
Dr. Manmohan Singh died: ਉਨ੍ਹਾਂ ਦਾ ਪਰਿਵਾਰ ਵੰਡ ਵੇਲੇ ਅੰਮ੍ਰਿਤਸਰ ਵਿਚ ਆ ਕੇ ਵਸ ਗਿਆ ਸੀ।
ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਹੀਂ ਰਹੇ। ਉਨ੍ਹਾਂ ਨੇ ਵੀਰਵਾਰ ਰਾਤ ਦਿੱਲੀ ਏਮਜ਼ 'ਚ ਆਖਰੀ ਸਾਹ ਲਏ। ਉਨ੍ਹਾਂ ਦੇ ਦਿਹਾਂਤ ਨਾਲ ਪੂਰੇ ਦੇਸ਼ ਨਾਲ ਨਾਲ ਪੰਜਾਬ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਉਨ੍ਹਾਂ ਦਾ ਪੰਜਾਬ ਅਤੇ ਚੰਡੀਗੜ੍ਹ ਨਾਲ ਡੂੰਘਾ ਸਬੰਧ ਸੀ। ਉਨ੍ਹਾਂ ਦਾ ਪਰਿਵਾਰ ਵੰਡ ਵੇਲੇ ਪੰਜਾਬ ਦੇ ਅੰਮ੍ਰਿਤਸਰ ਵਿਚ ਆ ਕੇ ਵਸ ਗਿਆ ਸੀ।
ਡਾ. ਮਨਮੋਹਨ ਸਿੰਘ ਨੇ 10ਵੀਂ ਤੋਂ ਬਾਅਦ ਪ੍ਰੀ-ਕਾਲਜ ਕਰਨ ਲਈ ਹਿੰਦੂ ਕਾਲਜ ਨੂੰ ਚੁਣਿਆ ਸੀ। ਸਤੰਬਰ 1948 ਵਿੱਚ ਉਨ੍ਹਾਂ ਨੇ ਕਾਲਜ ਵਿੱਚ ਦਾਖਲਾ ਲਿਆ ਅਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤਤਕਾਲੀ ਪ੍ਰਿੰਸੀਪਲ ਸੰਤ ਰਾਮ ਨੇ ਉਨ੍ਹਾਂ ਨੂੰ ਰੋਲ ਕਾਲ ਆਫ਼ ਆਨਰ ਨਾਲ ਸਨਮਾਨਿਤ ਕੀਤਾ।
ਉਹ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੇ ਪਹਿਲੇ ਵਿਦਿਆਰਥੀ ਸਨ। 2018 ਵਿੱਚ ਹਿੰਦੂ ਕਾਲਜ ਵਿੱਚ ਆਯੋਜਿਤ ਅਲੂਮਨੀ ਮੀਟ ਅਤੇ ਕਨਵੋਕੇਸ਼ਨ ਦੌਰਾਨ ਡਾ.ਮਨਮੋਹਨ ਸਿੰਘ ਨੇ ਖ਼ੁਦ ਇਸ ਨੂੰ ਬਿਆਨ ਕੀਤਾ ਸੀ। ਡਾ. ਮਨਮੋਹਨ ਸਿੰਘ ਨੇ ਕਿਹਾ ਸੀ ਕਿ ਵਿਦਿਆਰਥੀ ਦੀ ਵਿਲੱਖਣ ਸ਼ਕਤੀ ਨੂੰ ਸਿਰਫ਼ ਅਧਿਆਪਕ ਹੀ ਪਛਾਣ ਸਕਦੇ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ (ਪੀ.ਯੂ.), ਚੰਡੀਗੜ੍ਹ ਵਿੱਚ ਪ੍ਰੋਫ਼ੈਸਰ ਵਜੋਂ ਸੇਵਾ ਨਿਭਾਈ। ਉਹ 1957 ਤੋਂ 1965 ਤੱਕ ਪੀਯੂ ਵਿੱਚ ਪ੍ਰੋਫ਼ੈਸਰ ਦੇ ਅਹੁਦੇ 'ਤੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਜਾ ਰਹੇ ਨਿਊ ਚੰਡੀਗੜ੍ਹ ਦੇ ਪਹਿਲੇ ਸਰਕਾਰੀ ਪ੍ਰੋਜੈਕਟ ਹੋਮੀ ਭਾਭਾ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਵੀ ਰੱਖਿਆ।