
ਤਨਖ਼ਾਹ ਤੋਂ ਇਲਾਵਾ ਹੋਰ ਲਾਭਾਂ ਅਤੇ ਕੁੱਝ ਜਾਇਦਾਦਾਂ ਦੀ ਵਿਕਰੀ ਨਾਲ ਹੋਇਆ ਆਮਦਨ ਵਿਚ ਵਾਧਾ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਆਮਦਨ ਵਿਚ ਸੱਤ ਗੁਣਾ ਵਾਧਾ ਉਨ੍ਹਾਂ ਦੀ ਤਨਖ਼ਾਹ, ਤਨਖ਼ਾਹ ਤੋਂ ਇਲਾਵਾ ਹੋਰ ਲਾਭਾਂ ਅਤੇ ਕੁੱਝ ਜਾਇਦਾਦਾਂ ਦੀ ਵਿਕਰੀ ਕਾਰਨ ਹੋਇਆ ਹੈ। ਮੁੱਖ ਮੰਤਰੀ ਦੀ ਪਤਨੀ ਪ੍ਰਨੀਤ ਕੌਰ ਵਲੋਂ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਕਾਗ਼ਜ਼ ਦਾਖ਼ਲ ਕਰਨ ਮੌਕੇ ਪੇਸ਼ ਕੀਤੇ ਫ਼ਾਰਮ 26 ਹਲਫ਼ੀਆ ਬਿਆਨ ਵਿਚ ਇਸ ਸਬੰਧੀ ਜ਼ਿਕਰ ਕਰਨ ਦੀ ਕੋਈ ਵਿਵਸਥਾ ਨਹੀਂ ਹੈ।
ਇਕ ਬੁਲਾਰੇ ਨੇ ਇਸ ਸਬੰਧੀ ਸਪੱਸ਼ਟ ਕਰਦੇ ਹੋਏ ਦਸਿਆ ਕਿ ਕੈਪਟਨ ਦੀ ਸਾਲ 2016-17 ਵਿਚ ਵਿਅਕਤੀਗਤ ਆਮਦਨ 12.14 ਲੱਖ ਸੀ। ਉਨ੍ਹਾਂ ਦੀ ਐਚ.ਯੂ.ਐਫ਼. ਆਮਦਨ ਕੋਈ ਵੀ ਨਹੀਂ ਸੀ। ਸਾਲ 2017-18 ਦੇ ਵਿੱਤੀ ਸਾਲ ਦੇ ਅੰਤ ਤਕ ਮੁੱਖ ਮੰਤਰੀ ਨੂੰ ਤਨਖ਼ਾਹ ਅਤੇ ਅਪਣੇ ਅਹੁਦੇ ਦੇ ਕਾਰਨ ਹੋਰ ਲਾਭਾਂ ਤੋਂ 81.43 ਲੱਖ ਆਮਦਨ ਹੋਈ ਜਿਸ ਦੇ ਵਿਚ 72 ਲੱਖ ਦੀ ਸਾਲਾਨਾ ਤਨਖ਼ਾਹ ਅਤੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦਾ ਵਿਆਜ ਸ਼ਾਮਲ ਹੈ।
ਜਿਸ ਨੂੰ ਉਨ੍ਹਾਂ ਦੀ ਆਮਦਨ ਕਰ ਦੀ ਰਿਟਰਨ ਵਿਚ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ 9.72 ਲੱਖ ਦੀ ਹੋਰ ਆਮਦਨ ਹੋਈ ਹੈ ਜੋ ਸਾਲ 2017-18 ਦੌਰਾਨ ਕਰਤਾ ਆਫ਼ ਹਿੰਦੂ ਅਨਡਿਵਾਇਡਡ ਫ਼ੈਮਲੀ (ਐਚ.ਯੂ.ਐਫ.) ਵਜੋਂ ਹੋਈ ਹੈ। ਇਹ ਜਾਇਦਾਦ ਦੀ ਵਿਕਰੀ ਰਾਹੀਂ ਪੂੰਜੀ ਲਾਭ ਦੇ ਅੰਤਰ ਵਜੋਂ ਹੋਈ ਹੈ।
