
ਸਮਾਜ ਵਿੱਚ ਪਾਰਦਰਸ਼ਤਾ, ਜਵਾਬਦੇਹੀ, ਇਮਾਨਦਾਰੀ ਅਤੇ ਸੱਚਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿਜੀਲੈਂਸ ਬਿਊਰੋ ਵਲੋਂ...
ਚੰਡੀਗੜ੍ਹ (ਸਸਸ) : ਸਮਾਜ ਵਿੱਚ ਪਾਰਦਰਸ਼ਤਾ, ਜਵਾਬਦੇਹੀ, ਇਮਾਨਦਾਰੀ ਅਤੇ ਸੱਚਾਈ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਲਈ 'ਵਿਜੀਲੈਂਸ ਜਾਗਰੂਕਤਾ ਸਪਤਾਹ' ਸੂਬੇ ਭਰ ਵਿੱਚ 29 ਅਕਤੂਬਰ ਤੋਂ 3 ਨਵੰਬਰ ਤੱਕ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ, ਬੀ.ਕੇ. ਉੱਪਲ, ਏ.ਡੀ.ਜੀ.ਪੀ-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਨੇ ਕਿਹਾ
ਕਿ ਇਸ ਪਹਿਲਕਦਮੀ ਦਾ ਉਦੇਸ਼ ਲੋਕਾਂ ਦਰਮਿਆਨ ਜਾਗਰੂਕਤਾ ਫੈਲਾਉਣਾ ਹੈ ਕਿ ਉਹ ਸਮਾਜ ਵਿਚੋਂ ਭ੍ਹਿਸ਼ਟਾਚਾਰ ਦੀ ਸਮੱਸਿਆ ਨੂੰ ਉਖਾੜਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਨ। ਭ੍ਰਿਸ਼ਟਾਚਾਰ ਮੁਕਤ ਰਾਜ ਦੀ ਸਿਰਜਣਾ ਲਈ ਇਸ ਜਾਗਰੂਕਤਾ ਸਪਤਾਹ ਦੌਰਾਨ ਸਾਡਾ ਜਿੰਮਾ ਇਸ ਮੁਹਿੰਮ ਵਿਚ ਲੋਕਾਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰਨ ਦੇ ਨਾਲ ਨਾਲ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੀ ਰੋਕਥਾਮ ਸਬੰਧੀ ਉਪਾਅ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕਰਨਾ ਹੋਵੇਗਾ
ਤਾਂ ਜੋ ਪਾਰਦਾਰਸ਼ਤਾ ਅਤੇ ਜਵਾਬਦੇਹੀ ਕਾਇਮ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਸਪਤਾਹ ਦਾ ਮੁੱਢਲਾ ਉਦੇਸ਼ 'ਭ੍ਰਿਸ਼ਟਾਚਾਰ ਦਾ ਖ਼ਾਤਮਾ -ਨਵੇਂ ਭਾਰਤ ਦੀ ਸਿਰਜਣਾ' ਵਿਸ਼ੇ ਤਹਿਤ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਸਿਰਜਣਾ ਕਰਨਾ ਹੈ ਜਿਸ ਦੀ ਕਿ ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਕਾਮਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲਈ ਲੋਕਾਂ ਦਰਮਿਆਨ ਜਾਗਰੂਕਤਾ ਨੂੰ ਇਕ ਕਾਰਗਰ ਅਤੇ ਠੋਸ ਉਪਰਾਲਾ ਮੰਨਦਿਆਂ ਇਸ ਤੇ ਪੂਰਾ ਜ਼ੋਰ ਦੇਣ ਦਾ ਫੈਸਲਾ ਕੀਤਾ ਹੈ।
ਅੱਜ ਵਿਜੀਲੈਂਸ ਜਾਗਰੂਕਤਾ ਸਪਤਾਹ ਦੀ ਸ਼ੁਰੂਆਤ ਮੌਕੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨਾਗੇਸਵਰਾ ਰਾਓ ਨੇ ਬਿਊਰੋ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਮਾਨਦਾਰੀ ਬਣਾਈ ਰੱਖਣ ਦਾ ਪ੍ਰਣ ਲਿਆ। ਉਨ੍ਹਾਂ ਸਮੂਹ ਅਮਲੇ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਵਿਜੀਲੈਂਸ ਦੇ ਲੰਬਿਤ ਪਏ ਕੇਸਾਂ ਦਾ ਜਲਦ ਨਬੇੜਾ ਕਰਨ ਲਈ ਕਿਹਾ। ਇਸੇ ਦੌਰਾਨ ਵਿਜੀਲੈਂਸ ਜਾਗਰੂਕਤਾ ਸਪਤਾਹ ਸਾਰੀਆਂ ਵਿਜੀਲੈਂਸ ਰੇਂਜਾਂ ਅਤੇ ਸਬ-ਡਵੀਜ਼ਨਾਂ ਵਿਚ ਵੀ ਆਯੋਜਿਤ ਕੀਤਾ ਗਿਆ
ਜਿਥੇ ਫੀਲਡ ਅਧਿਕਾਰੀਆਂ ਨੇ ਵਿਜੀਲੈਂਸ ਸਟਾਫ ਨੂੰ ਇਮਾਨਦਾਰੀ ਬਣਾਈ ਰੱਖਣ ਦੀ ਹਲਫ਼ ਚੁਕਾਈ। ਇਸ ਜਾਗਰੂਕਤਾ ਸਪਤਾਹ ਦੌਰਾਨ ਵਿੱਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਵਿਚ ਕਰਵਾਏ ਜਾਣ ਵਾਲੇ ਵਿਭਿੰਨ ਜਾਗਰੂਕਤਾ ਪ੍ਰੋਗਰਾਮਾਂ ਸਬੰਧੀ ਰੇਂਜਾਂ ਦੇ ਐਸ.ਐਸ.ਪੀਜ਼ ਵੱਲੋਂ ਰੂਪ-ਰੇਖਾ ਵੀ ਉਲੀਕੀ ਗਈ।