
ਸਕੂਲ ਵਿਚ ਚੈਕਿੰਗ ਲਈ ਪਹੁੰਚੇ ਡਿਪਟੀ ਡੀਈਓ (ਸੈਕੰਡਰੀ) ਨੂੰ ਸਕੂਲ ਪ੍ਰਬੰਧਨ ਨੇ ਨਕਲੀ ਡੀਈਓ ਸਮਝ ਕੇ ਬੰਦੀ ਬਣਾ...
ਹੁਸ਼ਿਆਰਪੁਰ (ਸਸਸ) : ਸਕੂਲ ਵਿਚ ਚੈਕਿੰਗ ਲਈ ਪਹੁੰਚੇ ਡਿਪਟੀ ਡੀਈਓ (ਸੈਕੰਡਰੀ) ਨੂੰ ਸਕੂਲ ਪ੍ਰਬੰਧਨ ਨੇ ਨਕਲੀ ਡੀਈਓ ਸਮਝ ਕੇ ਬੰਦੀ ਬਣਾ ਲਿਆ। ਮਾਮਲਾ ਥਾਣਾ ਮਾਡਲ ਟਾਊਨ ਪਹੁੰਚਿਆ ਤਾਂ ਮਾਮਲਾ ਸੁਲਝਿਆ। ਇਸ ਤੋਂ ਬਾਅਦ ਦੋਵਾਂ ਪੱਖਾਂ ਵਿਚ ਰਾਜੀਨਾਮਾ ਹੋਇਆ। ਮਾਮਲਾ ਉਸ ਸਮੇਂ ਵੱਧ ਗਿਆ ਜਦੋਂ ਡਿਪਟੀ ਡੀਈਓ ਨੇ ਵਾਈਸ ਪ੍ਰਿੰਸੀਪਲ ਦੇ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿਤੀ।
ਇਸ ਨਾਲ ਮਾਮਲਾ ਭੜਕ ਉਠਿਆ ਅਤੇ ਉਨ੍ਹਾਂ ਨੇ ਡਿਪਟੀ ਡੀਈਓ ਨੂੰ ਨਕਲੀ ਅਧਿਕਾਰੀ ਸਮਝ ਲਿਆ। ਫਿਰ ਸਟਾਫ਼ ਨੇ ਉਨ੍ਹਾਂ ਨੂੰ ਸਕੂਲ ਵਿਚ ਬੰਦੀ ਬਣਾ ਲਿਆ। ਦਰਅਸਲ, ਕਿਸੇ ਬੱਚੇ ਦੇ ਪੇਰੈਂਟਸ ਨੇ ਕੰਪਲੇਂਟ ਕੀਤੀ ਸੀ ਕਿ ਸ਼੍ਰੀ ਗੁਰੂ ਹਰਿ ਕਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ ਵਿਚ ਬੱਚਿਆਂ ਦੇ ਨਾਲ ਕੁੱਟ ਮਾਰ ਹੁੰਦੀ ਹੈ। ਇਸ ‘ਤੇ ਦੁਪਹਿਰ 12 ਵਜੇ ਡਿਪਟੀ ਡੀਈਓ ਸੈਕੰਡਰੀ ਸੁਖਵਿੰਦਰ ਸਿੰਘ ਅਪਣੇ ਸਹਾਇਕ ਨੂੰ ਲੈ ਕੇ ਸਕੂਲ ਪਹੁੰਚੇ।
ਉਥੇ ਆ ਕੇ ਵਾਈਸ ਪ੍ਰਿੰਸੀਪਲ ਹਰਪ੍ਰੀਤ ਕੌਰ ਨੂੰ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਸਕੂਲ ਵਿਚ ਬੱਚਿਆਂ ਦੇ ਨਾਲ ਕੁੱਟ ਮਾਰ ਕੀਤੀ ਜਾਂਦੀ ਹੈ। ਤੁਹਾਨੂੰ ਸਾਰੇ ਮਾਮਲੇ ਦਾ ਲਿਖਤੀ ਵਿਚ ਜਵਾਬ ਦੇਣਾ ਹੋਵੇਗਾ। ਇਸ ਉਤੇ ਵਾਈਸ ਪ੍ਰਿੰਸੀਪਲ ਨੇ ਕਿਹਾ ਕਿ ਤੁਸੀ ਸਾਨੂੰ ਲਿਖਤੀ ਵਿਚ ਦਿਓ ਤਾਂ ਅਸੀ ਜਵਾਬ ਦੇਵਾਂਗੇ। ਇਸ ਦੌਰਾਨ ਡਿਪਟੀ ਡੀਈਓ ਨੇ ਕਿਹਾ, ਜਿਵੇਂ ਅਸੀਂ ਕਹਾਂਗੇ, ਉਸ ਤਰ੍ਹਾਂ ਲਿਖਣਾ ਹੋਵੇਗਾ।
