਨ ਨੇ ਸਰਹੱਦੋਂ ਪਾਰ ਪਾਕਿਸਤਾਨ ਵਿਚ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਿਰਕਤ ਕਰਨ ਤੋਂ ਇਨਕਾਰ ਕਰ ਦਿਤਾ ਹੈ ਪਰ ਹਰਸਿਮਰਤ ਕੌਰ ਬਾਦਲ ਵਲੋਂ ਪਾਕਿਸਤਾਨ ਜਾਣ ਦੀ ਤਿਆਰੀ ਹੈ। ਇਸ ਲਈ ਸਵਾਲ ਉੱਠ ਰਹੇ ਹਨ ਕਿ ਸਿੱਧੂ ਦੀ ਪਾਕਿਸਤਾਨ ਫੇਰੀ ਦੀ ਅਲੋਚਨਾ ਕਰਨ ਵਾਲੀ ਹਰਸਿਮਰਤ ਕਿਸ ਮੂੰਹ ਨਾਲ ਗੁਆਂਢੀ ਮੁਲਕ ਜਾਣਗੇ। ਦਸਣਯੋਗ ਹੈ ਹਰਸਿਮਰਤ ਨੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਜਾਣ ਦੀ ਸਭ ਤੋਂ ਵੱਧ ਅਲੋਚਨਾ ਕੀਤੀ ਸੀ।
Harsimrat Kaur Badal
ਉਨ੍ਹਾਂ ਦਾ ਦਾਅਵਾ ਸੀ ਕਿ ਸਿੱਧੂ ਨੇ ਪਾਕਿਸਤਾਨ ਜਾ ਕੇ ਸ਼ਹੀਦਾਂ ਦਾ ਅਪਮਾਣ ਕੀਤਾ ਹੈ ਕਿਉਂਕਿ ਪਾਕਿਸਤਾਨ ਰੋਜ਼ਾਨਾ ਸਰਹੱਦ ਉੱਪਰ ਭਾਰਤੀ ਸੈਨਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਨੇ ਤਾਂ ਸਿੱਧੂ ਨੂੰ ਗਦਾਰ ਤਕ ਕਹਿ ਦਿਤਾ ਸੀ। ਹੁਣ ਕੈਪਟਨ ਅਮਰਿੰਦਰ ਨੇ ਵੀ ਹਰਸਿਮਰਤ ਵਾਲਾ ਪਿਛਲਾ ਦਾਅਵਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨੀ ਰੇਂਜਰਸ ਸਰਹੱਦ 'ਤੇ ਲਗਾਤਾਰ ਭਾਰਤੀ ਜਵਾਨਾਂ ਦਾ ਖ਼ੂਨ ਵਹਾ ਰਹੇ ਹਨ। ਪੰਜਾਬ ਵਿੱਚ ਵੀ ਅੱਤਵਾਦੀ ਘਟਨਾਵਾਂ ਹੋ ਰਹੀਆਂ ਹਨ।
ਇਸ ਲਈ ਜਿਸ ਦਿਨ ਇਹ ਖ਼ੂਨੀ ਜੰਗ ਖ਼ਤਮ ਹੋ ਜਾਏਗੀ, ਉਹ ਉਦੋਂ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਕਿਸਤਾਨ ਜਾਣਗੇ। ਦਸਣਯੋਗ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਕਹਿਣਾ ਹੈ ਕਿ ਤੇਲੰਗਾਨਾ ਵਿਚ ਚੋਣ ਪ੍ਰਚਾਰ ਵਿਚ ਰੁੱਝੇ ਹੋਣ ਕਰਕੇ ਉਹ ਪਾਕਿਸਤਾਨ ਨਹੀਂ ਜਾ ਸਕਦੇ ਪਰ ਇਸ ਸਮਾਗਮ ਵਿਚ ਹਰਸਿਮਰਤ ਕੌਰ ਬਾਦਲ ਤੇ ਐਸਐਸ ਪੁਰੀ ਭਾਰਤ ਦੀ ਨੁਮਾਇੰਦਗੀ ਕਰਨਗੇ। ਅਜਿਹੇ ਵਿਚ ਹਰਸਿਮਰਤ ਕਸੂਤੀ ਘਿਰ ਗਈ ਹੈ।