
ਦੋਸ਼ੀ ਵਿਰੁਧ ਧਾਰਾ 406 ਤੇ 420 ਤਹਿਤ ਮਾਮਲਾ ਦਰਜ
ਗੁਰਦਾਸਪੁਰ: ਪੁਰਾਣਾ ਸਾਲਾ ਪੁਲਿਸ ਨੇ ਭਾਰਤੀ ਫ਼ੌਜ ’ਚ ਭਰਤੀ ਕਰਵਾਉਣ ਦੇ ਨਾਂਅ ’ਤੇ 2 ਲੱਖ 50 ਹਜ਼ਾਰ ਦੀ ਠੱਗੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਠੱਗੀ ਕਰਨ ਵਾਲੇ ਦੋਸ਼ੀ ਦੀ ਪਹਿਚਾਣ ਬੂਟਾ ਸਿੰਘ ਪੁੱਤਰ ਉਜਾਗਰ ਸਿੰਘ ਨਿਵਾਸੀ ਪਿੰਡ ਮੁੰਨਣਕਲਾਂ ਦੇ ਰੂਪ ਵਿਚ ਹੋਈ ਹੈ। ਦੱਸ ਦਈਏ ਕਿ ਦੋਸ਼ੀ ਵਿਰੁਧ ਜਾਂਚ ਰਿਪੋਰਟ ਦੇ ਆਧਾਰ ’ਤੇ 5 ਮਈ ਨੂੰ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਉਸ ਸਮੇਂ ਦੋਸ਼ੀ ਫ਼ਰਾਰ ਸੀ।
Fraud
ਇਸ ਮਾਮਲੇ ਸਬੰਧੀ ਪੁਰਾਣਾ ਸਾਲਾ ਪੁਲਿਸ ਥਾਣੇ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਤਰਲੋਕ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਪੱਖੋਵਾਲ ਕੁਲੀਆ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿਤੀ ਸੀ ਕਿ ਦੋਸ਼ੀ ਬੂਟਾ ਸਿੰਘ ਨੇ ਉਸ ਦੇ ਲੜਕੇ ਜੋਬਨ ਸਿੰਘ ਨੂੰ ਫ਼ੌਜ ਵਿਚ ਭਰਤੀ ਕਰਵਾਉਣ ਦੇ ਨਾਂਅ ’ਤੇ 2 ਲੱਖ 50 ਹਜ਼ਾਰ ਰੁਪਏ ਲਏ ਸਨ।
Arrest
ਜਦ ਉਹ ਜੋਬਨ ਸਿੰਘ ਨੂੰ ਭਰਤੀ ਨਾ ਕਰਵਾ ਸਕਿਆ ਤਾਂ ਦੋਸ਼ੀ ਨੇ ਅਪਣਾ ਪੰਜ ਮਰਲਿਆਂ ਦੇ ਪਲਾਟ ਦਾ ਇਕਰਾਰਨਾਮਾ ਉਸ ਦੇ ਨਾਂਅ ਕਰ ਦਿਤਾ ਪਰ ਬਾਅਦ ਵਿਚ ਉਹ ਪਲਾਟ ਉਸ ਨੇ ਕਿਸੇ ਹੋਰ ਨੂੰ ਵੇਚ ਦਿਤਾ। ਇਸ ਤਰ੍ਹਾਂ ਦੋਸ਼ੀ ਨੇ ਉਸ ਨਾਲ 2 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕੀਤੀ। ਇਸ ਸਬੰਧੀ ਜਾਂਚ ਡੀਐਸਪੀ ਕਲਾਨੌਰ ਵਲੋਂ ਕੀਤੀ ਗਈ ਸੀ ਅਤੇ ਜਾਂਚ ਰਿਪੋਰਟ ਦੇ ਆਧਾਰ ’ਤੇ 5 ਮਈ ਨੂੰ ਦੋਸ਼ੀ ਦੇ ਵਿਰੁਧ ਧਾਰਾ 406 ਤੇ 420 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਪਰ ਉਸ ਸਮੇਂ ਦੋਸ਼ੀ ਫ਼ਰਾਰ ਸੀ। ਹੁਣ ਦੋਸ਼ੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।