ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗੀ ਸਦਨ ਦੀ ਕਾਰਵਾਈ
Punjab Vidhan Sabha Session: ਪਿਛਲੇ ਡੇਢ ਸਾਲ ਤੋਂ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਖੱਟੀਆਂ ਮਿੱਠੀਆਂ ਲਿਖਤੀ ਚਿੱਠੀਆਂ ਮਿਹਣੇ ਤਾਹਨੇ ਤੇ ਸਿਆਸੀ ਤਕਰਾਰ ਅਤੇ ਕੁੜੱਤਣ ਭਰੀ ਸ਼ਬਦਾਵਲੀ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਲੋਅ ਵਿਚ ਖ਼ਤਮ ਕਰਨ ਦੀ ਮਨਸਾ ਨਾਲ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ 5ਵਾਂ ਸਮਾਗਮ ਕਰੜੀ ਸੁਰੱਖਿਆ ਵਿਚ ਅੱਜ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋ ਰਿਹਾ ਹੈ।
ਸਪੀਕਰ ਦੀ ਮੰਜ਼ੂਰੀ ਨਾਲ ਵਿਧਾਨ ਸਭਾ ਸਕੱਤਰ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਹ ਇਜਲਾਸ 2 ਦਿਨ ਦਾ ਹੋਵੇਗਾ ਜਿਸ ਦੀ ਪਹਿਲੀ ਬੈਠਕ ਵਿਚ ਵਿਛੜੀਆਂ ਰੂਹਾਂ ਨੂੰ ਸਦਨ ਸ਼ਰਧਾਂਜਲੀਆਂ ਦੇਵੇਗਾ ਅਤੇ ਥੋੜ੍ਹੇ ਵਕਫ਼ੇ ਮਗਰੋਂ 2.30 ਵਜੇ ਬਕਾਇਦਾ ਕਾਰਵਾਈ ਸ਼ੁਰੂ ਹੋਵੇਗੀ ਜਿਸ ਵਿਚ ਪ੍ਰਸ਼ਨਕਾਲ ਧਿਆਨ ਦਿਵਾਊ ਮਤੇ ਅਤੇ ਬਿਲ ਵੀ ਪਾਸ ਕੀਤੇ ਜਾਣਗੇ। ਸ਼ਰਧਾਂਜਲੀਆਂ ਦੀ ਲਿਸਟ ਵਿਚ ਮੁੱਖ ਤੌਰ ’ਤੇ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਸੁਤੰਤਰਤਾ ਸੰਗਰਾਮੀਏ ਅਮਰ ਸਿੰਘ ਸੁਖੀਜਾ ਅਤੇ ਉਘੇ ਕ੍ਰਿਕਟ ਖਿਡਾਰੀ ਬਿਸ਼ਨ ਸਿੰਘ ਬੇਦੀ ਅਤੇ ਬੇਗ਼ਮ ਮੁਨਵਰ ਉਨ ਨਿਸ਼ਾ ਦੇ ਨਾਮ ਸ਼ਾਮਲ ਹਨ।
ਸਿਆਸੀ ਮਾਹਰਾਂ ਤੇ ਵਿਸ਼ਲੇਸ਼ਕਾਂ ਦਾ ਵਿਚਾਰ ਹੈ ਕਿ ਸਰਦ ਰੁੱਤ ਦੇ ਇਸ ਸਮਾਗਮ ਨਾਲ ਕਾਨੂੰਨੀ ਗੈਰ ਕਾਨੂੰਨੀ ਅਤੇ ਸੰਵਿਧਾਨਕ ਤੇ ਗ਼ੈਰ ਸੰਵਿਧਾਨਕ ਪੜਚੋਲ ਮੁੱਖ ਮੰਤਰੀ ਨੂੰ ਲੋਕਾਂ ਦਾ ਚੁਣਿਆ ਨੁਮਾਇੰਦਾ ਅਤੇ ਰਾਜਪਾਲ ਕੇਵਲ ਕੇਂਦਰ ਸਰਕਾਰ ਦਾ ਥੋਪਿਆ ਹੋਇਆ ਸੀਨੀਅਰ ਅਧਿਕਾਰੀ ਆਦਿ ਵਰਗੇ ਮੁੱਦਿਆਂ ’ਤੇ ਹੋਈ ਬਹਿਸ ਖ਼ਤਮ ਹੋ ਜਾਵੇਗੀ। ਪੰਜਾਬ ਦੇ ਲੋਕਾਂ ਦੀ ਭਲਾਈ ਦੇ ਕੰਮ ਵਲ ਹੁਣ ਧਿਆਨ ਵੱਧ ਜਾਵੇਗਾ। ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਤੋਂ ਜਾਣਕਾਰੀ ਮਿਲਦੀ ਹੈ ਕਿ ਵਿਰੋਧੀ ਧਿਰ ਕਾਂਗਰਸ ਦੇ ਵਿਧਾਨ ਸਭਾ ਵਿਚ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਲਿਖੀ ਚਿੱਠੀ ਵਿਚ ਮੰਗ ਕੀਤੀ ਹੈ ਕਿ ਇਸ 2 ਦਿਨਾਂ ਇਜਲਾਸ ਨੂੰ ਵਧਾ ਕੇ 10 ਦਿਨ ਦਾ ਕੀਤਾ ਜਾਵੇ।
ਬਾਜਵਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦੇ ਭਖਦੇ ਮਸਲਿਆਂ, ਨਸ਼ਾਖੋਰੀ, ਕਾਨੂੰਨ ਵਿਵਸਥਾ ਵਿਚ ਨਿਘਾਰ, ਰੇਤ ਬਜਰੀ ਦੇ ਮਾਫ਼ੀਏ ਨੂੰ ਕੰਟਰੋਲ ਕਰਨ, ਕਿਸਾਨਾਂ ਸਰਕਾਰੀ ਮੁਲਾਜ਼ਮਾਂ ਦੀ ਤਨਖ਼ਾਹਾਂ ਪੈਨਸ਼ਨਾਂ, ਡੀ.ਏ. ਦੀਆਂ ਕਿਸ਼ਤਾਂ ਅਤੇ ਬੇਰੁਜ਼ਗਾਰੀ ਸਮੇਤ ਨਵੀਂ ਭਰਤੀ ਅਤੇ ਕੇਂਦਰ ਸਰਕਾਰ ਦੀਆਂ ਵਿਕਾਸ ਸਕੀਮਾਂ ਤੇ ਰੋਕ ਤੇ ਵਿਸ਼ੇਸ਼ ਕਰ ਪੰਜਾਬ ਦੀ ਨਾਜ਼ੁਕ ਵਿੱਤੀ ਹਾਲਤ ’ਤੇ ਚਰਚਾ ਬਹੁਤ ਜ਼ਰੂਰੀ ਹੈ। ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਇਹ ਵੀ ਦਸਿਆ ਕਿ ਇਜਲਾਸ ਦੀਆਂ ਬੈਠਕਾਂ ਵਧਾਉਣ ਵਾਸਤੇ ਮੁੱਦਾ ਬਿਜਨੈਸ ਸਲਾਹਕਾਰ ਕਮੇਟੀ ਦੀ ਬੈਠਕ ਵਿਚ ਵਿਚਾਰਿਆ ਜਾਵੇਗਾ।
ਇਹ ਬੈਠਕ ਅੱਜ 11.30 ਵਜੇ ਹੋਵੇਗੀ। ਇਸ ਵਿਚ ਸਪੀਕਰ ਸ. ਸੰਧਵਾਂ, ਵਿੱਤ ਮੰਤਰੀ ਹਰਪਾਲ ਚੀਮਾ, ਸੰਸਦੀ ਮਾਮਲਿਆਂ ਦੇ ਮੰਤਰੀ ਬਲਕਾਰ ਸਿੰਘ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਸ਼ੇਸ਼ ਤੌਰ ’ਤੇ ਬੁਲਾਏ ਵਿਧਾਇਕ ਅਕਾਲੀ ਦਲ ਦੇ ਡਾ. ਸੁਖਵਿੰਦਰ ਸੁੱਖੀ, ਬੀਜੇਪੀ ਦੇ ਜੰਗੀ ਲਾਲ ਮਹਾਜਨ ਅਤੇ ਬੀ.ਐਸ.ਪੀ. ਦੇ ਨਛੱਤਰ ਪਾਲ ਸ਼ਾਮਲ ਹੋਣਗੇ। ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਇਕ ਦੋ ਧਿਆਨ ਦਿਵਾਊ ਨੋਟਿਸਾਂ ਤੋਂ ਇਲਾਵਾ ਵਿੱਤੀ ਸਾਲ 2023-24 ਦੀ ਪਹਿਲੇ 3 ਮਹੀਨੇ ਦੀ ਰੀਪੋਰਟ ਸੂਬੇ ਦੀ ਅਨਾਜ ਖ਼ਰੀਦ ਨਿਗਮ ਦੀ 14ਵੀਂ ਸਾਲਾਨਾ ਰੀਪੋਰਟ ਅਤੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਦੀ ਰੀਪੋਰਟ ਵੀ ਪੇਸ਼ ਕੀਤੀ ਜਾਵੇਗੀ। ਪਾਸ ਕੀਤੇ ਜਾਣ ਵਾਲੇ 5 ਬਿਲਾਂ ਵਿਚ ਪਹਿਲੇ ਦਿਨ, ਜੀ.ਐਸ.ਟੀ. ਸੋਧਨਾ ਬਿਲ, 2023 ਅਤੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ ਸੋਧਨ ਬਿਲ ਸ਼ਾਮਲ ਹਨ।
(For more news apart from Punjab Vidhan Sabha Session Today, stay tuned to Rozana Spokesman)