
ਕੈਪਟਨ ਸਰਕਾਰ ਵਲੋਂ ਬਿਜਲੀ ਦਰਾਂ ਵਿਚ ਵਾਧਾ ਵੱਡੀ ਮਾਰ : ਗਰੇਵਾਲ
ਚੰਡੀਗੜ੍ਹ 28 ਮਈ (ਨੀਲ ਭਲਿੰਦਰ ਸਿੰਘ): ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਚੜ੍ਹਤ ਨਾਲ ਪੰਜਾਬ ਦੇ ਭਾਜਪਾਈ ਵੀ ਬਾਗੋਬਾਗ ਹੋਏ ਪਏ ਹਨ। ਹਾਲਾਂਕਿ ਅੱਜ ਤੱਕ ਨਾ ਤਾਂ ਪੰਜਾਬ ਵਿਚ ਕਦੇ ਭਾਜਪਾ ਦੀ ਕੋਈ ਇਕੱਲੀ ਸਰਕਾਰ ਰਹੀ ਹੈ ਤੇ ਨਾ ਹੀ ਪੰਜਾਬ ਵਿਧਾਨ ਸਭਾ ਵਿਚ ਪਾਰਟੀ ਕਿਸੇ ਚੰਗੀ ਸਥਿਤੀ ਵਿਚ ਹੈ ਪਰ ਪੂਰੇ ਮੁਲਕ ਵਿਚ ਪਾਰਟੀ ਦੀ ਭਾਰੀ ਜਿੱਤ ਨੇ ਪੰਜਾਬ ਬੀਜੇਪੀ ਦੇ ਅੱਛੇ ਦਿਨਾਂ ਦੀ ਆਸ ਪਾਰਟੀ ਕਾਡਰ ਵਿਚ ਜਗਾ ਦਿਤੀ ਹੈ।
Sukhwinderpal Singh Grewal
ਪਾਰਟੀ ਦੇ ਕੌਮੀ ਕਿਸਾਨ ਆਗੂ ਸੁਖਵਿੰਦਰਪਾਲ ਸਿੰਘ ਗਰੇਵਾਲ ਅੱਜ ਉਚੇਚੇ ਤੌਰ ’ਤੇ ‘ਰੋਜ਼ਾਨਾ ਸਪੋਕਸਮੈਨ’ ਦੇ ਦਫ਼ਤਰ ਵਿਖੇ ਪੁੱਜੇ। ਸਪੋਕਸਮੈਨ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਸਪੱਸ਼ਟ ਕਿਹਾ ਕਿ ਹੁਣ ਪੰਜਾਬ ਵਿਚ ਬੀਜੇਪੀ ਦੇ ਦਿਨ ਬਦਲਣ ਦਾ ਸਮਾਂ ਆ ਗਿਆ ਹੈ। ਨਰਿੰਦਰ ਮੋਦੀ ਦੇ ਦੁਬਾਰਾ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਲਈ ਰਵਾਨਾ ਹੋ ਰਹੇ ਗਰੇਵਾਲ ਨੇ ਕਿਹਾ ਕਿ ਪਾਰਟੀ ਹੁਣ ਪੰਜਾਬ ਵਿਚ ਮਜ਼ਬੂਤੀ ਉਤੇ ਕੇਂਦਰਿਤ ਹੋਵੇਗੀ।
Niel Bhalinder Singh
ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਵਲੋਂ ਚੋਣ ਜ਼ਾਬਤਾ ਹਟਦਿਆਂ ਹੀ ਕੀਤੇ ਗਏ ਬਿਜਲੀ ਦਰਾਂ ਵਿਚ ਵਾਧੇ ਦੀ ਸਖ਼ਤ ਨਿਖੇਧੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਬੀਜੇਪੀ ਕੇਂਦਰ ਵਿਚ ਪੰਜਾਬ ਦੇ ਹੱਕਾਂ ਅਤੇ ਪੰਜਾਬ ਸਰਕਾਰ ਲਈ ਵਿੱਤੀ ਅਤੇ ਹੋਰ ਬਣਦੇ ਸਹਿਯੋਗ ਲਈ ਸਾਰਥਕ ਭੂਮਿਕਾ ਨਿਭਾਏਗੀ।