ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਤਕ ਪਹੁੰਚ ਕਰਨ ਦਾ ਐਲਾਨ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋਏ ਟਕਸਾਲੀ ਅਕਾਲੀ ਆਗੂਆਂ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋਣ ਬਾਅਦ ਦੋਵਾਂ ਧਿਰਾਂ ਵਿਚਾਲੇ ਸੁਲਾਹ-ਸਫ਼ਾਈ ਦੇ ਸਾਰੇ ਰਸਤੇ ਫਿਲਹਾਲ ਬੰਦ ਹੁੰਦੇ ਜਾਪ ਰਹੇ ਹਨ। ਦੋਵੇਂ ਧਿਰਾਂ ਇਕ ਦੂਜੇ ਸਿਰ ਭਾਜਪਾ ਨਾਲ ਸਾਂਝ-ਭਿਆਲੀ ਦੇ ਦੋਸ਼ ਮੜ੍ਹ ਰਹੀਆਂ ਹਨ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ 'ਤੇ ਸਿਆਸੀ ਨਿਸ਼ਾਨੇ ਸਾਧਦਿਆਂ ਕਈ ਅਹਿਮ ਖੁਲਾਸੇ ਕੀਤੇ ਹਨ।
ਬ੍ਰਹਮਪੁਰਾ ਦਾ ਕਹਿਣਾ ਹੈ ਕਿ ਭਾਜਪਾ ਨਾਲ ਸਾਡੀ ਸਾਂਝ ਨਹੀਂ ਬਲਕਿ ਸੁਖਦੇਵ ਸਿੰਘ ਢੀਂਡਸਾ ਦੀ ਹੈ, ਜਿਨ੍ਹਾਂ ਨੂੰ ਭਾਜਪਾ ਨੇ ਹੀ ਬਾਦਲਾਂ ਨੂੰ ਨੁਕਰੇ ਲਾਉਣ ਲਈ ਅੰਤਰਖ਼ਾਤੇ ਹਮਾਇਤ ਦਿਤੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਜਾਰੀ ਕੀਤੇ ਗਏ ਆਰਡੀਨੈਂਸਾਂ ਨੂੰ ਲੈ ਕੇ ਬਾਦਲ ਮੱਗਰਮੱਛ ਦੇ ਹੰਝੂ ਵਹਾ ਰਹੇ ਹਨ ਜਦਕਿ ਆਰਡੀਨੈਂਸ ਨੂੰ ਪਾਸ ਕਰਨ ਵੇਲੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਦੀ ਖੁਲ੍ਹ ਕੇ ਹਮਾਇਤ ਕਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਾਂਗਰਸ ਅਤੇ ਬਾਦਲਾਂ ਦੇ ਗਠਜੋੜ ਤੋਂ ਮੁਕਤੀ ਦਿਵਾਉਣ ਲਈ ਤੀਜੇ ਮੋਰਚੇ ਦੀ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਤੀਜੇ ਮੋਰਚੇ ਦੀ ਸਥਾਪਨਾ ਸਬੰਧੀ ਆਮ ਆਦਮੀ ਪਾਰਟੀ, ਖਹਿਰਾ ਗਰੁੱਪ ਅਤੇ ਬੈਂਸ ਭਰਾ ਮੇਰੇ ਸੰਪਰਕ 'ਚ ਹਨ। ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਕੇ ਅਕਾਲੀ ਦਲ ਟਕਸਾਲੀ 'ਚ ਆਉਣਾ ਚਾਹੁਣ ਤਾਂ ਅਸੀਂ ਨੰਗੇ ਪੈਰੀ ਜਾ ਕੇ ਉਨ੍ਹਾਂ ਨੂੰ ਚੁਕ ਕੇ ਲੈ ਆਵਾਂਗੇ।
ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਲੋਕ ਸਭਾ, ਵਿਧਾਨ ਸਭਾ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੰਜ ਸਾਲਾਂ ਬਾਅਦ ਕਰਵਾਈਆਂ ਜਾ ਸਕਦੀਆਂ ਹਨ ਤਾਂ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਇੰਨੇ ਸਾਲਾਂ ਤੋਂ ਕਿਉਂ ਲਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਛੇਤੀ ਕਰਵਾਉਣ ਸਬੰਧੀ ਅਕਾਲੀ ਦਲ ਟਕਸਾਲੀ ਦਾ ਵਫ਼ਦ ਛੇਤੀ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾਵੇਗਾ।
ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਅਪਣੀਆਂ ਕਰਤੂਤਾਂ ਕਾਰਨ ਪਤਾ ਚੱਲ ਚੁੱਕਾ ਹੈ ਕਿ ਉਨ੍ਹਾਂ ਦੀ ਸ਼੍ਰੋਮਣੀ ਕਮੇਟੀ ਚੋਣਾਂ 'ਚ ਹਾਰ ਤੈਅ ਹੈ, ਇਸ ਕਾਰਨ ਉਹ ਕੇਂਦਰੀ ਗ੍ਰਹਿ ਮੰਤਰੀ 'ਤੇ ਦਬਾਅ ਬਣਾ ਕੇ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਟਾਲਦੇ ਆ ਰਹੇ ਹਨ। ਸੌਧਾ ਸਾਧ ਨੂੰ ਪੋਸ਼ਾਕ ਦੇਣ ਬਾਰੇ ਸੁਖਬੀਰ ਬਾਦਲ 'ਤੇ ਲੱਗ ਰਹੇ ਇਲਜ਼ਾਮਾਂ ਸਬੰਧੀ ਉਨ੍ਹਾਂ ਕਿ ਇਹ ਬੜਾ ਗੰਭੀਰ ਮਾਮਲਾ ਹੈ, ਜਿਸ ਦੀ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।