
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਅਧੀਨ ਭ੍ਰਿਸ਼ਟਾਚਾਰ, ਆਰਥਕ ਨਾਕਾਮੀ, ਅਸਮਰੱਥਾ ਅਤੇ ਸਮਾਜਕ ਵੰਡੀਆਂ ਵਧੀਆਂ ਹਨ...........
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਅਧੀਨ ਭ੍ਰਿਸ਼ਟਾਚਾਰ, ਆਰਥਕ ਨਾਕਾਮੀ, ਅਸਮਰੱਥਾ ਅਤੇ ਸਮਾਜਕ ਵੰਡੀਆਂ ਵਧੀਆਂ ਹਨ। ਉਨ੍ਹਾਂ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਸਰਕਾਰ ਦੇ 'ਅੱਛੇ ਦਿਨਾਂ' ਦੇ ਨਾਹਰੇ ਦਾ ਬਦਲ ਦੇਣ। ਸੰਸਦ ਭਵਨ ਵਿਚ ਕਾਂਗਰਸ ਪਾਰਲੀਮੈਂਟਰੀ ਪਾਰਟੀ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਸੱਤਾਧਿਰ ਵਿਰੁਧ ਲੋਕਾਂ ਦਾ ਗੁੱਸਾ ਵਧ ਰਿਹਾ ਹੈ ਅਤੇ ਪਾਰਟੀ ਦੇ ਸੰਸਦ ਮੈਂਬਰ ਮੋਦੀ ਦੇ 'ਅੱਛੇ ਦਿਨ' ਦੇ ਫੋਕੇ ਵਾਅਦੇ ਦਾ ਲੋਕਾਂ ਨੂੰ ਬਦਲ ਦੇਣ ਲਈ ਸਖ਼ਤ ਮਿਹਨਤ ਕਰਨ।
ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕ ਕਾਂਗਰਸ ਅਤੇ ਇਸ ਦੇ ਭਾਈਵਾਲਾਂ ਵਲ ਉਮੀਦ ਨਾਲ ਵੇਖ ਰਹੇ ਹਨ ਤਾਕਿ ਉਨ੍ਹਾਂ ਦਾ ਮੋਦੀ ਸਰਕਾਰ ਕੋਲੋਂ ਛੁਟਕਾਰਾ ਕਰਵਾ ਸਕਿਆ ਅਤੇ ਅਜਿਹੀ ਸਰਕਾਰ ਲਿਆਂਦੀ ਜਾ ਸਕੇ ਜਿਹੜੀ ਉਨ੍ਹਾਂ ਦੀਆਂ ਤਕਲੀਫ਼ਾਂ ਸੁਣੇ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਅਤੇ ਗ਼ਰੀਬੀ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਨਾਬਰਾਬਰੀ ਖ਼ਤਮ ਕਰਨ ਲਈ ਜੱਦੋਜਹਿਦ ਕਰੇ। ਰਾਹੁਲ ਨੇ ਕਿਹਾ, 'ਸਾਡੇ ਉਤੇ ਭਾਰੀ ਜ਼ਿੰਮੇਵਾਰੀ ਹੈ। ਇਕ ਪਾਸੇ ਜਮਹੂਰੀਅਤ ਅਤੇ ਸਮਾਜਕ ਨਿਆਂ ਦੀਆਂ ਤਾਕਤਾਂ ਹਨ ਤੇ ਦੂਜੇ ਪਾਸੇ ਤਾਨਾਸ਼ਾਹੀ ਅਤੇ ਸਮਾਜਕ ਅਰਾਜਕਤਾ ਦੀਆਂ।
ਨਫ਼ਰਤ, ਵੰਡੀਆਂ ਅਤੇ ਹਿੰਸਾ ਦੀਆਂ ਤਾਕਤਾਂ ਸੰਵਿਧਾਨ ਨੂੰ ਦਰੜ ਰਹੀਆਂ ਹਨ ਅਤੇ ਇਨ੍ਹਾਂ ਨੂੰ ਮੁੜ ਸੱਤਾ ਵਿਚ ਆਉਣ ਤੋਂ ਰੋਕਿਆ ਜਾਵੇ।' ਗਾਂਧੀ ਨੇ ਪਾਰਟੀ ਮੈਂਬਰਾਂ ਨੂੰ ਕਿਹਾ ਕਿ ਉਹ ਭਾਰਤੀ ਕਿਸਾਨਾਂ ਅਤੇ ਨੌਜਵਾਨਾਂ ਦੀਆਂ ਅੱਖਾਂ ਵਿਚ ਉਮੀਦਾਂ ਬਹਾਲ ਕਰਨ, ਕਰਜ਼ੇ ਅਤੇ ਮਹਿੰਗਾਈ ਹੇਠ ਪਿਸ ਰਹੇ ਪਰਵਾਰਾਂ ਨੂੰ ਰਾਹਤ ਦਿਵਾਉਣ ਅਤੇ ਔਰਤਾਂ ਤੇ ਦਲਿਤਾਂ ਦੀ ਹਿਫ਼ਾਜ਼ਤ ਯਕੀਨੀ ਬਣਾਉਣ।
ਉਨ੍ਹਾਂ ਕਿਹਾ, 'ਤੁਹਾਨੂੰ ਯਾਦ ਹੋਵੇਗਾ ਕਿ ਮੋਦੀ ਜੀ ਨੇ 2014 ਵਿਚ ਅੱਛੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ ਪਰ ਉਹ ਅੱਛੇ ਦਿਨ ਅੱਜ ਚਾਰ ਸਾਲਾਂ ਮਗਰੋਂ ਵੀ ਕਿਤੇ ਨਜ਼ਰ ਨਹੀਂ ਆ ਰਹੇ।' ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਤਬਦੀਲੀ ਮੰਗ ਰਹੇ ਹਨ ਅਤੇ ਹੁਣ ਮੋਦੀ ਜੀ ਦੀ ਜਾਦੂਮਈ ਟਰੇਨ ਉਨ੍ਹਾਂ ਨੂੰ ਹੋਰ ਮੂਰਖ ਨਹੀਂ ਬਣਾ ਸਕੇਗੀ ਅਤੇ ਇਸ ਟਰੇਨ ਦਾ ਬੁਰਾ ਹਾਦਸਾ ਹੋਣ ਵਾਲਾ ਹੈ। (ਪੀਟੀਆਈ)