
ਕਾਂਗਰਸ ਦੇ ਅੰਦਰੂਨੀ ਕਲੇਸ਼ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀਆਂ ਉਮੀਦਾਂ
ਚੰਡੀਗੜ੍ਹ : ਪੰਜਾਬ ਅੰਦਰ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਧਿਰਾਂ ਨੇ ਵਿਉਤਬੰਦੀ ਹੋਰ ਤੇਜ਼ ਕਰ ਦਿੱਤੀ ਹੈ। ਚੱਲ ਰਹੇ ਕਿਸਾਨੀ ਅੰਦੋਲਨ 'ਚੋਂ ਸਿਆਸੀ ਰਾਹਾਂ ਭਾਲ ਰਹੀਆਂ ਸਿਆਸੀ ਧਿਰਾਂ ਨੇ ਹੁਣ ਵਿਰੋਧੀਆਂ ਦੀਆਂ ਕਮਜ਼ੋਰੀਆਂ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸੱਤਾਧਾਰੀ ਧਿਰ ਕਾਂਗਰਸ ਨੂੰ ਕਿਸਾਨਾਂ ਦੇ ਹੱਕ ਵਿਚ ਖੜਣ ਦਾ ਵੱਡਾ ਸਿਆਸੀ ਲਾਭ ਮਿਲਣ ਦੀਆਂ ਸੰਭਾਵਨਾਵਾਂ ਦਰਮਿਆਨ ਪਾਰਟੀ ਅੰਦਰ ਸ਼ੁਰੂ ਹੋਏ ਅੰਦਰੂਨੀ ਘਮਾਸਾਨ ਨੇ ਵਿਰੋਧੀਆਂ ਨੂੰ ਬੈਠੇ ਬਿਠਾਏ ਮੁੱਦਾ ਦੇ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਚਾਰ ਸਾਲਾਂ ਦੇ ਰਾਜ ਦੌਰਾਨ ਛੋਟੀ-ਮੋਟੀ ਨੋਕ-ਝੋਕ ਤੋਂ ਬਿਨਾਂ ਪਾਰਟੀ ਅੰਦਰ ਕੋਈ ਬਹੁਤੀ ਉਥਲ ਪੁਥਲ ਨਹੀਂ ਹੋਈ। ਪਰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪਾਰਟੀ ਅੰਦਰਲੀ ਅੰਦਰੂਨੀ ਖਿੱਚੋਤਾਣ ਵਧਣੀ ਸ਼ੁਰੂ ਹੋ ਗਈ ਹੈ।
Harish Rawat
ਇਹ ਖਿੱਚੋਤਾਣ ਪਾਰਟੀ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਉਂਦੀਆਂ ਚੋਣਾਂ ਦੌਰਾਨ ਵੀ ਮੁੱਖ ਮੰਤਰੀ ਦੇ ਚਿਹਰੇ ਵਜੋਂ ਕੈਪਟਨ ਅਮਰਿੰਦਰ ਸਿੰਘ ਨੂੰ ਪੇਸ਼ ਕਰਨ ਦੇ ਬਿਆਨ ਤੋਂ ਵਧਣੀ ਸ਼ੁਰੂ ਹੋਈ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਾਂਗਰਸ ਇੰਚਾਰਜ ਰਾਵਤ ਵੀ ਅਜਿਹਾ ਬਿਆਨ ਦੇ ਚੁੱਕੇ ਹਨ, ਜਿਸ ਵਿਚ 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਲੜੇ ਜਾਣ ਦੀ ਗੱਲ ਕਹੀ ਗਈ ਸੀ। ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਦੇ ਹੱਕ ਵਿਚ ਬਿਆਨ ਦੇਣ ਤੋਂ ਬਾਅਦ ਕੈਪਟਨ ਵਿਰੋਧੀ ਖੇਮਾ ਇਕਦਮ ਹਰਕਤ ਵਿਚ ਆ ਗਿਆ ਹੈ।
Sunil Jakhar
ਸਾਬਕਾ ਕਾਂਗਰਸ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ, ਮੌਜੂਦਾ ਵਿਧਾਇਕ ਪ੍ਰਗਟ ਸਿੰਘ ਅਤੇ ਬਾਜਵਾ ਨੇ ਦੱਬੀ ਜ਼ੁਬਾਨ ਇਸ ਖਿਲਾਫ ਆਪਣਾ ਪੱਖ ਰੱਖਿਆ, ਜਿਸ ਦਾ ਜਵਾਬ ਸੂਬਾ ਪ੍ਰਧਾਨ ਨੇ ਨੱਪੇ-ਤੋਲਵੇਂ ਸ਼ਬਦਾਂ ਵਿਚ ਦੇ ਦਿੱਤਾ ਹੈ। ਭਾਵੇਂ ਇਹ ਮਸਲਾ ਠੰਡਾ ਪੈਦਾ ਜਾਪ ਰਿਹਾ ਹੈ, ਪਰ ਪਾਰਟੀ ਵੱਲੋਂ ਮਸਲੇ ਨੂੰ ਮਿਲ-ਬੈਠ ਕੇ ਹੱਲ ਨਾ ਕਰਨ ਦੀ ਸੂਰਤ ਵਿਚ ਅੰਦਰਖਾਤੇ ਵਿਰੋਧ ਦੀ ਧੁੱਖ ਰਹੀ ਇਹ ਚੰਗਿਆੜੀ ਕਿਸੇ ਵੱਡੇ ਸਿਆਸੀ ਧਮਾਕੇ ਦਾ ਰੂਪ ਅਖਤਿਆਰ ਕਰ ਸਕਦੀ ਹੈ।
Samsher Singh Dullo
ਸਿਆਸੀ ਮਾਹਰਾਂ ਦੀ ਰਾਇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੀ ਅੰਦਰਖਾਤੇ ਕਾਂਗਰਸ ਵੱਲੋਂ ਅਗਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੇ ਜਾਣ ਲਈ ਆਸਵੰਦ ਹੈ। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਦੌਰਾਨ ਕਾਂਗਰਸ ਦੀਆਂ ਕਮੀਆਂ ਗਿਣਾਉਣ ਵਿਚ ਸੌਖ ਹੋ ਸਕਦੀ ਹੈ। ਕਿਉਂਕਿ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਨੇ ਕਈ ਅਜਿਹੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ। ਇਸ ਵਿਚ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਤੋਂ ਇਲਾਵਾ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਾ ਅਤੇ ਘਰ-ਘਰ ਨੌਕਰੀ ਵਰਗੇ ਮਸਲੇ ਸ਼ਾਮਲ ਹਨ।
Captain and Sukhbir
ਮਾਹਿਰਾ ਮੁਤਾਬਕ ਜੇਕਰ ਕਾਂਗਰਸ ਚੋਣ ਮੈਦਾਨ ਵਿਚ ਕਿਸੇ ਨਵੇਂ ਚਿਹਰੇ ਨੂੰ ਉਤਾਰ ਦਿੰਦੀ ਹੈ ਤਾਂ ਅਕਾਲੀ ਦਲ ਨੂੰ ਆਪਣੀ ਗੱਲ ਰੱਖਣ ਵਿਚ ਉਹ ਪੁਖਤਾਈ ਨਹੀਂ ਮਿਲ ਸਕੇਗੀ, ਜਿਹੜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਮਾਮਲੇ ਵਿਚ ਰੱਖ ਸਕਦੇ ਹਨ। ਨਵਾਂ ਚਿਹਰਾ ਲਾਉਣ ਬਾਅਦ ਕਾਂਗਰਸ ਨੂੰ ਉਹ ਵਾਅਦੇ ਮੁੜ ਦੁਹਰਾਉਣ ਦਾ ਮੌਕਾ ਵੀ ਮਿਲ ਸਕਦਾ ਹੈ, ਜਿਹੜੇ ਕੈਪਟਨ ਸਰਕਾਰ ਪੂਰੇ ਨਹੀਂ ਕਰ ਸਕੀ। ਕਾਂਗਰਸ ਇਸ ਮਸਲੇ ਨੂੰ ਕਿਸ ਤਰ੍ਹਾਂ ਹੱਲ ਕਰੇਗੀ, ਇਸ ਦਾ ਜਵਾਬ ਤਾਂ ਭਾਵੇਂ ਭਵਿੱਖ ਦੇ ਗਰਭ ਵਿਚ ਹੈ, ਪਰ ਵਿਰੋਧੀ ਧਿਰਾਂ ਖੁਦ ਦੀ ਪਤਲੀ ਹਾਲਤ ਨੂੰ ਵੇਖਦਿਆਂ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਵਿਸ਼ੇਸ਼ ਤਵੱਜੋਂ ਤੇ ਰਹੀਆਂ ਹਨ।