ਇਹ ਸੁਣਦੇ ਹੀ ਵਾਈਸ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਦੀ ਕਮੇਟੀ ਬਣੀ ਹੋਈ ਹੈ, ਜਿਸ ਦੇ ਨਾਲ ਗੱਲ ਕਰਕੇ ਤੁਹਾਨੂੰ ਜਵਾਬ ਭੇਜ ਦਿਤਾ ਜਾਵੇਗਾ। ਵਾਈਸ ਪ੍ਰਿੰਸੀਪਲ ਹਰਪ੍ਰੀਤ ਕੌਰ ਦੇ ਮੁਤਾਬਕ, ਫਿਰ ਡਿਪਟੀ ਡੀਈਓ ਨੇ ਕਿਹਾ ਕਿ ਉਹ ਬੱਚਿਆਂ ਨੂੰ ਮਿਲਣਾ ਚਾਹੁੰਦੇ ਹਨ ਤਾਂ ਸਕੂਲ ਪ੍ਰਸ਼ਾਸਨ ਨੇ ਵੀ ਉਨ੍ਹਾਂ ਨੂੰ ਸਾਰੇ ਬੱਚਿਆਂ ਨਾਲ ਮਿਲਣ ਦਿਤਾ ਉਪਰੋਂ ਕਿਸੇ ਵੀ ਬੱਚੇ ਨੇ ਕੁੱਟ ਮਾਰ ਦੀ ਗੱਲ ਕਬੂਲ ਨਹੀਂ ਕੀਤੀ।
ਇਸ ਦੌਰਾਨ ਡਿਪਟੀ ਡੀਈਓ ਨੇ ਕਿਹਾ ਕਿ ਤੁਸੀ ਐਸਸੀ ਬੱਚਿਆਂ ਦੇ ਨਾਲ ਠੀਕ ਸਲੂਕ ਨਹੀਂ ਕਰਦੇ ਹੋ ਅਤੇ ਉਨ੍ਹਾਂ ਨੂੰ ਫ਼ੀਸ ਵੀ ਅਪਣੀ ਮਨਮਰਜ਼ੀ ਦੀ ਲੈਂਦੇ ਹੋ। ਵਾਈਸ ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿਚ ਅਜਿਹਾ ਨਹੀਂ ਹੁੰਦਾ। ਇਸ ਉਤੇ ਵਾਈਸ ਪ੍ਰਿੰਸੀਪਲ ‘ਤੇ ਭੜਕ ਗਏ। ਵਾਈਸ ਪ੍ਰਿੰਸੀਪਲ ਦੇ ਨਾਲ ਅਜਿਹਾ ਵਰਤਾਓ ਕਰਨ ਨਾਲ ਮਾਮਲਾ ਭੜਕ ਗਿਆ ਅਤੇ ਸਾਰਾ ਸਟਾਫ਼ ਵਾਈਸ ਪ੍ਰਿੰਸੀਪਲ ਦੇ ਪੱਖ ਵਿਚ ਖੜ੍ਹਾ ਹੋ ਗਿਆ।
ਫਿਰ ਡਿਪਟੀ ਡੀਈਓ ਨੂੰ ਸਟਾਫ਼ ਨੇ ਨਕਲੀ ਡੀਈਓ ਸਮਝ ਸਕੂਲ ਦੇ ਅੰਦਰ ਬੰਦੀ ਬਣਾ ਲਿਆ। ਸਕੂਲ ਪ੍ਰਬੰਧਨ ਨੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੂੰ ਸੂਚਿਤ ਕੀਤਾ। ਮਾਮਲਾ ਥਾਣੇ ਪਹੁੰਚਿਆ। ਦੋਵੇਂ ਪੱਖ ਉਥੇ ਪਹੁੰਚੇ ਅਤੇ ਰਾਜੀਨਾਮੇ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਥਾਣਾ ਮਾਡਲ ਟਾਊਨ ਵਿਚ ਡਿਪਟੀ ਡੀਈਓ ਸੈਕੰਡਰੀ ਨੇ ਕਿਹਾ ਕਿ ਉਨ੍ਹਾਂ ਨੂੰ ਕੰਪਲੇਂਟ ਮਿਲੀ ਸੀ ਕਿ ਸਕੂਲ ਵਿਚ ਕਿਸੇ ਬੱਚੇ ਦੇ ਨਾਲ ਕੁੱਟ ਮਾਰ ਹੋਈ ਹੈ। ਇਸ ਨੂੰ ਲੈ ਕੇ ਉਹ ਸਕੂਲ ਪਹੁੰਚੇ ਸਨ।
ਉਨ੍ਹਾਂ ਨੇ ਕਿਹਾ ਕਿ ਮੈਂ ਕਿਸੇ ਦੇ ਨਾਲ ਕੋਈ ਬਦਸਲੂਕੀ ਨਹੀਂ ਕੀਤੀ ਹੈ। ਥਾਣਾ ਮਾਡਲ ਟਾਊਨ ਦੇ ਮੁਖੀ ਇੰਨਸਪੈਕਟਰ ਭਰਤ ਮਸੀਹ ਨੇ ਕਿਹਾ ਕਿ ਦੋਵਾਂ ਪੱਖਾਂ ਦੀ ਗਲਤ ਫ਼ਹਿਮੀ ਦੂਰ ਕਰਵਾ ਕੇ ਮਾਮਲੇ ਨੂੰ ਸੁਲਝਾ ਦਿਤਾ ਗਿਆ ਹੈ। ਡਿਪਟੀ ਡੀਈਓ ਨੇ ਅਪਣੀ ਗਲਤੀ ਮੰਨ ਲਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀ ਅਪਣੇ ਨਾਲ ਮਹਿਲਾ ਅਧਿਕਾਰੀ ਨੂੰ ਲੈ ਕੇ ਜਾਓ ਤਾਂ ਸਕੂਲ ਪ੍ਰਸ਼ਾਸਨ ਵੀ ਅਪਣੀ ਗੱਲ ਲਿਖਤੀ ਵਿਚ ਡੀਈਓ ਆਫ਼ਿਸ ਭੇਜ ਦੇਵੇਗਾ।