
ਕਿਸਾਨ ਤੇ ਭਾਜਪਾ ਦੋਵੇਂ ਅੜੇ
30 ਕਿਸਾਨ ਜਥੇਬੰਦੀਆਂ ਨਾਲ ਅਧਿਕਾਰੀ ਪੱਧਰ 'ਤੇ ਚਰਚਾ ਜ਼ਰੂਰੀ
ਚੰਡੀਗੜ੍ਹ, 26 ਅਕਤੂਬਰ (ਜੀ.ਸੀ.ਭਾਰਦਵਾਜ) : ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁਧ ਪਿਛਲੇ 2 ਮਹੀਨੇ ਤੋਂ ਚਲ ਰਿਹਾ ਕਿਸਾਨਾਂ ਦਾ ਸੰਘਰਸ਼ ਅਤੇ ਭਾਜਪਾ ਮੰਤਰੀਆਂ ਦੇ ਅੜੀਅਲ ਰਵਈਏ ਕਾਰਨ ਕਾਫ਼ੀ ਪੇਚੀਦਾ ਬਣਦਾ ਜਾ ਰਿਹਾ ਹੈ ਅਤੇ ਦੋਹਾਂ ਧਿਰਾਂ ਵਿਚੋਂ ਕੋਈ ਵੀ ਗੱਲਬਾਤ ਰਾਹੀਂ ਇਸ ਦਾ ਹੱਲ ਕੱਢਣ ਨੂੰ ਤਿਆਰ ਨਹੀਂ ਹੈ। ਅੱਜ ਇਥੇ ਪੰਜਾਬ ਭਾਜਪਾ ਦੀ ਕੋਰ ਕਮੇਟੀ ਦੀ 2 ਘੰਟੇ ਤੋਂ ਵੱਧ ਚਲੀ ਬੈਠਕ ਮਗਰੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਮੀਡੀਆ ਨੂੰ ਦਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਨ੍ਹਾਂ ਜਥੇਬੰਦੀਆਂ ਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੀ ਹੈ ਅਤੇ ਇਨ੍ਹਾਂ ਖੇਤੀ ਕਾਨੂੰਨਾਂ ਦੀ ਅਸਲੀਅਤ ਵਿਚ ਜਾਣ ਦੀ ਥਾਂ ਕਿਸਾਨਾਂ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਖ਼ਰਕਾਰ ਮਸਲੇ ਦਾ ਹੱਲ ਤਾਂ ਮੇਜ਼ 'ਤੇ ਗੱਲਾਬਤ ਕਰ ਕੇ ਹੀ ਨਿਕਲਣਾ ਹੈ ਜਿਸ ਵਾਸਤੇ ਪਹਿਲਾਂ ਸੀਨੀਅਰ ਅਧਿਕਾਰੀ ਪੱਧਰ 'ਤੇ ਚਰਚਾ ਹੋਣੀ ਹੈ ਫਿਰ ਅੱਗੋਂ ਖੇਤੀ ਮੰਤਰੀ ਤੇ ਪ੍ਰਧਾਨ ਮੰਤਰੀ ਲੈਵਲ 'ਤੇ ਚਰਚਾ ਮਗਰੋਂ ਨਿਬੇੜਾ ਹੋਵੇਗਾ।
ਸੋਮ ਪ੍ਰਕਾਸ਼ ਨੇ ਸਪਸ਼ਟ ਕਿਹਾ ਕਿ ਬੀਜੇਪੀ ਨੇਤਾਵਾਂ ਦੀ ਘੇਰਾਬੰਦੀ, ਰੇਲ ਸੜਕ ਰੋਕੋ ਅੰਦੋਲਨ ਨਾਲ ਪੰਜਾਬ 'ਤੇ ਪੰਜਾਬੀਅਤ ਦਾ ਹੀ ਨੁਕਸਾਨ ਹੋ ਰਿਹਾ ਹੈ। ਕੇਂਦਰੀ ਮੰਤਰੀ ਨੇ ਦਸਿਆ ਕਿ ਕਿਸਾਨਾਂ ਵਲੋਂ ਅੜੀ ਅਤੇ ਖੇਤੀ ਕਾਨੂੰਨਾਂ ਦਾ ਅੰਨ੍ਹੇਵਾਹ ਵਿਰੋਧ ਕਰਨਾ ਠੀਕ ਨਹੀਂ ਹੈ ਅਤੇ ਜਦੋਂ ਤਕ ਸਮੱਸਿਆ ਦੀ ਤਹਿ ਤਕ ਜਾ ਕੇ ਚਰਚਾ ਨਹੀਂ ਕੀਤੀ ਜਾਵੇਗੀ ਕੋਈ ਵੀ ਚੰਗਾ ਨਤੀਜਾ ਸਾਹਮਣੇ ਨਹੀਂ ਆਵੇਗਾ। ਸ਼੍ਰੋਮਣੀ ਅਕਾਲੀ ਦਲ ਬਾਰੇ ਪੁਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸੋਮ ਪ੍ਰਕਾਸ਼ ਨੇ ਕਿਹਾ ਕਿ ਪਹਿਲਾਂ ਉਹ ਖੇਤੀ ਕਾਨੂੰਨਾਂ ਦੇ ਹੱਕ ਵਿਚ ਬੋਲਦੇ ਰਹੇ ਅਤੇ ਹੁਣ ਪੰਜਾਬ ਦਾ ਚੁਨਾਵੀ ਮਾਹੌਲ ਦੇਖਦੇ ਹੋਏ ਸਰਾਸਰ ਸਿਆਸਤ ਖੇਡ ਰਹੇ ਹਨ। ਆਉਂਦੀਆਂ 2022 ਵਿਧਾਨ ਸਭਾ ਚੋਣਾਂ ਬਾਰੇ ਕੇਂਦਰੀ ਮੰਤਰੀ ਨੇ ਸਪਸ਼ਟ ਕਿਹਾ ਕਿ ਬੀਜੇਪੀ ਇਕੱਲਿਆਂ ਮੈਦਾਨ ਵਿਚ ਆਉਣ ਦੀ ਤਿਆਰੀ ਵਿਚ ਜੁਟ ਗਈ ਹੈ।