
ਜੇ ਕੇਂਦਰ ਆਗਿਆ ਲੈ ਦੇਵੇ ਤਾਂ ਪੰਜਾਬ ਸਰਕਾਰ ਇਮਾਰਤ ਦਾ ਮੁੜ ਨਿਰਮਾਣ ਕਰਨ ਲਈ ਤਿਆਰ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰੋਵਾਲ ਵਿਖੇ ਸਦੀਆਂ ਪੁਰਾਣੇ ਗੁਰੂ ਨਾਨਕ ਪੈਲਸ ਨੂੰ ਢਾਹੁਣ ਦੀ ਜਾਂਚ ਕਰਵਾਉਣ ਵਾਸਤੇ ਪਾਕਿਸਤਾਨ ਸਰਕਾਰ 'ਤੇ ਦਬਾਅ ਪਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਇਸ ਵਾਸਤੇ ਕੇਂਦਰ ਸਰਕਾਰ ਪਾਕਿਸਤਾਨ ਤੋਂ ਆਗਿਆ ਲੈ ਦੇਵੇ ਤਾਂ ਉਨ੍ਹਾਂ ਦੀ ਸਰਕਾਰ ਇਸ ਇਮਾਰਤ ਦੇ ਮੁੜ ਨਿਰਮਾਣ ਲਈ ਤਿਆਰ ਹੈ।
ਪਾਕਿਸਤਾਨ ਦੇ ਪੰਜਾਬ ਵਿੱਚ ਸਿੱਖ ਵਿਰਾਸਤੀ ਜਾਇਦਾਦ ਨੂੰ ਢਾਹੁਣ ਵੱਲ ਮੋਦੀ ਦਾ ਧਿਆਨ ਦਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਲਿਖੇ ਇੱਕ ਪੱਤਰ ਵਿਚ ਬੇਨਤੀ ਕੀਤੀ ਹੈ ਕਿ ਉਹ ਇਸ ਜਾਇਦਾਦ ਨੂੰ ਢਾਹੁਣ ਸਬੰਧੀ ਜਾਂਚ ਕਰਵਾਉਣ ਦਾ ਮਾਮਲਾ ਪਾਕਿਸਤਾਨ ਸਰਕਾਰ ਕੋਲ ਉਠਾਉਣ ਅਤੇ ਇਸ ਮੰਦਭਾਗੇ ਕਾਰਜ ਨਾਲ ਸਬੰਧਤ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ।
ਵਿਗਿਆਨਕ ਢੰਗ ਨਾਲ ਸਾਂਭ ਸੰਭਾਲ ਅਤੇ ਬਹਾਲੀ ਦੇ ਰਾਹੀਂ ਇਸ ਇਮਾਰਤ ਦੀ ਮੁੜ ਸਥਾਪਤੀ ਲਈ ਤੁਰੰਤ ਕਦਮ ਚੁਕਣ ਦੀ ਗੱਲ ਆਖਦੇ ਹੋਏ ਮੁੱਖ ਮੰਤਰੀ ਨੇ ਸਿੱਖ ਵਿਰਾਸਤ ਨਾਲ ਸਬੰਧਤ ਸਾਰੀਆਂ ਸਮਾਰਕਾਂ ਦੀ ਸੰਭਾਲ ਲਈ ਪਾਕਿਸਤਾਨ ਸਰਕਾਰ 'ਤੇ ਜ਼ੋਰ ਪਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਅਜਿਹੀਆਂ ਇਮਾਰਤਾਂ ਨੂੰ ਸੰਸਥਾਈ ਤਰੀਕੇ ਨਾਲ ਸੰਭਾਲਣ ਲਈ ਕਿਹਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਣ।
ਬਾਅਦ ਵਿਚ ਮੁੱਖ ਮੰਤਰੀ ਨੇ ਇੱਕ ਪ੍ਰੈਸ ਬਿਆਨ ਵਿਚ ਕਿਹਾ ਕਿ ਜੇ ਭਾਰਤ ਸਰਕਾਰ ਪਾਕਿਸਤਾਨ ਸਰਕਾਰ ਤੋਂ ਇਜਾਜ਼ਤ ਲੈ ਦੇਵੇ ਤਾਂ ਪੰਜਾਬ ਸਰਕਾਰ ਇਸ ਇਤਿਹਾਸਕ ਇਮਾਰਤ ਦਾ ਮੁੜ ਨਿਰਮਾਣ ਕਰੇਗੀ। ਇਸ ਘਟਨਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਸ ਨਾਲ ਦੁਨੀਆ ਭਰ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਢਾਹ ਲੱਗੀ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਅਰਧ ਸਰਕਾਰੀ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕੁਝ ਮੀਡੀਆ ਰਿਪੋਰਟਾਂ ਅਨੁਸਾਰ ਇਹ ਇਮਾਰਤ ਤਕਰੀਬਨ ਚਾਰ ਸਦੀਆਂ ਪੁਰਾਣੀ ਹੈ ਅਤੇ ਇਥੇ ਵੱਡੀ ਗਿਣਤੀ ਸਿੱਖ ਸ਼ਰਧਾਲੂ ਜਾਂਦੇ ਰਹੇ ਹਨ। ਇਸ ਇਮਾਰਤ ਨੂੰ ਹੁਣ ਲਾਲਚੀਆਂ ਨੇ ਢਾਹ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਨੇ ਸੂਬੇ ਨੂੰ ਬਹੁਤ ਜ਼ਿਆਦਾ ਪੀੜਾ ਪਹੁੰਚਾਈ ਹੈ ਅਤੇ ਇਹ ਉਸ ਸਮੇਂ ਵਾਪਰੀ ਹੈ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ।