
ਕੁਝ ਸੋਸਾਇਟੀ ਦੇ ਮੈਂਬਰਾਂ ਨੇ ਪ੍ਰਧਾਨ ’ਤੇ ਲਗਾਏ ਸੀ ਹੇਰਾਫੇਰੀ ਦੇ ਇਲਜ਼ਾਮ
ਚੰਡੀਗੜ੍ਹ: 1984 ਦੇ ਪੀੜਿਤਾਂ ਲਈ ਮਦਨਪੁਰ ਕੋਆਪਰੇਟਿਵ ਸੁਸਾਇਟੀ ਚੱਪੜਚਿੜੀ ਬਣਾ ਕੇ ਜ਼ਮੀਨ ਦਿਤੀ ਗਈ ਸੀ ਪਰ ਹੁਣ ਇਸ ਜ਼ਮੀਨ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਸੁਸਾਇਟੀ ਦੇ ਕੁਝ ਮੈਂਬਰਾਂ ਵਲੋਂ ਸੁਸਾਇਟੀ ਦੇ ਪ੍ਰਧਾਨ ’ਤੇ ਹੇਰਾਫੇਰੀ ਦੇ ਇਲਜ਼ਾਮ ਲਗਾਏ ਗਏ, ਜਿਸ ਤੋਂ ਬਾਅਦ ਸੁਸਾਇਟੀ ਦੇ ਪ੍ਰਧਾਨ ਨੇ ਮੀਡੀਆ ਅੱਗੇ ਅਪਣਾ ਪੱਖ ਰੱਖਦੇ ਹੋਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਕੋਲ ਜ਼ਮੀਨ ਸਬੰਧੀ ਹਰ ਸਬੂਤ ਮੌਜੂਦ ਹੈ ਅਤੇ ਉਹ ਇਲਜ਼ਾਮ ਲਗਾਉਣ ਵਾਲਿਆਂ ਨਾਲ ਖੁੱਲ੍ਹੀ ਬਹਿਸ ਕਰਨ ਲਈ ਵੀ ਤਿਆਰ ਹਨ।
ਦਰਅਸਲ, 35 ਸਾਲ ਪਹਿਲਾਂ ਮਦਨਪੁਰ ਕੋਆਪਰੇਟਿਵ ਸੁਸਾਇਟੀ ਦਾ ਗਠਨ ਹੋਇਆ ਸੀ ਜਿਸ ਦੇ 1083 ਮੈਂਬਰਾਂ ’ਚੋਂ ਕੁਝ ਮੈਂਬਰਾਂ ਦੀ ਰਜਿਸਟਰੀ ਹੋਈ। ਕਰੀਬ 15 ਏਕੜ ਜ਼ਮੀਨ ਇੱਥੇ ਬਣੇ ਫਤਿਹ ਬੁਰਜ ਲਈ ਦਿਤੀ ਗਈ ਜਿਸ ਦੇ ਪੈਸੇ ਰਜਿਸਟਰੀ ਵਾਲੇ ਮੈਂਬਰਾਂ ਨੂੰ ਤਾਂ ਮਿਲ ਗਏ ਜਦਕਿ ਬਾਕੀਆਂ ਨੂੰ ਨਹੀਂ ਮਿਲੇ ਅਤੇ ਸੁਸਾਇਟੀ ਦੇ ਖਾਤੇ ’ਚ ਆ ਗਏ ਹੁਣ ਇਸੇ ਕਰਕੇ ਇਹ ਵਿਵਾਦ ਗਰਮਾ ਰਿਹਾ ਹੈ।
ਇਸ ਮਾਮਲੇ ’ਚ ਦੋਵੇਂ ਧਿਰਾਂ ਅਪਣੇ-ਆਪ ਨੂੰ ਸਹੀ ਠਹਿਰਾ ਰਹੀਆਂ ਹਨ। ਸਬੂਤਾਂ ਦਾ ਹਵਾਲਾ ਵੀ ਦਿਤਾ ਜਾ ਰਿਹਾ ਹੈ। ਫ਼ਿਲਹਾਲ ਮਾਮਲੇ ਦੀ ਸੱਚਾਈ ਹੀ ਜਾਂਚ ਦਾ ਵੱਡਾ ਵਿਸ਼ਾ ਬਣਿਆ ਹੋਇਆ ਹੈ।