ਜਿਥੋਂ ਤਕ ਸੰਪਤੀ ਦੀ ਕੀਮਤ ਵਿਚ ਵਾਧੇ ਦਾ ਸਵਾਲ ਹੈ ਇਹ 48.29 ਕਰੋੜ ਤੋਂ ਵੱਧ ਕੇ 58.40 ਕਰੋੜ ਰੁਪਏ ਪਿਛਲੇ ਦੋ ਸਾਲਾਂ ਦੌਰਾਨ ਹੋਈ ਹੈ।
ਬੁਲਾਰੇ ਨੇ ਦਸਿਆ ਕਿ ਇਹ ਵਾਧਾ ਕੁੱਝ ਜਾਇਦਾਦਾਂ/ਜ਼ਮੀਨ ਦੀ ਵਿਕਰੀ ਦੇ ਨਤੀਜੇ ਵਜੋਂ ਹੋਇਆ ਹੈ। ਬੁਲਾਰੇ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਦੀ ਵਿਕਰੀ ਦੇ ਵਿਰੁਧ ਪੇਸ਼ਗੀ ਰਕਮ ਪ੍ਰਾਪਤ ਕਰਨ ਵਜੋਂ 4 ਕਰੋੜ ਰੁਪਏ, ਪਟਿਆਲਾ ਦੇ ਬਹਾਦਰਗੜ੍ਹ ਪਿੰਡ ਵਿੱਚ ਐਚ.ਯੂ.ਐਫ਼. ਜ਼ਮੀਨ ਦੀ ਵਿਕਰੀ ਤੋਂ 5 ਕਰੋੜ ਰੁਪਏ, ਮਾਰਜ਼ੀ ਪਿੰਡ ਵਿੱਚ ਜ਼ਮੀਨ ਦੀ ਵਿਕਰੀ ਤੋਂ ਇਕ ਕਰੋੜ ਰੁਪਏ ਅਤੇ ਦੁਬਈ ਫ਼ਲੈਟ ਦੀ ਵਿਕਰੀ ਤੋਂ 1.25 ਕਰੋੜ ਰੁਪਏ ਪ੍ਰਾਪਤ ਹੋਏ ਹਨ।
ਇਨ੍ਹਾਂ ਵਿਕਰੀਆਂ ਦੇ ਸੰਦਰਭ ਵਿਚ ਸਿਸਵਾਂ ਪਿੰਡ ਵਿਚ ਜ਼ਮੀਨ ਦੀ ਖ਼ਰੀਦ 'ਤੇ 3.71 ਕਰੋੜ ਰੁਪਏ ਅਤੇ ਇਸ ਜ਼ਮੀਨ 'ਤੇ ਘਰ ਦੇ ਨਿਰਮਾਣ ਵਾਸਤੇ 4.71 ਕਰੋੜ ਰੁਪਏ ਖ਼ਰਚੇ ਹਨ। ਇਹ ਸਾਰੇ ਵੇਰਵੇ ਮਾਰਚ 2018 ਨੂੰ ਖ਼ਤਮ ਹੋਏ ਸਾਲ ਲਈ ਪਹਿਲਾਂ ਦਰਜ ਕੀਤੀ ਗਈ ਆਮਦਨ ਕਰ ਰਿਟਰਨ ਵਿਚ ਦਿਤੇ ਗਏ ਹਨ। ਇਨ੍ਹਾਂ ਨੂੰ ਫ਼ਾਰਮ 26 ਵਿੱਚ ਪ੍ਰਨੀਤ ਕੌਰ ਵਲੋਂ ਦਰਜ ਹਲਫ਼ੀਆ ਬਿਆਨ ਵਿਚ ਨਹੀਂ ਦਸਿਆ ਗਿਆ। ਹਲਫ਼ੀਆ ਬਿਆਨ ਵਿਚ ਅਪਣੇ ਪਤੀ ਦੀ ਚੱਲ ਅਤੇ ਅਚੱਲ ਜਾਇਦਾਦ ਦੀ ਕੁੱਲ ਸੰਪਤੀ ਦਾ ਐਲਾਨ ਕਰਨਾ ਹੀ ਜ਼ਰੂਰੀ ਹੈ। ਜਾਇਦਾਦਾਂ ਦੀ ਵਿਕਰੀ ਤੇ ਸੰਪਤੀ ਨੂੰ ਦਰਸਾਉਣ ਵਾਲਾ ਕੋਈ ਕਾਲਮ ਨਹੀਂ ਹੈ।