
ਕਪੂਰਥਲਾ ਤੋਂ ਇਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।
ਕਪੂਰਥਲਾ ਤੋਂ ਇਕ ਬੜਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਸ਼ਿਆਂ ਦੇ ਜ਼ਹਿਰ ਨੇ ਜਿਥੇ ਪੰਜਾਬ ਦੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਉਥੇ ਹੀ ਹੁਣ ਪੰਜਾਬ ਦੀਆਂ ਮੁਟਿਆਰਾਂ ਨੇ ਵੀ ਇਸ ਜ਼ਹਿਰ ਨੂੰ ਚਖਣ 'ਚ ਕੋਈ ਘੱਟ ਨਹੀਂ ਕੀਤੀ। ਕਪੂਰਥਲਾ ਸਿਵਲ ਹਸਪਤਾਲ ਵਿਚ ਨਸ਼ੇ ਦੀਆਂ ਆਦੀ ਔਰਤਾਂ ਦੇ ਇਲਾਜ ਲਈ ਸ਼ੁਰੂ ਕੀਤੇ ਗਏ ਪੰਜਾਬ ਦੇ ਪਹਿਲੇ ਨਸ਼ਾ ਛਡਾਓ ਕੇਂਦਰ ‘ਨਵਕਿਰਣ’ ਦਾ ਰਸਮੀ ਉਦਘਾਟਨ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ। ਉਥੇ ਹੀ, ਨਸ਼ਾ ਛਡਾਊ ਕੇਂਦਰ ਵਿਚ ਇਲਾਜ ਅਧੀਨ ਦੋ ਔਰਤਾਂ ਨੇ ਇਕ ਸਨਸਨੀ ਫ਼ੈਲਾ ਦੇਣ ਵਾਲਾ ਖੁਲਾਸਾ ਕਰ ਦਿੱਤਾ।
Rana Gurjit Singhਦੱਸ ਦਈਏ ਕਿ ਇਨ੍ਹਾਂ ਦੋ ਔਰਤਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਇਸ ਨਸ਼ੇ ਦੇ ਦਲ - ਦਲ ਵਿਚ ਧਕੇਲਣ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲੇ ਕੋਈ ਹੋਰ ਨਹੀਂ ਬਲਕਿ ਪੰਜਾਬ ਪੁਲਿਸ ਦੇ ਇਕ ਡੀਐਸਪੀ ਅਤੇ ਇੱਕ ਇੰਸਪੈਕਟਰ ਜ਼ਿੰਮੇਵਾਰ ਹਨ। ਇਲਾਜ ਅਧੀਨ ਔਰਤਾਂ ਵਿਚੋਂ ਇੱਕ ਲੁਧਿਆਣਾ ਦੀ ਅਤੇ ਇੱਕ ਜਲੰਧਰ ਦੀ ਨਿਵਾਸੀ ਹੈ। ਦੋਵਾਂ ਔਰਤਾਂ ਨੇ ਅਪਣੇ ਨਸ਼ੇ ਦੇ ਆਦੀ ਹੋਣ ਬਾਰੇ ਸਾਰੀ ਕਹਾਣੀ ਬਾਰੇ ਮੀਡਿਆ ਨੂੰ ਜਾਣਕਾਰੀ ਦਿੱਤੀ। ਜਦੋਂ ਸਿਹਤ ਮੰਤਰੀ ਬ੍ਰਹਮਾ ਮਹਿੰਦਰਾ ਨਾਲ ਇਸ ਮਾਮਲੇ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਮਾਮਲੇ ਨੂੰ ਧਿਆਨ ਵਿਚ ਨਾ ਹੋਣ ਦੀ ਗੱਲ ਆਖੀ।
ਇਸ ਮੌਕੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਇਸ ਰਸਮੀ ਉਦਘਾਟਨ ਵਿਚ ਸ਼ਾਮਲ ਸਨ ਉਨ੍ਹਾਂ ਨੇ ਭਰੋਸਾ ਦਵਾਇਆ ਕਿ ਇਸ ਮਾਮਲਾ ਦੀ ਜਾਂਚ ਪੂਰੀ ਡੂੰਘਾਈ ਨਾਲ ਕੀਤੀ ਜਾਵੇਗੀ ਨਾਲ ਹੀ ਉਹ ਕਿਹਾ ਕਿ ਜੇਕਰ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਸਬੰਧਤ ਪੁਲਿਸ ਅਧਿਕਾਰੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਵਾਈ ਜਾਵੇਗੀ। ਇਹ ਕੋਈ ਪਹਿਲਾ ਮਾਮਲਾ ਨਹੀਂ ਜੋ ਨਸ਼ਿਆਂ ਨੂੰ ਲੈ ਕੇ ਪੁਲਿਸ ਦੇ ਅਧਿਕਾਰੀਆਂ ਨਾਲ ਜੁੜਿਆ ਹੋਵੇ। ਇਸ ਤੋਂ ਪਹਿਲਾਂ ਵੀ ਨਸ਼ਿਆਂ ਦਾ ਜੇਲ੍ਹਾਂ ਵਿਚ ਵਿਕਣਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਇਸ ਵਿਚ ਸ਼ਾਮਲ ਹੋਣਾ ਆਮ ਹੀ ਸੁਰਖੀਆਂ ਦਾ ਹਿੱਸਾ ਬਣਿਆ ਹੈ।
Brahm Mohindra ਜੇਲ੍ਹ ਵਿਚ ਨਸ਼ੇ ਦੀਆਂ ਗੋਲੀਆਂ, ਟੀਕਿਆਂ ਦਾ ਆਮ ਵਰਤੋਂ ਵਿਚ ਆਉਣਾ, ਉਨ੍ਹਾਂ ਦੀ ਜ਼ੁਬਾਨੀ ਕਬੂਲਿਆ ਗਿਆ ਹੈ ਜੋ ਆਪ ਖ਼ੁਦ ਕੈਦੀ ਰਹਿ ਚੁੱਕੇ ਹਨ। ਨਸ਼ੇ ਕਾਰਨ ਪੰਜਾਬ ਦੇ ਨੌਜਵਾਨ ਅਪਣੀ ਹੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਜਾ ਰਹੇ ਹਨ। ਕਾਲਜਾਂ ਸਕੂਲਾਂ ਵਿਚ ਆਮ ਵਿਕਦਾ ਨਸ਼ਾ ਆਖਿਰ ਆਉਂਦਾ ਕਿਥੋਂ ਹੈ। ਇਸੇ ਤਰ੍ਹਾਂ ਅਧਿਕਾਰੀਆਂ 'ਤੇ ਲੱਗ ਰਹੇ ਇਹ ਨਸ਼ਾਖੋਰੀ ਦੇ ਇਲਜ਼ਾਮ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ। ਪੰਜਾਬ ਦੇ ਕੁਝ ਜ਼ਿੰਮੇਵਾਰ ਆਗੂਆਂ ਵਲੋਂ ਨਸ਼ਾ ਖਤਮ ਕਰਨ ਲਈ ਕਈ ਮੁਹਿੰਮਾਂ ਵੀ ਚਲਾਈਆਂ ਗਈਆਂ ਹਨ।
Drugsਨਸ਼ਾ ਭਜਾਓ, ਪੰਜਾਬ ਬਚਾਓ ਦੇ ਨਾਅਰਿਆਂ ਨਾਲ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ। ਜੇਕਰ ਇਹ ਮੁਹਿੰਮਾਂ ਨਸ਼ਿਆਂ ਦੇ ਇਸ ਕੋਹੜ ਨੂੰ ਖਤਮ ਕਰਨ ਵਿਚ ਥੋੜੀਆਂ ਵੀ ਕਾਰਗਰ ਸਾਬਤ ਹੋਈਆਂ ਤਾਂ ਸ਼ਾਇਦ ਮਾਵਾਂ ਦੇ ਜਵਾਨ ਪੁੱਤ ਨਸ਼ਿਆਂ ਦੀ ਭੇਂਟ ਨਹੀਂ ਚੜ੍ਹਨਗੇ। ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨਾ ਹੁਣ ਬਹੁਤ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਜੇਕਰ ਇਸ ਨਸ਼ਿਆਂ ਦੇ ਵਗਦੇ ਦਰਿਆ ਨੂੰ ਇਥੇ ਹੀ ਠੱਲ ਨਾ ਪਾਈ ਗਈ ਤਾਂ ਸ਼ਾਇਦ ਆਉਣ ਵਾਲੀਆਂ ਨਸਲਾਂ ਅਪਣੇ ਪੈਰਾਂ ਤੇ ਕਦੇ ਖੜ੍ਹੀਆਂ ਵੀ ਨਹੀਂ ਹੋ ਸਕਣਗੀਆਂ।