'ਆਪ' ਨੂੰ ਸਮਰਥਨ ਦੇਣ ਦੇ ਮੁੱਦੇ 'ਤੇ ਪੰਜਾਬ ਕਾਂਗਰਸ ਨੇ ਧਾਰੀ ਚੁੱਪੀ, ਹਾਈਕਮਾਨ ਸਿਰ ਛਡਿਆ ਫ਼ੈਸਲਾ
ਮੋਹਾਲੀ : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਨੇ ਅੱਜ ਦਿੱਲੀ ਅਤੇ ਪੰਜਾਬ ਦੇ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਚਰਚਾ ਕੀਤੀ ਗਈ ਕਿ ਕੀ ਕਾਂਗਰਸ ਨੂੰ ਕੇਂਦਰ ਦੇ ਆਰਡੀਨੈਂਸ ਵਿਰੁਧ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਨਾ ਚਾਹੀਦਾ ਹੈ ਜਾਂ ਨਹੀਂ।
ਮੀਟਿੰਗ ਵਿਚ ਦਿੱਲੀ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਦਿੱਲੀ ਵਿਚ ‘ਆਪ’ ਨਾਲ ਕੋਈ ਗਠਜੋੜ ਨਹੀਂ ਹੋਣਾ ਚਾਹੀਦਾ।
ਇਸ ਦੇ ਨਾਲ ਹੀ ਆਗੂਆਂ ਨੇ ਦਿੱਲੀ ਦੇ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਸਬੰਧੀ ਕੇਂਦਰ ਦੇ ਆਰਡੀਨੈਂਸ ਵਿਰੁਧ ‘ਆਪ’ ਦਾ ਸਮਰਥਨ ਕਰਨ ਤੋਂ ਵੀ ਇਨਕਾਰ ਕਰ ਦਿਤਾ ਹੈ। ਹਾਲਾਂਕਿ ਆਗੂਆਂ ਨੇ ਫ਼ੈਸਲਾ ਕੀਤਾ ਹੈ ਕਿ ਅੰਤਮ ਫ਼ੈਸਲਾ ਹਾਈਕਮਾਨ ਹੀ ਕਰੇਗੀ। ਕਾਂਗਰਸ ਹਾਈਕਮਾਨ ਨਾਲ ਮੀਟਿੰਗ ਬਾਰੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਅਸੀਂ ਵੱਖ-ਵੱਖ ਮੁਦਿਆਂ 'ਤੇ ਅਪਣੇ ਵਿਚਾਰ ਰੱਖੇ ਹਨ, ਆਖ਼ਰੀ ਫ਼ੈਸਲਾ ਹਾਈਕਮਾਨ ਦਾ ਹੀ ਹੋਵੇਗਾ।
ਇਹ ਵੀ ਪੜ੍ਹੋ: ਕਰਨਾਟਕ: ਕਾਰ ਅਤੇ ਬੱਸ ਵਿਚਾਲੇ ਟੱਕਰ; ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਜਿਥੇ ਵਿਚਾਰਕ ਮਤਭੇਦ ਹੋਣ ਉਥੇ ਗਠਜੋੜ ਨਹੀਂ ਹੋ ਸਕਦਾ : ਨਵਜੋਤ ਸਿੰਘ ਸਿੱਧੂ
ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੀਟਿੰਗ ਵਿਚ ਜੋ ਹੋਇਆ ਉਹ ਗੁਪਤ ਹੈ ਅਤੇ ਉਸ ਬਾਰੇ ਕਾਂਗਰਸ ਪ੍ਰਧਾਨ ਜਾਂ ਰਾਹੁਲ ਗਾਂਧੀ ਹੀ ਗੱਲ ਕਰ ਸਕਦੇ ਹਨ। ਇਸ ਲਈ ਮੀਟਿੰਗ ਬਾਰੇ ਕੁਝ ਨਹੀਂ ਕਹਾਂਗਾ ਪਰ ਇਕ ਭਾਰਤੀ ਹੋਣ ਨਾਤੇ ਮੌਜੂਦਾ ਹਾਲਾਤ ਬਾਰੇ ਜ਼ਰੂਰ ਟਿਪਣੀ ਕਰਾਂਗਾ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦਾ ਸੰਵਿਧਾਨ ਮੇਰੇ ਲਈ ਪਵਿੱਤਰ ਗ੍ਰੰਥ ਹੈ ਤੇ ਮੈਂ ਉਸ ਤੋਂ ਪ੍ਰੇਰਨਾ ਲੈਂਦਾ ਹਾਂ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਮੁੱਲ ਹੀ ਸੰਸਥਾਵਾਂ ਨੂੰ ਤਾਕਤ ਦਿੰਦੇ ਹਨ ਤਾਂ ਹੀ ਸਰਕਾਰਾਂ ਜਨਤਾ ਦੀ ਭਲਾਈ ਕਰ ਸਕਦੀਆਂ ਹਨ ਪਰ ਮੌਜੂਦਾ ਸਮੇਂ ਵਿਚ ਸੰਵਿਧਾਨਕ ਮੁੱਲ ਸਭ ਤੋਂ ਹੇਠਲੇ ਪਧਰ 'ਤੇ ਹਨ।
ਪਹਿਲਵਾਨਾਂ ਦੇ ਹੱਕ ਵਿਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਦੀ ਸ਼ਾਨ ਵਧਾਉਣ ਵਾਲੀਆਂ ਖਿਡਾਰਨਾਂ ਨੂੰ ਸੜਕਾਂ 'ਤੇ ਬੇਇਜ਼ਤ ਕੀਤਾ ਜਾ ਰਿਹਾ ਹੈ ਪਰ ਜਿਸ ਵਿਰੁਧ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਗਈ ਹੈ ਉਸ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਵੀ ਨਹੀਂ ਕੀਤੀ ਗਈ। ਇਸ ਤਰ੍ਹਾਂ ਕਰ ਕੇ ਸਿਰਫ਼ ਸੰਵਿਧਾਨ ਦਾ ਨਿਰਾਦਰ ਨਹੀਂ ਕੀਤਾ ਜਾ ਰਿਹਾ ਸਗੋਂ ਸੰਘੀ ਢਾਂਚੇ ਨੂੰ ਵੀ ਢਹਿ-ਢੇਰੀ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਨੌਕਰੀ ਦਿਵਾਉਣ ਦਾ ਵਾਅਦਾ ਕਰ ਦੁਬਈ ਬੁਲਾ ਕੇ ਲੜਕੀ ਨਾਲ ਕੀਤੀ ਕੁੱਟਮਾਰ, ਫਿਰ ਮਸਕਟ 'ਚ ਵੇਚਿਆ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਲੇ ਕਾਨੂੰਨ ਇਸ ਗੱਲ ਦਾ ਸਬੂਤ ਹਨ ਕਿ ਇਨ੍ਹਾਂ ਨੇ ਅੰਨਦਾਤਾ ਤੋਂ ਕਾਨੂੰਨੀ ਹੱਕ ਵੀ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਵਿਰੁਧ ਹੋਣ ਵਾਲੀ ਹਰ ਗਤੀਵਿਧੀ ਦਾ ਮੈਂ ਡਟ ਕੇ ਵਿਰੋਧ ਕਰਦਾ ਹਾਂ। ਮੈਂ ਸੰਵਿਧਾਨ ਦੇ ਨਾਲ ਖੜ੍ਹਾ ਹਾਂ ਅਤੇ ਹਰ ਕਿਸੇ ਨੂੰ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸੰਵਿਧਾਨ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਇਕ ਪਾਰਟੀ ਦੀ ਸੁਣੀ ਜਾ ਰਹੀ ਹੈ, ਜਦੋਂ ਲੋਕਤੰਤਰੀ ਸਿਧਾਂਤ ਹੀ ਨਾ ਰਹਿਣ ਤਾਂ ਲੋਕਾਂ ਦੀ ਤਾਕਤ ਲੋਕਾਂ ਤਕ ਕਿਵੇਂ ਪਹੁੰਚ ਸਕਦੀ ਹੈ? ਉਹ ਸਿਰਫ਼ ਕੁਝ ਲੋਕਾਂ ਤਕ ਹੀ ਸੀਮਤ ਰਹਿ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸਾਰੇ ਸੂਬੇ ਮਿਲ ਕੇ ਇਕ ਅਖੰਡ ਭਾਰਤ ਦਾ ਨਿਰਮਾਣ ਕਰਦੇ ਹਨ ਪਰ ਜਦੋਂ ਇਕ ਸੂਬੇ ਨੂੰ ਕਮਜ਼ੋਰ ਕੀਤਾ ਜਾਵੇ ਤਾਂ ਹਿੰਦੁਸਤਾਨ ਕਮਜ਼ੋਰ ਹੋ ਜਾਂਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਿਨ੍ਹਾਂ ਵਲੋਂ ਵੋਟ ਕਰਨ 'ਤੇ ਸਰਕਾਰਾਂ ਬਣਦੀਆਂ ਹਨ ਅੱਜ ਓਹੀ ਜਨਤਾ ਸੜਕਾਂ 'ਤੇ ਭਟਕ ਰਹੀ ਹੈ। ਇਸ ਲਈ ਸਭ ਸੱਚ ਜਾਣਦੇ ਹੋਏ ਵੀ ਉਸ 'ਤੇ ਅਮਲ ਨਾ ਕਰਨਾ ਕਾਇਰਤਾ ਦੀ ਨਿਸ਼ਾਨੀ ਹੈ। ਗਠਜੋੜ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਜਿਥੇ ਵਿਚਾਰਕ ਮਤਭੇਦ ਹੋਣ ਉਥੇ ਗਠਜੋੜ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਸੱਚ ਦੇ ਰਸਤੇ 'ਤੇ ਚੱਲਦਾ ਹਾਂ ਤੇ ਕਿਸੇ ਨਾਲ ਵੀ ਸਮਝੌਤਾ ਨਹੀਂ ਕਰਦਾ। ਸਿੱਧੂ ਦਾ ਕਹਿਣਾ ਹੈ ਕਿ ਉਹ ਅਨੁਸ਼ਾਸਨ ਤੋਂ ਬਾਹਰ ਨਹੀਂ ਜਾਣਗੇ ਪਰ ਅਪਣੀ ਰੂਹ ਦੀ ਆਵਾਜ਼ ਦੁਨੀਆਂ ਤਕ ਜ਼ਰੂਰ ਪਹੁੰਚਾਉਣਗੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ 30 ਜੂਨ ਤਕ ਹੜ੍ਹ ਰੋਕੂ ਪ੍ਰਬੰਧ ਮੁਕੰਮਲ ਕਰਨ ਅਤੇ ਜਲ ਸਰੋਤਾਂ ਦੀ ਸਫ਼ਾਈ ਕਰਨ ਦੇ ਦਿਤੇ ਹੁਕਮ
ਉਮੀਦ ਹੈ ਹਾਈਕਮਾਨ ਸਾਡੀ ਰਾਏ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਲਵੇਗੀ: ਰਾਜਾ ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅੰਤਮ ਫ਼ੈਸਲਾ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਹੋਵੇਗਾ। ਇਸ ਸਬੰਧੀ ਪੰਜਾਬ ਇਕਾਈ ਦੀ ਰਾਏ ਜਾਣਨ ਲਈ ਉਨ੍ਹਾਂ ਨੂੰ ਸਦਿਆ ਗਿਆ ਸੀ ਅਤੇ ਪੰਜਾਬ ਕਾਂਗਰਸ ਨੇ ਅਪਣੀ ਗੱਲ ਰੱਖੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਉਹ ਪਾਰਟੀ ਦੀ ਅੰਦਰੂਨੀ ਮੀਟਿੰਗ ਦੀਆਂ ਗੱਲਾਂ ਦਸਣਗੇ ਤਾਂ ਇਹ ਪਾਰਟੀ ਦੇ ਹਿੱਤ ਵਿਚ ਨਹੀਂ ਹੋਵੋਗਾ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਾਂਗਰਸ ਕਾਈਕਮਾਨ ਪੰਜਾਬ ਕਾਂਗਰਸ ਦੀ ਰਾਏ ਨੂੰ ਧਿਆਨ ਵਿਚ ਰੱਖ ਕੇ ਹੀ ਫ਼ੈਸਲਾ ਲਵੇਗੀ।
ਕਾਂਗਰਸ ਆਗੂਆਂ ਵਿਰੁਧ ਹੋ ਰਹੇ ਪਰਚਿਆਂ ਸਬੰਧੀ ਸਵਾਲ ਦੇ ਜਵਾਬ ’ਚ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਪਰਚਿਆਂ ਤੋਂ ਨਹੀਂ ਡਰਦੀ। ਜੇਕਰ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋ ਸਕਦੀ ਹੈ ਤਾਂ ਕਾਂਗਰਸ ਦਾ ਕੋਈ ਵੀ ਆਗੂ ਜੇਲ ਜਾਣ ਲਈ ਤਿਆਰ ਹੈ। ਜੇਕਰ ਕਾਂਗਰਸ ਪਰਚਿਆਂ ਤੋਂ ਡਰਦੀ ਹੁੰਦੀ ਤਾਂ ਅੰਗਰੇਜ਼ਾਂ ਨਾਲ ਨਾ ਲੜਦੀ। ਇਨ੍ਹਾਂ ਪਰਚਿਆਂ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ।
ਇਹ ਵੀ ਪੜ੍ਹੋ: ਮਾਊਂਟ ਐਵਰੈਸਟ ਦੀ ਚੜ੍ਹਾਈ ਦੀ 70ਵੀਂ ਵਰ੍ਹੇਗੰਢ ਮੌਕੇ ਕੀਤਾ ਗਿਆ ਦਰਜਨਾਂ ਪਰਬਤਾਰੋਹੀਆਂ ਦਾ ਸਨਮਾਨ
ਪੰਜਾਬ ਕਾਂਗਰਸ ਨੇ ਹਾਈਕਮਾਨ ਸਾਹਮਣੇ ਅਪਣੀ ਗੱਲ ਰੱਖੀ: ਹਰੀਸ਼ ਚੌਧਰੀ
ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਕਾਂਗਰਸ ਨੇ ਹਾਈਕਮਾਨ ਸਾਹਮਣੇ ਅਪਣੀ ਗੱਲ ਰੱਖੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਅੰਦਰੂਨੀ ਚਰਚਾ ਨੂੰ ਜਨਤਕ ਨਹੀਂ ਕੀਤਾ ਜਾ ਸਕਦਾ, ਇਹ ਸਾਡੀ ਪਰੰਪਰਾ ਨਹੀਂ ਹੈ। ਜੋ ਵੀ ਫ਼ੈਸਲਾ ਹੋਵੇਗਾ, ਉਸ ਸਬੰਧੀ ਵੇਰਵੇ ਪਾਰਟੀ ਦੇ ਬੁਲਾਰੇ ਵਲੋਂ ਸਾਂਝੇ ਕੀਤੇ ਜਾਣਗੇ। ਪਹਿਲਵਾਨਾਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਕਾਰਵਾਈ ਬੇਹੱਦ ਨਿੰਦਣਯੋਗ ਹੈ।