
ਫਗਵਾੜਾ 'ਚ ਕਾਂਸਟੇਬਲ ਨੂੰ ਗੋਲੀ ਮਾਰਨ ਵਾਲੇ ਦੀ ਕੀਤੀ ਸੀ ਮਦਦ
ਪਿਸਤੌਲ, ਮੈਗਜ਼ੀਨ ਅਤੇ ਸਕਾਰਪੀਓ ਵੀ ਹੋਈ ਬਰਾਮਦ
ਜਲੰਧਰ : ਫਿਲੌਰ ਪੁਲਿਸ ਨੇ ਇਕ ਗੈਂਗਸਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗੈਂਗਸਟਰ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਵਿੱਕੀ ਵਲੈਤੀਆ ਵਾਸੀ ਪਿੰਡ ਪੱਟੀ ਬਾਦਲ ਵਜੋਂ ਹੋਈ ਹੈ। ਪੁਲਿਸ ਨੇ ਵਿੱਕੀ ਵਲੈਤੀਆ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ, 2 ਜ਼ਿੰਦਾ ਕਾਰਤੂਸ ਅਤੇ ਇੱਕ ਸਕਾਰਪੀਓ ਗੱਡੀ ਬਰਾਮਦ ਕੀਤੀ ਹੈ।
ਮਨਪ੍ਰੀਤ ਉਰਫ਼ ਵਲੈਤੀਆ ਉਨ੍ਹਾਂ ਹੀ ਗੈਂਗਸਟਰਾਂ ਦਾ ਸਾਥੀ ਸੀ, ਜਿਨ੍ਹਾਂ ਨੇ ਫਗਵਾੜਾ 'ਚ ਕਾਰ ਲੁੱਟੀ ਸੀ ਅਤੇ ਕਾਂਸਟੇਬਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸਕਾਰਪੀਓ ਗੱਡੀ ਉਹ ਸੀ ਜਿਸ ਵਿੱਚ ਚੌਥੇ ਗੈਂਗਸਟਰ ਨੂੰ ਵਲੈਤੀਆ ਪੁਲਿਸ ਨਾਲ ਮੁਕਾਬਲੇ ਦੌਰਾਨ ਅਗਵਾ ਕੀਤਾ ਗਿਆ ਸੀ। ਜਿਸ ਨੂੰ ਬਾਅਦ ਵਿੱਚ ਮੋਹਾਲੀ ਵਿੱਚ ਫੜ ਲਿਆ ਗਿਆ।
ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਗਵਾੜਾ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਵਿੱਕੀ ਵਲੈਤੀਆ ਦੇ ਕੋਲ ਹੀ ਰਹਿੰਦੇ ਸਨ। ਉਹ ਹੀ ਉਨ੍ਹਾਂ ਦੀ ਮਦਦ ਕਰਦਾ ਸੀ। ਵਾਰਦਾਤ ਤੋਂ ਬਾਅਦ ਉਹ ਗੈਂਗਸਟਰਾਂ ਦੇ ਰਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦਾ ਇੱਕ ਮਾਰਚ ਤੱਕ ਰਿਮਾਂਡ ਹਾਸਲ ਕੀਤਾ ਗਿਆ ਹੈ ਜਿਸ ਦੌਰਾਨ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਾਲਾਂਕਿ ਵਿੱਕੀ ਵਲੈਤੀਆ ਖ਼ਿਲਾਫ਼ ਸਿਰਫ ਕੁੱਟਮਾਰ ਅਤੇ ਲੜਾਈ-ਝਗੜੇ ਦੇ ਹੀ ਮਾਮਲੇ ਦਰਜ ਹਨ।