
ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਰਾਣੇਵਾਲ ਦੇ ਅੰਮ੍ਰਿਤਧਾਰੀ ਨੌਜਵਾਨ ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।
ਨਵਾਂਸ਼ਹਿਰ, 26 ਮਈ (ਅਮਰੀਕ ਸਿੰਘ ਢੀਂਡਸਾ, ਹਰਮਿੰਦਰ ਸਿੰਘ ਪਿੰਟੂ) : ਨਵਾਂਸ਼ਹਿਰ ਜ਼ਿਲ੍ਹੇ ਦੇ ਪਿੰਡ ਰਾਣੇਵਾਲ ਦੇ ਅੰਮ੍ਰਿਤਧਾਰੀ ਨੌਜਵਾਨ ਦਾ ਬੀਤੀ ਰਾਤ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ। ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ 25 ਮਈ ਰਾਤ ਕਰੀਬ 9 ਵਜੇ ਪਰਮਜੀਤ ਸਿੰਘ ਪੁੱਤਰ ਬੂਝਾ ਸਿੰਘ (39) ਵਾਸੀ ਰਾਣੇਵਾਲ ਅਪਣੀ ਫ਼ੀਡ ਦੀ ਦੁਕਾਨ ਮਜਾਰਾ ਕਲਾਂ ਤੋਂ ਰੋਜ਼ਾਨਾ ਦੀ ਤਰ੍ਹਾਂ ਪਿੰਡ ਰਾਣੇਵਾਲ ਨੂੰ ਆ ਰਿਹਾ ਸੀ ਅਤੇ ਉਸ ਦੇ ਨਾਲ ਪਿੰਡ ਦਾ ਵਸਨੀਕ ਪ੍ਰੀਤਮ ਸਿੰਘ ਵੀ ਸੀ ਤਾਂ ਉਸ ਨੂੰ ਪਿੰਡ ਦੇ ਹੀ ਕੁੱਝ ਨੌਜਵਾਨਾਂ ਵਲੋਂ ਜਿਨਾਂ ਨਾਲ ਪਹਿਲਾਂ ਹੀ ਪਰਮਜੀਤ ਸਿੰਘ ਦੀ ਲਗਦੀ ਸੀ ਨੂੰ ਰੋਕਿਆ ਅਤੇ ਉਸ ਉੱਪਰ ਜੀਪ ਚੜ੍ਹਾ ਕੇ ਉਸ ਨੂੰ ਬੇਰਹਿਮੀ ਨਾਲ ਕੁਚਲਿਆ, ਜਦਕਿ ਪ੍ਰੀਤਮ ਸਿੰਘ ਵੀ ਜੀਪ ਦੀ ਲਪੇਟ ਵਿਚ ਆ ਕੇ ਡਿਗ ਪਿਆ ਤੇ ਉਸ ਦੀ ਬਾਂਹ ਟੁੱਟ ਗਈ।
File photo
ਪਿੰਡ ਦੇ ਕੁਝ ਸੈਰ ਕਰ ਰਹੇ ਵਿਅਕਤੀਆਂ ਵਲੋਂ ਪਰਮਜੀਤ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਉਸ ਦੇ ਘਰਦਿਆਂ ਨਾਲ ਨਵਾਂਸ਼ਹਿਰ ਹਸਪਤਾਲ ਵਿਖੇ ਪਹੁੰਚਾਇਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮਿਤ੍ਰਕ ਕਰਾਰ ਦਿਤਾ ਗਿਆ। ਪੁਲਿਸ ਵਲੋਂ ਇਸ ਸਬੰਧੀ ਦੋ ਦੋਸ਼ੀਆਂ ਚਰਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਤੇ ਗੁਰਮੁਖ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਰਾਣੇਵਾਲ ਵਿਰੁਧ ਧਾਰਾ 302, 34, 427 ਆਈ ਪੀ ਸੀ ਤਹਿਤ ਮੁਕਦਮਾ ਨੰਬਰ 39 ਮਿਤੀ 26/05 20 ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਗਈ ਹੈ। ਜਦ ਕਿ ਆਮ ਆਦਮੀ ਪਾਰਟੀ ਵਲੋਂ ਪਰਮਜੀਤ ਸਿੰਘ ਦੇ ਕਤਲ ਵਿਚ ਇਕ ਪੁਲਿਸ ਮੁਲਾਜ਼ਮ ਇੰਦਰਜੀਤ ਸਿੰਘ ਨੂੰ ਵੀ ਸ਼ਾਮਲ ਕਰਨ ਲਈ ਥਾਣਾ ਸਦਰ ਵਿਖੇ ਧਰਨਾ ਦੇ ਕੇ ਦੋਸ਼ੀਆਂ ਵਿੱਚ ਸ਼ਾਮਿਲ ਕਰਨ ਦੀ ਜੋਰਦਾਰ ਮੰਗ ਕੀਤੀ ਗਈ।
ਖ਼ਬਰ ਲਿਖਣ ਤਕ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ ਤੇ ਪੁਲਿਸ ਦਾ ਦਾਅਵਾ ਹੈ ਕਿ ਦੋਵੇ ਦੋਸ਼ੀ ਜਲਦੀ ਕਾਬੂ ਕਰ ਕੇ ਕਾਨੂੰਨ ਦੇ ਹਵਾਲੇ ਕੀਤੇ ਜਾਣਗੇ। ਪਤਾ ਲੱਗਾ ਹੈ ਕਿ ਮਿਤ੍ਰਕ ਪਰਮਜੀਤ ਸਿੰਘ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਉਹ ਘਰ ਵਿਚ ਮਾਂ ਪਤਨੀ ਤੇ ਦੋ ਲੜਕੀਆਂ ਨੂੰ ਛੱਡ ਗਿਆ ਹੈ। ਇਹ ਵਰਨਣਯੋਗ ਹੈ ਕਿ ਮਿਤ੍ਰਕ ਪਰਮਜੀਤ ਸਿੰਘ ਆਮ ਆਦਮੀ ਪਾਰਟੀ ਦਾ ਬੂਥ ਇੰਚਾਰਜ ਸੀ।